Punjab
ਅਮਰੀਕਾ ਭਾਰਤ ਨੂੰ 21ਵੀ ਸਦੀ ਤੋਂ 18 ਵੀ ਸਦੀ ਵਿੱਚ ਪਹੁੰਚਾ ਸਕਦੈ !
ਪਿਛਲੇ ਕੁੱਝ ਸਮੇਂ ਤੋਂ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਵਿੱਚ ਥੋੜ੍ਹੀ ਤਲਖ਼ੀ ਨਜ਼ਰ ਆ ਰਹੀ ਹੈ। ਅਮਰੀਕਾ ਨੇ ਭਾਰਤ ਦੀਆਂ ਵਸਤਾਂ ਉੱਪਰ 50 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਅਤੇ ਇਸ ਤੋਂ ਪਹਿਲਾਂ ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਭਾਰਤੀ ਪਰਵਾਸੀਆਂ ਨੂੰ ਬੇਇੱਜ਼ਤ ਕਰਕੇ ਅਮਰੀਕਾ ਵਿੱਚੋਂ ਕੱਢਿਆ ਗਿਆ ਤਾਂ ਇਨ੍ਹਾਂ ਵਿਗੜਦੇ ਹਾਲਾਤ ਵਿੱਚ ਬਹੁਤੇ ਲੋਕਾਂ ਵੱਲੋਂ ਇਹ ਰਾਇ ਦਿੱਤੀ ਗਈ ਕਿ ਭਾਰਤ ਹੁਣ ਸਮਰੱਥ ਹੈ ਅਗਰ ਅਮਰੀਕਾ ਨਾਲ ਸਬੰਧ ਖ਼ਰਾਬ ਵੀ ਹੋ ਜਾਂਦੇ ਹਨ ਤਾਂ ਭਾਰਤ ਨੂੰ ਫਰਕ ਨਹੀਂ ਪੈਣ ਵਾਲਾ। ਲੇਕਿਨ ਅਜਿਹਾ ਸੋਚਣ ਵਾਲੇ ਲੋਕਾਂ ਨੂੰ ਪੂਰਾ ਗਿਆਨ ਨਹੀਂ ਹੈ। ਇਕੱਲਾ ਭਾਰਤ ਹੀ ਨਹੀਂ ਇਸ ਸਮੇਂ ਦੁਨੀਆਂ ਦੇ ਬਹੁਤੇ ਦੇਸ਼ ਅਮਰੀਕਾ ਉੱਪਰ ਨਿਰਭਰ ਹਨ। ਇਸ ਲਈ ਅਸੀਂ ਅਮਰੀਕਾ ਨਾਲ ਸਬੰਧ ਖ਼ਰਾਬ ਕਰਕੇ ਚਾਰ ਕਦਮ ਨਹੀਂ ਚੱਲ ਸਕਦੇ। ਅਮਰੀਕਾ ਇੰਨੀ ਸਮਰੱਥਾ ਰੱਖਦਾ ਹੈ ਕਿ ਭਾਰਤ ਨੂੰ ਇੱਕੀਵੀਂ ਸਦੀ ਤੋਂ ਅਠਾਰ੍ਹਵੀਂ ਸਦੀ ਵਿੱਚ ਲਿਆ ਸਕਦਾ ਹੈ।
