Punjab
CM ਮਾਨ ਦੇ ਐਲਾਨ ਤੋਂ ਬਾਅਦ ਕਈ ਆਗੂਆਂ ਖਿਲਾਫ ਵਿਜੀਲੈਂਸ ਦੀ ਕਾਰਵਾਈ ਤੇਜ਼ ਹੋਣ ਦੀ ਸੰਭਾਵਨਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਵਿਧਾਨ ਸਭਾ ਵਿੱਚ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਸਰਕਾਰ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਸਖ਼ਤ ਰੁਖ਼ ਅਖਤਿਆਰ ਕਰਨ ਦੇ ਐਲਾਨ ਮਗਰੋਂ ਆਉਣ ਵਾਲੇ ਦਿਨਾਂ ਵਿੱਚ ਵਿਜੀਲੈਂਸ ਦੀ ਕਾਰਵਾਈ ਤੇਜ਼ ਹੋਣ ਦੀ ਸੰਭਾਵਨਾ ਹੈ। ਵਿਜੀਲੈਂਸ ਬਿਊਰੋ ਇਸ ਵੇਲੇ ਕਈ ਸਾਬਕਾ ਮੰਤਰੀਆਂ ਸਮੇਤ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਵਿਰੋਧੀ ਧਿਰ ਦੇ 15 ਨੇਤਾਵਾਂ ਅਤੇ ਕੁਝ ਅਧਿਕਾਰੀਆਂ ਤੋਂ ਪੁੱਛਗਿੱਛ ਕਰ ਰਿਹਾ ਹੈ।
ਵਿਜੀਲੈਂਸ ਬਿਊਰੋ ਦੇ ਵਿਚਾਰ ਅਧੀਨ ਸਿੰਚਾਈ ਘੁਟਾਲਾ ਵੀ ਹੈ। ਜਿਸ ਵਿੱਚ ਕੁਝ ਸਾਬਕਾ ਅਕਾਲੀ ਆਗੂਆਂ ਨੂੰ ਵੀ ਪੜਤਾਲ ਲਈ ਬੁਲਾਇਆ ਗਿਆ ਹੈ। ਇਸੇ ਤਰ੍ਹਾਂ ਕੁਝ ਸੇਵਾਮੁਕਤ ਅਧਿਕਾਰੀਆਂ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਭ੍ਰਿਸ਼ਟਾਚਾਰ ‘ਤੇ ਸਰਕਾਰ ਦੀ ਕਾਰਵਾਈ ਤੇਜ਼ ਕਰਨ ਦੇ ਸੰਕੇਤ ਦਿੱਤੇ ਹਨ, ਜਿਸ ਦੇ ਮੱਦੇਨਜ਼ਰ ਵਿਜੀਲੈਂਸ ਬਿਊਰੋ ਆਉਣ ਵਾਲੇ ਦਿਨਾਂ ‘ਚ ਆਪਣੀ ਕਾਰਵਾਈ ਤੇਜ਼ ਕਰ ਸਕਦਾ ਹੈ। ਵਿਜੀਲੈਂਸ ਬਿਊਰੋ ਨੇ ਹੁਣ ਤੱਕ ਡਾ: ਸਾਧੂ ਸਿੰਘ ਧਰਮਸੋਤ, ਭਾਰਤ ਭੂਸ਼ਣ ਆਸ਼ੂ, ਸੁੰਦਰ ਸ਼ਾਮ ਅਰੋੜਾ ਅਤੇ ਕਈ ਹੋਰਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਕੇਸ ਦਰਜ ਕੀਤੇ ਹਨ। ਮੁੱਖ ਮੰਤਰੀ ਦੇ ਬੋਲਣ ਦੇ ਅੰਦਾਜ਼ ਤੋਂ ਇਹ ਮਹਿਸੂਸ ਹੋਇਆ ਹੈ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਵਿਜੀਲੈਂਸ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨਗੇ ਅਤੇ ਹੋਰ ਵੀ ਕਈ ਆਗੂਆਂ ਦੀਆਂ ਕਰਤੂਤਾਂ ਦਾ ਪਰਦਾਫਾਸ਼ ਕਰਨਗੇ।