Connect with us

Punjab

ਆਰਡੀਨੈਂਸਾਂ ਵਿਰੁੱਧ ਕੇਂਦਰ ਨਾਲ ਲੜਾਈ ਲੜਾਂਗਾ- ਕੈਪਟਨ

Published

on

  • ਅਕਾਲੀਆਂ ਨੇ ਕਿਸਾਨੀ ਵਿਰੋਧੀ ਆਰਡੀਨੈਂਸਾਂ ਦੇ ਹੱਕ ਵਿੱਚ ਭੁਗਤ ਕੇ ਪੰਜਾਬ ਦੇ ਹਿੱਤ ਵੇਚੇ- ਕੈਪਟਨ ਅਮਰਿੰਦਰ ਸਿੰਘ

  • ਸਰਬ ਪਾਰਟੀ ਵਫ਼ਦ ਦੇ ਮਿਲਣ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਾਂਗਾ

ਚੰਡੀਗੜ੍ਹ, 4 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਅਕਾਲੀਆਂ ਨੇ ਸੂਬੇ ਦੀ ਕਿਸਾਨੀ ਨੂੰ ਤਬਾਹ ਕਰ ਦੇਣ ਵਾਲੇ ਕਿਸਾਨ ਵਿਰੋਧੀ ਆਰਡੀਨੈਂਸਾਂ ਪ੍ਰਤੀ ਹਾਮੀ ਭਰ ਕੇ ਪੰਜਾਬ ਦੇ ਹਿੱਤ ਵੇਚ ਦਿੱਤੇ ਹਨ। ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਕਿਸਾਨ ਵਿਰੋਧੀ ਆਰਡੀਨੈਂਸਾਂ ਵਿਰੁੱਧ ਉਹ ਕੇਂਦਰ ਸਰਕਾਰ ਨਾਲ ਲੜਾਈ ਲੜਨਗੇ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਛੇਤੀ ਹੀ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਸਰਬ ਪਾਰਟੀ ਵਫ਼ਦ ਦੇ ਮਿਲਣ ਲਈ ਸਮਾਂ ਮੰਗਣਗੇ। ਉਨਾਂ ਦੱਸਿਆ ਕਿ ਭਾਜਪਾ ਨੂੰ ਛੱਡ ਕੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੇ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਫੈਸਲਾ ਸਰਬਸੰਮਤੀ ਨਾਲ ਲਿਆ ਸੀ।
ਸ਼ਾਂਤਾ ਕੁਮਾਰ ਕਮੇਟੀ ਦੀਆਂ ਸਿਫਾਰਸ਼ਾਂ ਦਾ ਹਵਾਲਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸਾਵਧਾਨ ਕੀਤਾ, ‘‘ਸੁਖਬੀਰ ਬਾਦਲ ਜਾਂ ਭਾਜਪਾ ਵਾਲੇ ਭਾਵੇਂ ਕੁਝ ਵੀ ਕਹੀ ਜਾਣ, ਜੇਕਰ ਇਕ ਵਾਰ ਆਰਡੀਨੈਂਸ ਪਾਸ ਹੋ ਗਏ ਤਾਂ ਕੇਂਦਰ ਸਰਕਾਰ ਵੱਲੋਂ ਆਪਣੇ ਅਗਲੇ ਕਦਮ ਵਿੱਚ ਘੱਟੋ-ਘੱਟ ਸਮਰਥਨ ਮੁੱਲ ਨੂੰ ਖਤਮ ਕਰਨ ਦੇ ਨਾਲ-ਨਾਲ ਐਫ.ਸੀ.ਆਈ. ਨੂੰ ਵੀ ਤੋੜ ਦਿੱਤਾ ਜਾਵੇਗਾ।’’ ਉਨਾਂ ਕਿਹਾ,‘‘ਤੁਸੀਂ ਆਪ ਇਸ ਦੀ ਕਲਪਨਾ ਕਰ ਸਕਦੇ ਹੋ ਕਿ ਜੇਕਰ ਇਹ ਸਭ ਕੁਝ ਹਕੀਕਤ ਵਿੱਚ ਬਦਲ ਗਿਆ ਤਾਂ ਪੰਜਾਬ ਦੇ ਕਿਸਾਨਾਂ ਨਾਲ ਕੀ ਵਾਪਰੇਗਾ।’’ ਉਨਾਂ ਕਿਹਾ ਕਿ ਜੇਕਰ ਇਹ ਆਰਡੀਨੈਂਸ ਕਾਨੂੰਨੀ ਰੂਪ ਵਿੱਚ ਲਾਗੂ ਹੋ ਗਏ ਤਾਂ ਖਰੀਦ ਪ੍ਰਿਆ ਖਤਮ ਹੋ ਜਾਵੇਗੀ ਅਤੇ ਮੰਡੀਆਂ ਦਾ ਵੀ ਅੰਤ ਹੋ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੂੰ ਸਿਰਫ ਆਪਣੇ ਸਿਆਸੀ ਮੁਫ਼ਾਦ ਪਾਲਣ ਵਿੱਚ ਦਿਲਚਸਪੀ ਹੈ ਅਤੇ ਹਰਮਿਸਰਤ ਬਾਦਲ ਨੂੰ ਕੇਂਦਰੀ ਕੈਬਨਿਟ ਵਿੱਚ ਆਪਣੀ ਕੁਰਸੀ ਬਚਾਉਣ ਦਾ ਫਿਕਰ ਲੱਗਾ ਰਹਿੰਦਾ ਹੈ। ਉਨਾਂ ਕਿਹਾ ਕਿ ਅਸਲ ਵਿੱਚ ਬਾਦਲ ਕਿਸੇ ਵੀ ਕੀਮਤ ’ਤੇ ਪੰਜਾਬ ਵਿੱਚ ਗੱਠਜੋੜ ਬਚਾਉਣ ਲਈ ਭਾਜਪਾ ਨੂੰ ਖੁਸ਼ ਕਰਨ ਵਿੱਚ ਲੱਗੇ ਹਨ।