ਸੋਚੋ ਜੇ ਅਮਰੀਕਾ ਗੂਗਲ ਨੂੰ ਭਾਰਤ ਵਿੱਚ ਬੰਦ ਕਰ ਦੇਵੇ। ਸਭ ਤੋਂ ਪਹਿਲਾ ਝਟਕਾ ਉੱਥੇ ਲੱਗੇਗਾ ਜਿੱਥੇ ਬਿਨਾਂ ਡਿਜੀਟਲ ਸਹਾਇਤਾ ਦੇ ਕੰਮ ਚੱਲ ਹੀ ਨਹੀਂ ਸਕਦਾ। ਦਫਤਰਾਂ ਵਿੱਚ ਹਰ ਰੋਜ਼ ਕਰੋੜਾਂ ਈਮੇਲ ਆਉਂਦੀਆਂ ਜਾਂ ਭੇਜੀਆਂ ਜਾਂਦੀਆਂ ਹਨ। ਜੀਮੇਲ ਬੰਦ ਹੋਇਆ ਤਾਂ ਸਰਕਾਰੀ ਫਾਇਲਾਂ ਤੋਂ ਲੈ ਕੇ ਨਿੱਜੀ ਕੰਪਨੀਆਂ ਦੇ ਪ੍ਰੋਜੈਕਟ ਸਭ ਅਟਕ ਜਾਣਗੇ। ਕਾਰੋਬਾਰੀ ਗੂਗਲ ਡਰਾਈਵ, ਡੌਕਸ ਜਾਂ ਮੀਟ ਤੋਂ ਬਿਨਾਂ ਕੰਮ ਚਲਾਉਣ ਲਈ ਮੁੜ ਕਾਗਜ਼ੀ ਕਾਰਵਾਈ ’ਤੇ ਆਉਣਗੇ, ਜਿਸ ਨਾਲ ਸਮਾਂ ਅਤੇ ਪੈਸਾ ਦੋਵੇਂ ਬੇਹੱਦ ਖ਼ਰਾਬ ਹੋਣਗੇ। ਬੈਂਕਿੰਗ ਸੈਕਟਰ ਦੀ ਗੱਲ ਕਰੀਏ ਤਾਂ ਹਾਲ ਹੋਰ ਵੀ ਗੰਭੀਰ ਹੋਵੇਗਾ। ਅੱਜ ਆਨਲਾਈਨ ਟ੍ਰਾਂਜ਼ੈਕਸ਼ਨ, ਲੋਨ ਪ੍ਰੋਸੈਸਿੰਗ, ਡਿਜੀਟਲ ਸਾਈਨਿੰਗ—ਇਹ ਸਭ ਗੂਗਲ ਦੀਆਂ ਵੱਖ-ਵੱਖ ਸੇਵਾਵਾਂ ਨਾਲ ਜੁੜੇ ਹਨ। ਜੇ ਗੂਗਲ ਦੀਆਂ ਸਹੂਲਤਾਂ ਨਾ ਰਹਿਣ ਤਾਂ ਬੈਂਕਾਂ ਦੇ ਗਾਹਕ ਘੰਟਿਆਂਬੱਧੀ ਲੰਬੀਆਂ ਲਾਈਨਾਂ ਵਿੱਚ ਖੜ੍ਹੇ ਹੋਣਗੇ। ਫੰਡਾਂ ਦੀ ਆਵਾਜਾਈ ਸੁਸਤ ਹੋ ਜਾਵੇਗੀ ਅਤੇ ਆਰਥਿਕ ਮਸ਼ੀਨਰੀ ਹੌਲੀ ਹੋ ਜਾਣੀ ਕੁਦਰਤੀ ਗੱਲ ਹੈ।
ਰੋਜ਼ਮਰ੍ਹਾ ਦੇ ਜੀਵਨ ਵਿੱਚ ਵੀ ਗੂਗਲ ਮੈਪਸ, ਯੂਟਿਊਬ ਅਤੇ ਐਂਡਰਾਇਡ ਦਾ ਅਹਿਮ ਰੋਲ ਹੈ। ਜੇ ਮੈਪਸ ਬੰਦ ਹੋ ਗਿਆ ਤਾਂ ਲੋਕਾਂ ਨੂੰ ਸਫ਼ਰ ਦੌਰਾਨ ਮੁੜ ਰਸਤਾ ਪੁੱਛਣੀ ਪੁਰਾਣੀ ਆਦਤ ਵਾਪਸ ਲੈ ਕੇ ਆਉਣੀ ਪਵੇਗੀ। ਯੂਟਿਊਬ ਬਿਨਾਂ ਨਾਂ ਹੀ ਮਨੋਰੰਜਨ ਰਹੇਗਾ ਤੇ ਨਾਂ ਹੀ ਸਿੱਖਿਆ ਦਾ ਉਹ ਸੌਖਾ ਸਰੋਤ ਜੋ ਅੱਜ ਹਰ ਘਰ ਵਿੱਚ ਉਪਲਬਧ ਹੈ। ਐਂਡਰਾਇਡ ਆਪਰੇਟਿੰਗ ਸਿਸਟਮ, ਜੋ ਭਾਰਤ ਵਿੱਚ ਮੋਬਾਈਲਾਂ ਦੀ ਵੱਡੀ ਬਹੁਗਿਣਤੀ ਚਲਾ ਰਿਹਾ ਹੈ, ਉਸ ’ਤੇ ਵੀ ਵੱਡਾ ਸੰਕਟ ਆ ਸਕਦਾ ਹੈ। ਸਾਰੇ ਐਪ ਬੰਦ ਹੋ ਜਾਣਗੇ ਕਿਉੰਕਿ ਐਪ ਪਲੇਅ ਸਟੋਰ ਤੋਂ ਮਿਲਦੇ ਹਨ ਅਤੇ ਪਲੇਅ ਸਟੋਰ ਗੁੱਗਲ ਦਾ ਹੈ।
