Governance
ਅਕਾਲੀ ਆਪਣਾ ਆਧਾਰ ਗੁਆ ਬੈਠੇ ਨੇ, ਆਪ ਖ਼ੁਦ ਉਲਝੀ ਹੋਈ ਆ- ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ, 17 ਮਾਰਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸੂਬੇ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਪੰਜਾਬ ਸ਼ਾਨ ਨਾਲ ਤਰੱਕੀ ਤੇ ਖ਼ੁਸ਼ਹਾਲੀ ਨਾਲ ਅੱਗੇ ਵਧੇਗਾ ਜੇ ਉਨ੍ਹਾਂ ਨੂੰ ਇਕ ਕਾਰਜਕਾਲ ਲਈ ਹੋਰ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਕਮਜ਼ੋਰ ਵਿਰੋਧੀਆਂ ਅਤੇ ਆਪਣੇ ਕੀਤੇ ਕੰਮਾਂ ਸਦਕਾ ਕਾਂਗਰਸ ਪਾਰਟੀ ਦਾ ਸੱਤਾ ਵਿੱਚ ਦੁਬਾਰਾ ਆਉਣਾ ਯਕੀਨੀ ਹੈ ਅਤੇ ਸੂਬੇ ਨੂੰ ਪ੍ਰਗਤੀ ਦੇ ਨਵੇਂ ਦੌਰ ਵਿੱਚ ਲਿਜਾਇਆ ਜਾਵੇਗਾ।
ਆਪਣੀ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਉਤੇ ਇਕ ਸੰਮੇਲਨ ਦੌਰਾਨ ਚਰਚਾ ਵਿੱਚ ਹਿੱਸਾ ਲੈਂਦਿਆ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਆਪਣਾ ਆਧਾਰ ਗੁਆ ਬੈਠੇ ਹੈ ਜਦੋਂਕਿ ਆਮ ਆਦਮੀ ਪਾਰਟੀ ਸੂਬੇ ਵਿੱਚ ਪੂਰੀ ਤਰ੍ਹਾਂ ਉਲਝਣ ਹੇਠ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਕੋਲ ਇਸ ਵੇਲੇ ਲੀਡਰਸ਼ਿਪ ਹੀ ਨਹੀਂ ਹੈ ਕਿਉਂਕਿ ਬਾਦਲਾਂ ਨੇ ਕਦੇ ਹੋਰ ਲੀਡਰਸ਼ਿਪ ਨੂੰ ਅੱਗੇ ਆਉਣ ਦਾ ਮੌਕਾ ਨਹੀਂ ਦਿੱਤਾ। ਆਪ ਦੀ 2017 ਵਿੱਚ ਪੂਰੀ ਤਰ੍ਹਾਂ ਹਵਾ ਸੀ ਪਰ ਉਹ ਇਸ ਨੂੰ ਜਿੱਤ ਵਿੱਚ ਬਦਲਣ ‘ਚ ਨਾਕਾਮ ਰਹੀ।
ਕੈਪਟਨ ਅਮਰਿੰਦਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਜੇ ਕਾਂਗਰਸ ਸੱਤਾ ਵਿੱਚ ਦੁਬਾਰਾ ਵਾਪਸ ਕਰਦੀ ਹੈ ਤਾਂ ਅਗਲੇ 7 ਸਾਲਾਂ ਵਿੱਚ ਪੰਜਾਬ ਆਪਣੀ ਗੁਆਚੀ ਹੋਈ ਸ਼ਾਨ ਬਹਾਲ ਕਰਦਾ ਹੋਇਆ ਦੇਸ਼ ਦਾ ਨੰਬਰ ਇਕ ਸੂਬਾ ਬਣੇਗਾ।ਉਨ੍ਹਾਂ ਕਿਹਾ ਕਿ ਪੰਜਾਬੀ ਮਿਹਨਤਕਸ਼ ਕੌਮ ਹੈ ਅਤੇ ਜੇਕਰ ਇਨ੍ਹਾਂ ਨੂੰ ਸਹੀ ਰਾਸਤਾ ਦਿਖਾ ਦਿੱਤਾ ਜਾਵੇ ਤਾਂ ਉਹ ਕੋਈ ਵੀ ਕ੍ਰਿਸ਼ਮਾ ਕਰਨ ਦੀ ਸਮਰੱਥਾ ਰੱਖਦੇ ਹਨ।