ਮੁੱਖ ਮੰਤਰੀ ਨੇ ਕਿਹਾ,‘‘ਅਕਾਲੀਆਂ ਨੂੰ ਆਪਣੇ ਸਿਆਸੀ ਹਿੱਤਾਂ ਨਾਲ ਹੀ ਸਰੋਕਾਰ ਹੈ। ਸੁਖਬੀਰ ਚਾਹੁੰਦਾ ਹੈ ਕਿ ਉਸ ਦੀ ਪਤਨੀ ਕੇਂਦਰੀ ਕੈਬਨਿਟ ਵਿੱਚ ਬੈਠੀ ਰਹੇ ਜਦਕਿ ਉਹ ਆਪ ਪ੍ਰਧਾਨ ਬਣਿਆ ਰਹੇ। ਉਹ ਪੰਜਾਬ ਬਾਰੇ ਨਹੀਂ ਸੋਚਦੇ ਸਗੋਂ ਉਨਾਂ ਉਪਰ ਨਿੱਜਵਾਦ ਭਾਰੂ ਹੈ।’’ ਉਨਾਂ ਕਿਹਾ ਕਿ ਇਤਿਹਾਸ ਵੀ ਇਸ ਤੱਥ ਦੀ ਗਵਾਹੀ ਭਰਦਾ ਹੈ।
ਪੰਜਾਬ ਅਤੇ ਇਸ ਦੇ ਹਿੱਤਾਂ ਨੂੰ ਬਚਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਆਰਡੀਨੈਂਸ 100 ਫੀਸਦੀ ਪੰਜਾਬ ਤੇ ਕਿਸਾਨ ਵਿਰੋਧੀ ਹਨ ਅਤੇ ਭਾਜਪਾ ਅਤੇ ਅਕਾਲੀਆਂ ਨੂੰ ਛੱਡ ਕੇ ਸਾਰੀਆਂ ਸਿਆਸੀ ਪਾਰਟੀ ਵੀ ਇਸੇ ਨੁਕਤੇ ’ਤੇ ਸਹਿਮਤੀ ਪ੍ਰਗਟਾ ਚੁੱਕੀਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੂੰ ਹਾਲ ਹੀ ਵਿੱਚ ਮਿਲੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਵੀ ਇਨਾਂ ਆਰਡੀਨੈਂਸਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਸੀ।

