Punjab
ਸ਼ੁਭਕਰਨ ਸਿੰਘ ਦੀ ਮੌਤ ਤੋਂ ਬਾਅਦ ਭੜਕੇ ਕਿਸਾਨ, ਬੀਜੇਪੀ ਆਗੂਆਂ ਨੂੰ ਪਿੰਡਾਂ ‘ਚ ਨਹੀਂ ਦਿੱਤਾ ਜਾਵੇਗਾ ਵੜਨ
22 ਫਰਵਰੀ 2024: ਕਿਸਾਨ ਸੰਘਰਸ਼ ਦੌਰਾਨ 21 ਫਰਵਰੀ ਨੂੰ ਕਿਸਾਨ ਨੌਜਵਾਨ ਸ਼ੁਭਕਰਨ ਸਿੰਘ ਦੀ ਖਨੌਰੀ ਬਾਰਡਰ ਤੇ ਪੁਲਿਸ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਇਸ ਨੌਜਵਾਨ ਦੀ ਸ਼ਹਾਦਤ ਦੇ ਰੋਸ ਵਜੋਂ ਅੱਜ ਪੰਜਾਬ ਤੇ ਹਰਿਆਣਾ ਵਿੱਚ ਰੋਸ ਮੁਜਾਰੇ ਕੀਤੇ ਜਾ ਰਹੇ ਹਨ। ਇਸੇ ਦੇ ਤਹਿਤ ਅੱਜ ਫਿਰੋਜ਼ਪੁਰ ਦੇ ਹਲਕਾ ਜੀਰਾ ਵਿੱਚ ਵੀ ਕਿਸਾਨਾਂ ਵੱਲੋਂ ਸ਼ੁਭਕਰਨ ਦੀ ਸ਼ਹੀਦੀ ਦੇ ਰੋਸ ਵਜੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕੇਂਦਰ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਜਾਣਕਾਰੀ ਦਿੰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਨਾਲ ਸਹੀ ਨਹੀਂ ਕਰ ਰਹੀ ਸ਼ਾਤ ਮਈ ਧਰਨਾ ਦੇ ਰਹੇ ਕਿਸਾਨਾਂ ਤੇ ਗੋਲੇ ਦਾਗੇ ਜਾ ਰਹੇ ਹਨ। ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਜਿਸ ਦਾ ਸ਼ਿਕਾਰ ਸ਼ੁਭਕਰਨ ਹੋਇਆ ਹੈ। ਉਨ੍ਹਾਂ ਕਿਹਾ ਸ਼ੁਭਕਰਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਸ਼ੁਭਕਰਨ ਆਪਣੇ ਹੱਕਾਂ ਲਈ ਦਿੱਲੀ ਧਰਨੇ ਵਿੱਚ ਗਿਆ ਸੀ। ਜਿਸਨੂੰ ਕੇਂਦਰ ਦੀ ਮੋਦੀ ਸਰਕਾਰ ਨੇ ਮੌਤ ਦੇ ਘਾਟ ਉਤਾਰ ਦਿੱਤਾ| ਸ਼ੁਭਕਰਨ ਦੀ ਸ਼ਹੀਦੀ ਨੂੰ ਭੁਲਾਇਆ ਨਹੀਂ ਜਾਵੇਗਾ ਅਤੇ ਹੁਣ ਬੀਜੇਪੀ ਦੇ ਆਗੂਆਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ| ਕੇਂਦਰ ਸਰਕਾਰ ਕਿਸਾਨਾਂ ਨਾਲ ਜਾਣਬੁੱਝ ਕੇ ਧੱਕੇਸ਼ਾਹੀ ਕਰ ਰਹੀ ਹੈ। ਕਿਸਾਨਾਂ ਤੇ ਤਸ਼ੱਦਦ ਕਰਨ ਦੀ ਬਜਾਏ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਣਾਂ ਚਾਹੀਦਾ ਹੈ।