ਮੁੱਖ ਮੰਤਰੀ ਨੇ ਅਗਲੀ ਵਿਧਾਨ ਸਭਾ ਦੀ ਚੋਣ ਲੜਨ ਦੀ ਗੱਲ ਦੁਹਰਾਉਂਦਿਆਂ ਕਿਹਾ ਕਿ ਉਨ੍ਹਾਂ ਦਾ ਪਹਿਲਾ ਇਹ ਵਿਚਾਰ ਸੀ ਕਿ ਪੰਜ ਸਾਲ ਸੂਬੇ ਨੂੰ ਮੁੜ ਖੁਸ਼ਹਾਲ ਕਰਨ ਲਈ ਕਾਫ਼ੀ ਹਨ ਪਰ ਹਾਲਾਤ ਇੰਨੇ ਮਾੜੇ ਸਨ ਕਿ ਉਨ੍ਹਾਂ ਦੀ ਸਰਕਾਰ ਨੂੰ ਹੋਰ ਸਮਾਂ ਚਾਹੀਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲਾਂਕਿ ਸੂਬੇ ਦੇ ਵਿੱਤੀ ਹਾਲਾਤ ਬਿਹਤਰ ਹੋ ਰਹੇ ਹਨ ਪਰ ਫੇਰ ਵੀ ਸੂਬਾ ਸਰਕਾਰ ਵਿੱਤੀ ਸੰਕਟਾਂ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਹੋਰ ਸਮਝਦਾਰੀ ਨਾਲ ਕੰਮ ਕਰਨ ਦੀ ਲੋੜ ਹੈ
ਉਨ੍ਹਾਂ ਅਗਲੇ ਦੋ ਸਾਲਾਂ ਵਿੱਚ ਆਪਣੀ ਸਰਕਾਰ ਵੱਲੋਂ ਮੈਨੀਫੈਸਟੋ ਦੇ ਸਾਰੇ ਵਾਅਦੇ ਪੂਰੇ ਕਰਨ ਦਾ ਵਾਅਦਾ ਕਰਦਿਆਂ ਕਿਹਾ, “ਮੈਂ ਹਰੇਕ ਪੰਜਾਬੀ ਦੇ ਚਿਹਰੇ ਉਤੇ ਮੁਸਕਰਾਹਟ ਦੇਖਣਾ ਚਾਹੁੰਦਾ ਹਾਂ।”
ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਸੂਬੇ ਦੇ ਬੁਨਿਆਦੀ ਢਾਂਚੇ ਵਿੱਚ ਸ਼ਲਾਘਾਯੋਗ ਸੁਧਾਰ ਹੋਇਆਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜ਼ਮੀਨੀ ਪੱਧਰ ਉਤੇ 58000 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਇਸ ਦਾ ਅਸਲ ਸਕਰਾਤਮਕ ਅਸਰ ਆਉਣ ਵਾਲੇ ਸਾਲਾਂ ਵਿੱਚ ਨਜ਼ਰ ਆਵੇਗਾ।
ਪਾਕਿਸਤਾਨ ਦੇ ਰਾਸਤੇ ਮੱਧ ਏਸ਼ੀਆ ਤੇ ਮੱਧ ਪੂਰਬ ਏਸ਼ੀਆ ਨਾਲ ਕੌਮਾਂਤਰੀ ਵਪਾਰ ਦੀ ਸੰਭਾਵਨਾ ਬਾਰੇ ਪੁੱਛੇ ਜਾਣ ਉਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਵੀ ਇਹੋ ਚਾਹੁੰਦੇ ਹਨ ਪਰ ਮੌਜੂਦਾ ਰਾਜਸੀ ਹਾਲਤਾਂ ਨੂੰ ਦੇਖਦਿਆਂ ਇਹ ਸੰਭਵ ਨਹੀਂ ਲੱਗਦਾ।
ਨਵਜੋਤ ਸਿੰਘ ਸਿੱਧੂ ਦੇ ਸਵਾਲ ਉਤੇ ਉਨ੍ਹਾਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਮਿਲੇ ਨਹੀਂ ਹੈ ਪਰ ਸਾਬਕਾ ਮੰਤਰੀ ਨੇ ਕਿਹਾ ਸੀ ਕਿ ਉਹ ਕਾਂਗਰਸ ਪਾਰਟੀ ਵਿੱਚ ਬਣੇ ਰਹਿਣ ਲਈ ਵਚਨਬੱਧ ਹੈ ਅਤੇ ਹਾਈ ਕਮਾਨ ਨੇ ਫੈਸਲਾ ਕਰਨਾ ਹੈ ਕਿ ਉਸ ਦੀਆ ਸੇਵਾਵਾਂ ਦੀ ਕਿਵੇਂ ਵਧੀਆ ਵਰਤੋਂ ਕਰਨੀ ਹੈ।