‘ਕੈਪਟਨ ਨੂੰ ਸਵਾਲ’ ਪ੍ਰੋਗਰਾਮ ਦੀ ਅਗਲੀ ਲੜੀ ਦੌਰਾਨ ਫੇਸਬੁੱਕ ਲਾਈਵ ਜ਼ਰੀਏ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੇ ਪਹਿਲਾਂ ਵੀ ਪੰਜਾਬੀ ਸੂਬਾ ਲਹਿਰ ਰਾਹੀਂ ਸੂਬੇ ਨੂੰ ਬਰਬਾਦ ਕਰ ਦਿੱਤਾ ਅਤੇ ਹੁਣ ਇਨਾਂ ਆਰਡੀਨੈਂਸਾਂ ਦੀ ਹਮਾਇਤ ਕਰਕੇ ਕਿਸਾਨੀ ਨੂੰ ਤਬਾਹ ਕਰਨ ਲਈ ਪੱਬਾਂ ਭਰ ਹੋਏ ਫਿਰਦੇ ਹਨ। ਉਨਾਂ ਨੇ ਇਨਾਂ ਆਰਡੀਨੈਂਸਾਂ ਨੂੰ ਮੁਲਕ ਦੇ ਸੰਘੀ ਢਾਂਚੇ ’ਤੇ ਸਿੱਧਾ ਹਮਲਾ ਦੱਸਿਆ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਅਕਾਲੀਆਂ ਨੇ ਪੰਜਾਬ ਦੇ ਟੋਟੇ ਕੀਤੇ ਅਤੇ ਆਪਣੇ ਸੌੜੇ ਸਿਆਸੀ ਹਿੱਤ ਪਾਲਣ ਖਾਤਰ ਤੰਗ-ਨਜ਼ਰੀਆ ਅਪਣਾਉਂਦਿਆਂ ਸੂਬੇ ਦੇ ਬਹੁਤ ਸਾਰੇ ਵਸੀਲੇ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਨੂੰ ਦੇ ਦਿੱਤੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਸੂਬੇ ਦੀ ਵੰਡ ਨਾ ਹੁੰਦੀ ਤਾਂ ਸੰਸਦ ਵਿੱਚ ਪੰਜਾਬ ਦੀ ਨੁਮਾਇੰਦਗੀ ਕਈ ਗੁਣਾ ਵੱਧ ਹੁੰਦੀ ਅਤੇ ਦਿੱਲੀ ਵਿੱਚ ਸੂਬੇ ਦਾ ਵੀ ਦਬਦਬਾ ਹੋਣਾ ਸੀ ਜਿਸ ਕਰਕੇ ਇਸ ਦੇ ਹਿੱਤਾਂ ਨੂੰ ਦਰਕਿਨਾਰ ਕਰ ਦੇਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੋਣਾ। ਉਨਾਂ ਨੇ ਸੰਸਦ ਵਿੱਚ ਸੂਬੇ ਦੇ ਸਿਰਫ 13 ਸੰਸਦ ਮੈਂਬਰ ਹੋਣ ’ਤੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਬ ਦੀ ਅਵਾਜ਼ ਸੁਣੀ ਨਹੀਂ ਜਾ ਰਹੀ ਅਤੇ ਖਾਸ ਤੌਰ ’ਤੇ ਦੂਜਿਆਂ ਸੂਬਿਆਂ ਵੱਲੋਂ ਵੀ ਹੁਣ ਕਣਕ ਦਾ ਉਤਪਾਦਨ ਸ਼ੁਰੂ ਕਰ ਦੇਣ ਨਾਲ ਕੇਂਦਰ ਸਰਕਾਰ ਮਹਿਸੂਸ ਕਰਨ ਲੱਗਾ ਹੈ ਕਿ ਅਨਾਜ ਦੀ ਸੁਰੱਖਿਆ ਲਈ ਹੁਣ ਪੰਜਾਬ ਦੀ ਲੋੜ ਨਹੀਂ ਰਹੀ। ਮੁੱਖ ਮੰਤਰੀ ਨੇ ਕਿਹਾ,‘‘ਉਨਾਂ (ਕੇਂਦਰ ਦੀਆਂ ਸਰਕਾਰਾਂ) ਨੇ ਸਾਡੀ ਸਮਰੱਥਾ ਨੂੰ ਨਿਚੋੜ ਲਿਆ ਅਤੇ ਸਾਨੂੰ ਵਰਤ ਕੇ ਛੱਡ ਦਿੱਤਾ।’’ ਉਨਾਂ ਨੇ ਪੰਜਾਬ ਦੇ ਲੋਕਾਂ ਨੂੰ ਆਰਡੀਨੈਂਸ ਵਿਰੁੱਧ ਲੜਾਈ ਵਿੱਚ ਸਾਥ ਦੇਣ ਅਤੇ ਅਕਾਲੀ-ਭਾਜਪਾ ਦੇ ਹੱਥੋਂ ਗੁੰਮਰਾਹ ਨਾ ਹੋਣ ਦੀ ਅਪੀਲ ਕੀਤੀ ਹੈ।

