Connect with us

Punjab

ਗੈਂਗਸਟਰ ਲਾਰੇਂਸ ਬਿਸ਼ਨੋਈ ਅਤੇ ਕੈਨੇਡਾ ਅਧਾਰਤ ਗੋਲਡੀ ਬਰਾੜ ਦੇ ਤਿੰਨ ਸਾਥੀਆਂ ਨੂੰ ਬਠਿੰਡਾ ਤੋਂ ਏਜੀਟੀਐਫ ਨੇ ਕੀਤਾ ਗ੍ਰਿਫਤਾਰ; 4 ਪਿਸਤੌਲ, ਅਸਲਾ ਬਰਾਮਦ

Published

on

ਚੰਡੀਗੜ੍ਹ: ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਐਤਵਾਰ ਨੂੰ ਬਠਿੰਡਾ ਤੋਂ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਦੇ ਤਿੰਨ ਨਜ਼ਦੀਕੀ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਫੜੇ ਗਏ ਮੁਲਜ਼ਮਾਂ ਦੀ ਪਛਾਣ ਮੁਕਤਸਰ ਸਾਹਿਬ ਦੇ ਪਿੰਡ ਚਰੇਵਾਂ ਦੇ ਲਵਪ੍ਰੀਤ ਸਿੰਘ ਉਰਫ ਸਚਿਨ, ਮੁਕਤਸਰ ਸਾਹਿਬ ਦੇ ਪਿੰਡ ਝੋਰੜ ਦੇ ਹਿੰਮਤਵੀਰ ਸਿੰਘ ਗਿੱਲ ਅਤੇ ਮੁਕਤਸਰ ਸਾਹਿਬ ਦੇ ਪਿੰਡ ਚੱਕ ਦੁਖੇ ਵਾਲਾ ਦੇ ਬਲਕਰਨ ਉਰਫ ਵਿੱਕੀ ਵਜੋਂ ਹੋਈ ਹੈ। ਪੁਲੀਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਦੋ .30 ਕੈਲੀਬਰ ਦੇ ਪਿਸਤੌਲ, ਦੋ .32 ਕੈਲੀਬਰ ਦੇ ਪਿਸਤੌਲ ਸਮੇਤ 20 ਕਾਰਤੂਸ ਅਤੇ ਇੱਕ ਚਿੱਟੇ ਰੰਗ ਦੀ ਆਈ20 ਕਾਰ ਵੀ ਬਰਾਮਦ ਕੀਤੀ ਹੈ।

ਜਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਗੈਂਗਸਟਰਾਂ ਵਿਰੁੱਧ ਕਾਰਵਾਈ ਨੂੰ ਤੇਜ਼ ਕਰਨ ਲਈ ਡੀਜੀਪੀ ਪੰਜਾਬ ਵੀਕੇ ਭਾਵੜਾ ਦੀ ਨਿਗਰਾਨੀ ਹੇਠ ਏਡੀਜੀਪੀ ਪ੍ਰਮੋਦ ਬਾਨ ਦੀ ਅਗਵਾਈ ਵਿੱਚ ਇੱਕ ਏਜੀਟੀਐਫ ਦਾ ਗਠਨ ਕੀਤਾ ਹੈ।

ਵੇਰਵੇ ਦਿੰਦਿਆਂ ਡੀਆਈਜੀ ਏਜੀਟੀਐਫ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਭਰੋਸੇਮੰਦ ਸੂਚਨਾਵਾਂ ਦੇ ਆਧਾਰ ‘ਤੇ, ਬਠਿੰਡਾ ਤੋਂ ਏਜੀਟੀਐਫ ਦੀ ਟੀਮ ਨੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ, ਜੋ ਕਿ ਮਾਲਵਾ ਖੇਤਰ ਦੇ ਇੱਕ ਉੱਘੇ ਵਪਾਰੀ ਤੋਂ ਪੈਸੇ ਲੈਣ ਲਈ ਉਸ ‘ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਇੱਕ ਸਨਸਨੀਖੇਜ਼ ਵਾਰਦਾਤ ਨੂੰ ਟਾਲਿਆ ਗਿਆ ਹੈ।

ਡੀਆਈਜੀ ਭੁੱਲਰ ਨੇ ਦੱਸਿਆ ਕਿ ਤਿੰਨੋਂ ਮੁਲਜ਼ਮਾਂ ਦਾ ਅਪਰਾਧਿਕ ਪਿਛੋਕੜ ਹੈ, ਜਦਕਿ ਸਚਿਨ ਅਤੇ ਹਿੰਮਤਵੀਰ ਗੁਆਂਢੀ ਰਾਜ ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਉਹ ਗਰੋਹ ਲਈ ਹਥਿਆਰ ਦੂਜੇ ਰਾਜਾਂ ਤੋਂ ਮੰਗਵਾ ਕੇ ਆਪਣੇ ਸਾਥੀਆਂ ਨੂੰ ਟਾਰਗੇਟ ਕਿਲਿੰਗ ਲਈ ਪਹੁੰਚਾਉਂਦੇ ਸਨ।

ਡੀਆਈਜੀ ਨੇ ਕਿਹਾ ਕਿ ਕੈਨੇਡੀਅਨ ਅਧਾਰਤ ਗੈਂਗਸਟਰ ਗੋਲਡੀ ਬਰਾੜ ਅਤੇ ਲਾਰੇਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਦੇ ਨਿਰਦੇਸ਼ਾਂ ‘ਤੇ, ਉਹ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਦੇ ਭਗੌੜੇ ਗੈਂਗਸਟਰਾਂ ਨੂੰ ਛੁਪਣਗਾਹਾਂ ਪ੍ਰਦਾਨ ਕਰ ਰਹੇ ਸਨ।

“ਹਾਲ ਹੀ ਵਿੱਚ ਸਪੈਸ਼ਲ ਸੈੱਲ ਦਿੱਲੀ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਇੱਕ ਲੋੜੀਂਦੇ ਗੈਂਗਸਟਰ ਸ਼ਾਰੁਖ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਸਚਿਨ ਅਤੇ ਉਸਦੇ ਸਾਥੀਆਂ ਦੁਆਰਾ ਪੰਜਾਬ ਵਿੱਚ ਛੁਪਣਗਾਹ ਮੁਹੱਈਆ ਕਰਵਾਈ ਗਈ ਸੀ,” ਉਸਨੇ ਅੱਗੇ ਕਿਹਾ।

ਇਸੇ ਦੌਰਾਨ ਥਾਣਾ ਸਿਵਲ ਲਾਈਨ ਬਠਿੰਡਾ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ 25 (7) ਅਤੇ (8) ਤਹਿਤ ਮਿਤੀ 01-05-2022 ਨੂੰ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।