ਇਸ ਸਾਰੇ ਖਾਲੀਪਨ ਨੂੰ ਭਰਨ ਲਈ ਕੁਝ ਲੋਕ ਚੀਨ ਵੱਲ ਦੇਖਦੇ ਹਨ। ਪਰ ਹਕੀਕਤ ਇਹ ਹੈ ਕਿ ਚੀਨ ਦੇ ਪਲੇਟਫਾਰਮ ਨਾ ਤਾਂ ਇੰਨੇ ਮਜ਼ਬੂਤ ਹਨ ਅਤੇ ਨਾ ਹੀ ਇੰਨੇ ਭਰੋਸੇਯੋਗ। ਭਾਰਤੀ ਯੂਜ਼ਰਾਂ ਅਤੇ ਕਾਰੋਬਾਰਾਂ ਨੂੰ ਉਹੋ ਜਿਹਾ ਖੁੱਲ੍ਹਾਪਣ, ਸੁਰੱਖਿਆ ਅਤੇ ਗਲੋਬਲ ਕਬੂਲੀਅਤ ਚੀਨੀ ਐਪਸ ਵਿੱਚ ਨਹੀਂ ਮਿਲ ਸਕਦੀ। ਇਸ ਲਈ ਚੀਨ ਜਿੰਨੇ ਮਰਜ਼ੀ ਦਾਅਵੇ ਕਰੇ ਪਰ ਅਜੇ ਉਹ ਅਮਰੀਕਾ ਦਾ ਬਦਲ ਨਹੀਂ ਬਣ ਸਕਦਾ।
ਇਸ ਲਈ ਸਪੱਸ਼ਟ ਹੈ ਕਿ ਗੂਗਲ ਦੇ ਬੰਦ ਹੋਣ ਨਾਲ ਭਾਰਤ ਸਿਰਫ਼ ਤਕਨੀਕੀ ਝਟਕੇ ਦਾ ਸ਼ਿਕਾਰ ਨਹੀਂ ਹੋਵੇਗਾ, ਸਗੋਂ ਉਸਦਾ ਪੂਰਾ ਆਰਥਿਕ ਅਤੇ ਸਮਾਜਿਕ ਢਾਂਚਾ ਹਿੱਲ ਜਾਵੇਗਾ। ਸਿਰਫ ਇੰਟਰਨੈਟ ਦੇ ਮਾਮਲੇ ਵਿੱਚ ਹੀ ਨਹੀਂ ਅਸੀਂ ਆਰਥਿੱਕ, ਤਕਨੀਕੀ, ਸਿੱਖਿਆ, ਰੁਜ਼ਗਾਰ ਅਤੇ ਰੱਖਿਆ ਮਾਮਲਿਆਂ ਵਿੱਚ ਵੀ ਅਮਰੀਕਾ ਉੱਪਰ ਨਿਰਭਰ ਹਾਂ। ਆਖਿਰ ਵਿੱਚ ਅਸੀਂ ਇਹ ਹੀ ਕਹਾਂਗੇ ਕਿ ਸਾਨੂੰ ਅਮਰੀਕਾ ਨਾਲ ਸਬੰਧ ਖ਼ਰਾਬ ਕਰਨ ਦਾ ਨੁਕਸਾਨ ਹੈ ਸਬੰਧ ਸੁਖਾਵੇਂ ਬਣੇ ਰਹਿਣ ਇਸ ਵਿੱਚ ਹੀ ਫਾਇਦਾ ਹੈ ਪਰ ਇਸ ਸਭ ਦੇ ਨਾਲ ਸਾਡਾ ਸਵੈਮਾਣ ਜ਼ਰੂਰ ਕਾਇਮ ਰਹਿਣਾ ਚਾਹੀਦਾ ਹੈ। ਅਸੀਂ ਇੱਥੇ ਇਹ ਵੀ ਕਹਿਣਾ ਚਾਹਾਂਗੇ ਕਿ ਭਾਰਤ ਨੇ ਅਗਰ ਸਵੈ ਨਿਰਭਰ ਹੋਣਾ ਹੈ ਗੁੱਗਲ ਵਰਗੇ ਆਪਣੇ ਪਲੇਟਫਾਰਮ ਤਿਆਰ ਕਰ ਲੈਣੇ ਹਨ।