ਮੁੱਖ ਮੰਤਰੀ ਨੇ ਕੇਂਦਰ ਦੇ ਉਸ ਫੈਸਲੇ ਦਾ ਸਵਾਗਤ ਕੀਤਾ ਜਿਹੜਾ ਉਨਾਂ ਦੀ ਅਪੀਲ ਉਤੇ ਟਿੱਡੀ ਦਲ ਦੇ ਹਮਲੇ ਨੂੰ ਰੋਕਣ ਲਈ ਹੈਲੀਕਾਪਟਰ ਰਾਹੀਂ ਸਪਰੇਅ ਦੇ ਛਿੜਕਾਅ ਦੀ ਆਗਿਆ ਦੇ ਦਿੱਤੀ। ਉਨਾਂ ਆਸ ਪ੍ਰਗਟਾਈ ਕਿ ਟਿੱਡੀ ਦਲ ਤੋਂ ਪੰਜਾਬ ਦਾ ਬਚਾਅ ਹੋ ਜਾਵੇਗਾ। ਉਨਾਂ ਕਿਹਾ ਕਿ ਐਮ.ਆਈ. 17 ਨੂੰ ਰਸਾਇਣਾਂ ਦੇ ਸਪਰੇਅ ਲਈ ਰੱਖਿਆ ਗਿਆ ਹੈ ਅਤੇ ਇਹ ਕੰਮ ਰਾਜਸਥਾਨ ਤੋਂ ਜਲਦੀ ਸ਼ੁਰੂ ਹੋ ਜਾਵੇਗਾ।

