Connect with us

Punjab

ਮੈਰੀਟੋਰੀਅਸ ਸਕੂਲਾਂ ‘ਚ 3 ਅਕਤੂਬਰ ਤੋਂ ਸ਼ੁਰੂ ਹੋਣਗੇ ਦਾਖਲੇ ਲਈ ਇਮਤਿਹਾਨ

Published

on


ਚੰਡੀਗੜ : ਪੰਜਾਬ ਸਰਕਾਰ ਨੇ ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲ਼ੇ ਵਾਸਤੇ ਇਮਤਿਹਾਨ 3 ਅਕਤੂਬਰ ਨੂੰ ਲੈਣ ਦਾ ਐਲਾਨ ਕੀਤਾ ਹੈ। ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਅਨੁਸਾਰ ‘ਸੁਸਾਇਟੀ ਫਾਰ ਕੁਆਲਟੀ ਐਜੂਕੇਸ਼ਨ ਫਾਰ ਪੂਅਰ ਐਂਡ ਮੈਰੀਟੋਰੀਅਰਸ ਸਟੂਡੈਂਟਸ ਪੰਜਾਬ’ ਵੱਲੋਂ 9ਵੀਂ ਤੋਂ 12ਵੀਂ ਵਿੱਚ ਦਾਖਲੇ ਲਈ ਇਮਤਿਹਾਨ 3 ਅਕਤੂਬਰ 2021 ਨੂੰ ਬਾਅਦ ਦੁਪਹਿਰ 2.30 ਵਜੋ ਤੋਂ 4.30 ਵਜੇ ਤੱਕ ਲਿਆ ਜਾਵੇਗਾ। ਬੁਲਾਰੇ ਅਨੁਸਾਰ ਵਿਦਿਆਰਥੀਆਂ ਦੇ ਰੋਲ ਨੰਬਰ ਅਤੇ ਇਮਤਿਹਾਨ ਸੈਂਟਰਾਂ ਦੀ ਸੂਚੀ ਛੇਤੀਂ ਹੀ ਵੈਬਸਾਈਟ . ’ਤੇ ਅੱਪਲੋਡ ਕਰ ਦਿੱਤੀ ਜਾਵੇਗੀ।


ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਗ਼ਰੀਬ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦੇਣ ਲਈ ਤਲਵਾੜਾ, ਅੰਮਿ੍ਰਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਸੰਗਰੂਰ, ਬਠਿੰਡਾ, ਫਿਰੋਜ਼ਪੁਰ, ਮੋਹਾਲੀ ਅਤੇ ਗੁਰਦਾਸਪੁਰ ਵਿਖੇ 10 ਮੈਰੀਟੋਰੀਅਰਸ ਸਕੂਲ ਚਲਾਏ ਜਾ ਰਹੇ ਹਨ। ਇਨਾਂ ਵਿਚੋਂ ਤਲਵਾੜਾ ਮੈਰੀਟੋਰੀਅਸ ਸਕੂਲ ਵਿਖੇ 9ਵੀਂ ਤੋਂ 12ਵੀਂ ਅਤੇ ਬਾਕੀ ਮੈਰੀਟੋਰੀਅਸ ਸਕੂਲਾਂ ਵਿੱਚ 11ਵੀਂ ਅਤੇ 12ਵੀਂ ਵਿੱਚ ਦਾਖਲੇ ਲਈ ਇਮਤਿਹਾਨ ਲਿਆ ਜਾਣਾ ਹੈ।

ਇਨਾਂ ਸਕੂਲਾਂ ਵਿੱਚ ਸਾਇੰਸ ਲੈਬ, ਰਿਹਾਇਸ਼ੀ ਸਟਾਫ ਕੁਆਰਟਰਾਂ,  ਲੜਕੀਆਂ ਤੇ ਲੜਕਿਆਂ ਦੇ ਵੱਖਰੇ ਹੋਸਟਲ ਅਤੇ ਖੁੱਲੇ ਖੇਡ ਮੈਦਾਨਾਂ ਦੀਆਂ ਸਹੂਲਤਾਂ ਹਨ। ਇਹ ਸਕੂਲ ਸ਼ਾਨਦਾਰ ਮੈੱਸ, ਸਮਾਰਟ ਕਲਾਸਰੂਮਾਂ ਅਤੇ ਬਹੁ-ਗਿਣਤੀ ਕਿਤਾਬਾਂ ਵਾਲੀਆਂ ਲਾਇਬ੍ਰੇਰੀਆਂ ਆਦਿ ਨਾਲ ਲੈਸ ਹਨ। ਇਨਾਂ ਦਾ ਉਦੇਸ਼ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣਾ ਅਤੇ ਭਵਿੱਖ ਵਾਸਤੇ ਉਹਨਾਂ ਨੂੰ ਤਿਆਰ ਕਰਨਾ ਹੈ।

ਬੁਲਾਰੇ ਅਨੁਸਾਰ ਇਨਾਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ, ਵਰਦੀ ਅਤੇ ਰਹਿਣ-ਸਹਿਣ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਮੁਕਾਬਲੇ ਵਾਲੇ ਇਮਤਿਹਾਨਾਂ ਲਈ ਫੀਸ ਵੀ ਸੁਸਾਇਟੀ  ਵਲੋਂ ਅਦਾ ਕੀਤੀ ਜਾਂਦੀ ਹੈ। ਸਕੂਲਾਂ ਵਿੱਚ ਸੁਰੱਖਿਅਤ ਵਾਤਾਵਰਣ ਮੁਹੱਈਆ ਕਰਾਉਣ ਲਈ ਪੂਰੇ ਕੈਂਪਸ ਵਿੱਚ ਢੁਕਵੀਂ ਸੁਰੱਖਿਆ ਤਾਇਨਾਤ ਕੀਤੀ ਗਈ ਹੈ।

ਨਿਯਮਿਤ ਪੜਾਈ ਤੋਂ ਇਲਾਵਾ ਇਨਾਂ ਸਕੂਲਾਂ ਵਿੱਚ ਜੇ.ਈ.ਈ., ਐਨ.ਈ.ਈ.ਟੀ., ਜੀ.ਐਲ.ਏ.ਟੀ.ਆਰ. ਆਦਿ ਦੇ ਮੁਕਾਬਲੇ ਵਾਲੇ ਇਮਤਿਹਾਨਾਂ ਵਾਸਤੇ ਵਿਦਿਆਰਥੀਆਂ ਨੂੰ ਤਿਆਰੀ  ਵੀ ਕਰਵਾਈ ਜਾਂਦੀ ਹੈ। ਹੁਣ ਇਨਾਂ ਸਕੂਲਾਂ ਵਿੱਚ ਐਨ.ਡੀ.ਏ. ’ਚ ਜਾਣ ਵਾਲੇ ਚਾਹਵਾਣ ਵਿਦਿਆਰਥੀਆਂ ਨੂੰ ਸਿਖਲਾਈ ਵੀ ਦਿੱਤੀ ਜਾਂਦੀ ਹੈ।