ਕੋਵਿਡ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਸਥਿਤੀ ਕੋਈ ਠੀਕ ਨਹੀਂ ਹੈ ਜਿਵੇਂ ਭਾਰਤ ਵਿੱਚ ਨਿਰੰਤਰ ਕੇਸ ਵਧ ਰਹੇ ਹਨ। ਪੰਜਾਬ ਵਿੱਚ ਵੀ ਅੰਕੜਾ 6000 ਨੂੰ ਪਾਰ ਕਰ ਗਿਆ ਹੈ ਅਤੇ ਹੁਣ ਤੱਕ 157 ਮੌਤਾਂ ਹੋ ਗਈਆਂ ਹਨ। ਉਨਾਂ ਸਾਰੇ ਇਹਤਿਆਤ ਦੀ ਪਾਲਣਾ ਕਰਨ ਦੀ ਮਹੱਤਤਾ ਨੂੰ ਦੁਹਰਾਉਦਿਆਂ ਕਿਹਾ ਕਿ ਮਾਸਕ ਪਾਉਣਾ ਤੇ ਸਮਾਜਿਕ ਵਿੱਥ ਦੀ ਪਾਲਣਾ ਯਕੀਨੀ ਬਣਾਈ ਜਾਵੇ। ਉਨਾਂ ਕਿਹਾ ਕਿ ਰੋਜ਼ਾਨਾ ਉਲੰਘਣਾ ਕਰਨ ਦੇ 4000-5000 ਕੇਸ ਦਰਜ ਹੋ ਰਹੇ ਹਨ ਜਿਨਾਂ ਵਿੱਚ ਸੜਕਾਂ ’ਤੇ ਥੁੱਕ ਸੁੱਟਣ ਦੇ ਵੀ ਮਾਮਲੇ ਸ਼ਾਮਲ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਅਤੇ ਪੰਜਾਬ ਦੀ ਸੁਰੱਖਿਆ ਖਾਤਰ ਹੀ ਸਿਹਤ ਸਲਾਹਕਾਰੀਆਂ ਦਾ ਪਾਲਣ ਕਰਨ। ਮੁੱਖ ਮੰਤਰੀ ਨੇ ਕਿਹਾ, ‘‘ਅਸੀਂ ਸਿਰਫ ਕੰਟਰੋਲ ਕਰ ਸਕਦੇ ਹਾਂ, ਇਲਾਜ ਨਹੀਂ’’। ਮੁੱਖ ਮੰਤਰੀ ਨੇ ਲੋਕਾਂ ਵੱਲੋਂ ਸਰਪੰਚਾਂ ਅਤੇ ਹੋਰਾਂ ਵੱਲੋਂ ਮਿਸ਼ਨ ਫਤਹਿ ਦੇ ਹਿੱਸੇ ਵਜੋਂ ਸਾਂਝੀਆਂ ਕੀਤੀਆਂ ਗਈਆਂ ਸਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਤਾਕੀਦ ਕੀਤੀ। ਡਾਕਟਰਾਂ, ਪੈਰ ਮੈਡੀਕਲ ਤੇ ਨਰਸਾਂ ਦੀ ਭਰਤੀ ਦੇ ਸਵਾਲ ਦੇ ਜਵਾਬ ਵਿੱਚ ਉਨਾਂ ਸਪੱਸ਼ਟ ਕੀਤਾ ਕਿ ਮੰਤਰੀ ਮੰਡਲ ਦੀ ਮਨਜ਼ੂਰੀ ਨਾਲ ਭਰਤੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਮੰਤਰੀ ਮੰਡਲ ਵੱਲੋਂ ਕੋਵਿਡ ਨਾਲ ਤਕੜੇ ਹੋ ਕੇ ਨਜਿੱਠਣ ਲਈ ਇਹ ਵਿਸ਼ੇਸ਼ ਫੈਸਲਾ ਕੀਤਾ ਗਿਆ ਹੈ।

ਕੋਚਿੰਗ ਸੈਂਟਰਾਂ ਨੂੰ ਖੋਲੇ ਲਈ ਪੁੱਛੇ ਸਵਾਲ ਬਾਰੇ ਉਨਾਂ ਕਿਹਾ ਕਿ ਇਹ ਫੈਸਲਾ ਕੇਂਦਰ ਸਰਕਾਰ ਵੱਲੋਂ ਲਿਆ ਜਾਣਾ ਹੈ ਪਰ ਸੂਬਾ ਸਰਕਾਰ ਇਸ ਸਬੰਧੀ ਆਗਿਆ ਲੈਣ ਲਈ ਕੇਂਦਰ ਨੂੰ ਲਿਖੇਗੀ ਕਿਉਜੋ ਪੰਜਾਬ ਦੀ ਸਥਿਤੀ ਕਈ ਸੂਬਿਆਂ ਨਾਲੋਂ ਬਿਹਤਰ ਹੈ।

ਇਕ ਵਿਦਿਆਰਥੀ ਨੇ ਕੈਨੇਡਾ ਜਾਣ ਬਾਰੇ ਜਾਣਨਾ ਚਾਹਿਆ ਜਿਥੇ ਸਤੰਬਰ ਮਹੀਨੇ ਉਸਦੀਆਂ ਪ੍ਰਖਿ੍ਰਆਵਾਂ ਤੈਅ ਹਨ। ਮੁੱਖ ਮਤਰੀ ਨੇ ਕਿਹਾ ਕਿ ਉਨਾਂ ਨੂੰ ਉਮੀਦ ਹੈ ਕਿ ਅੰਤਰ-ਰਾਸ਼ਟਰੀ ਯਾਤਰਾ ਇਸ ਤੋਂ ਪਹਿਲਾਂ ਸ਼ੁਰੂ ਹੋ ਜਾਵੇਗੀ ਅਤੇ ਜੇਕਰ ਫਲਾਈਟਾਂ ਮੁੜ ਸ਼ੁਰੂ ਹੁੰਦੀਆਂ ਹਨ ਤਾਂ ਪੰਜਾਬ ਸਰਕਾਰ ਉਸ ਦਾ ਨਾਮ ਸੂਚੀ ਵਿੱਚ ਸ਼ਾਮਿਲ ਕਰਵਾਉਣ ਦਾ ਯਤਨ ਕਰੇਗੀ।

ਚੀਨ ਅਤੇ ਪਾਕਿਸਾਨ ਨਾਲ ਸਰਹੱਦੀ ਸਥਿਤੀ ਬਾਰੇ ਫਿਰੋਜ਼ਪੁਰ ਵਾਸੀ ਵੱਲੋਂ ਜ਼ਾਹਰ ਕੀਤੇ ਸਰੋਕਾਰ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤੀ ਫੌਜ ਇਨਾਂ ਦੋਵਾਂ ਮੁਲਕਾਂ ਨਾਲ ਨਿੱਜੀ ਰੂਪ ਜਾਂ ਸਾਂਝੇ ਤੌਰ ‘ਤੇ ਹਰ ਪ੍ਰਕਾਰ ਦੇ ਖਤਰਿਆਂ ਨਾਲ ਨਜਿੱਠਣ ਦੇ ਯੋਗ ਹੈ। ਉਨਾਂ ਕਿਹਾ ਕਿ ‘‘ਪ੍ਰਮਾਤਮਾ ਦੀ ਕਿਰਪਾ ਸਦਕਾ, ਭਾਰਤ ਅਤੇ ਪੰਜਾਬ ਸੁਰੱਖਿਅਤ ਰਹਿਣਗੇ ਅਤੇ ਤਰੱਕੀ ਕਰਨਗੇ’’

ਕੈਪਟਨ ਅਮਰਿੰਦਰ ਸਿੰਘ ਵੱਲੋਂ ਇਕ ਸਵਾਲ ਕਰਤਾ ਨੂੰ ਭਰੋਸਾ ਦਿੱਤਾ ਗਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਵੱਡੀ ਪੱਧਰ ’ਤੇ ਮਨਾਏ ਜਾਣ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।

ਬਾਇਓਮਾਸ ਬਿ੍ਰਕਸ ਯੂਨਿਟ ਪਟਿਆਲਾ ਵਿਖੇ ਬਿਜਲੀ ਕੱਟਾਂ ਅਤੇ ਸੜਕਾਂ ਦੀ ਬੁਰੀ ਹਾਲਤ ਬਾਰੇ ਪੁੱਛੇ ਜਾਣ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਸਬੰਧਤ ਵਿਭਾਗ ਨੂੰ ਇਸ ਮਸਲੇ ਬਾਰੇ ਦੇਖਣ ਅਤੇ ਸਮੱਸਿਆ ਦੇ ਹੱਲ ਲਈ ਆਖਣਗੇ।

ਖਰੜ ਫਲਾਈਓਵਰ ਦੇ ਖੁੱਲਣ ‘ਚ ਹੋ ਰਹੀ ਦੇਰੀ ਸਬੰਧੀ ਸਵਾਲ ਬਾਰੇ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਭਾਰਤ ਦੀ ਕੌਮੀ ਹਾਈਵੇ ਅਥਾਰਟੀ ਦਾ ਪ੍ਰਾਜੈਕਟ ਹੈ ਅਤੇ ਕੋਵਿਡ ਕਰਕੇ ਇਸ ਵਿੱਚ ਦੇਰੀ ਹੋਈ ਹੈ ਪਰ ਹੁਣ ਇਸਦਾ ਕੰਮ ਮੁੜ ਸ਼ੁਰੂ ਹੋ ਚੁੱਕਿਆ ਹੈ ਅਤੇ ਉਨਾਂ ਦੀ ਸਰਕਾਰ ਇਸ ਸਬੰਧੀ ਭਾਰਤ ਸਰਕਾਰ ਨਾਲ ਪ੍ਰਾਜੈਕਟ ਦੀ ਪੈਰਵਾਈ ਕਰ ਰਹੀ ਹੈ। ਉਨਾਂ ਯਾਦ ਕਰਵਾਇਆ ਕਿ ਖਰੜ ਬਾਈਪਾਸ ਦੀ ਉਸਾਰੀ ਉਨਾ ਦੇ ਪਿਛਲੇ ਕਾਰਜਕਾਲ ਵੇਲੇ ਹੋਈ ਸੀ।
ਕਲਾਸਾਂ ਨਾ ਲੱਗਣ ‘ਤੇ ਸਕੂਲ ਫੀਸਾਂ ਬਾਰੇ ਹਾਈ ਕੋਰਟ ਦੇ ਫੈਸਲੇ ਬਾਰੇ ਪੁੱਛੇ ਸਵਾਲ ਬਾਰੇ, ਮੁੱਖ ਮੰਤਰੀ ਨੇ ਕਿਹਾ ਕਿ ਉਹ ਖੁਦ ਵੀ ਇਸ ਬਾਰੇ ਖੁਸ਼ ਨਹੀਂ ਅਤੇ ਪੰਜਾਬ ਸਰਕਾਰ ਵੱਲੋਂ ਹਾਈ ਕੋਰਟ ਵਿੱਚ ਰੀਵਿਊ ਪਟੀਸ਼ਨ ਪਾਏ ਜਾਣ ਦਾ ਕੰਮ ਪ੍ਰਿਆ ਅਧੀਨ ਹੈ।

ਮੁੱਖ ਮੰਤਰੀ ਵੱਲੋਂ ਫਾਜ਼ਿਲਕਾ ਦੀ ਮਨਪ੍ਰੀਤ ਕੌਰ, ਜੌ ਇਕ ਦੁਰਘਟਨਾ ਪੀੜਤ ਹੈ ਜਿਸਨੂੰ ਪਿਛਲੀ ਸਰਕਾਰ ਵੱਲੋਂ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਨੂੰ ਭਰੋਸਾ ਦਿੱਤਾ ਗਿਆ ਕਿ ਉਹ ਇਸ ਬਾਰੇ ਟਿੱਪਣੀ ਨਹੀਂ ਕਰਨਗੇ ਕਿ ਅਕਾਲੀ-ਭਾਜਪਾ ਸਰਕਾਰ ਨੇ ਕੀ ਕੀਤਾ ਪਰ ‘‘ਅਸੀਂ ਸਰਕਾਰ ਦੀ ਵਚਨਬੱਧਤਾ ਪੂਰੀ ਕਰਾਂਗੇ‘‘।

ਲੁਧਿਆਣਾ ‘ਚ ਵਿਕਾਸ ਤਰਤੀਬ ਬੱਧ ਰੂਪ ਵਿੱਚ ਨਾ ਹੋਣ ਬਾਰੇ ਕੀਤੀ ਸ਼ਿਕਾਇਤ ਸਬੰਧੀ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਕਾਸ ਮਾਸਟਰ ਪਲਾਨ ਅਨੁਸਾਰ ਹੋ ਰਿਹਾ ਹੈ ਪਰ ਜੇਕਰ ਕੋਈ ਵਿਸ਼ੇਸ਼ ਮੁੱਦਾ ਹੈ ਤਾਂ ਉਸਦਾ ਹੱਲ ਕੀਤਾ ਜਾਵੇਗਾ।

ਐਂਬੂਲੈਂਸ ਫਲੀਟ ਨੂੰ ਸੂਬੇ ਅੰਦਰ ਮਜ਼ਬੂਤ ਕਰਨ ਬਾਰੇ ਉਨਾਂ ਕਿਹਾ ਕਿ 400 ਦਾ ਟੀਚਾ ਇਸੇ ਸਾਲ ਪੂਰਾ ਕਰ ਲਿਆ ਜਾਵੇਗਾ। ਇਕ ਹੋਰ ਸਵਾਲ ਬਾਰੇ ਉਨਾਂ ਕਿਹਾ ਕਿ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਵਿੱਚ 750 ਸਟੇਡੀਅਮ ਉਸਾਰੇ ਜਾਣਗੇ ਅਤੇ ਪ੍ਰਤੀ ਬਲਾਕ 5 ਹੋਣਗੇ।