Punjab
ਚੰਡੀਗੜ੍ਹ ‘ਚ ਅੰਤਰਰਾਸ਼ਟਰੀ ਨਸ਼ਾ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼,ਪੁਲਿਸ ਨੇ 78.38 ਲੱਖ ਰੁਪਏ ਕੀਤੇ ਬਰਾਮਦ
ਚੰਡੀਗੜ੍ਹ,12 ਅਗਸਤ 2023: ਚੰਡੀਗੜ੍ਹ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ 78 ਲੱਖ 38 ਹਜ਼ਾਰ 200 ਰੁਪਏ, 108 ਗ੍ਰਾਮ ਐਮਫੇਟਾਮਾਈਨ ਆਈਸ, 200.48 ਗ੍ਰਾਮ ਹੈਰੋਇਨ, ਇੱਕ ਦੇਸੀ ਪਿਸਤੌਲ ਅਤੇ ਪੰਜ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਪੁਲੀਸ ਨੇ ਮੁਲਜ਼ਮ ਸ਼ੁਭਮ ਜੈਨ ਵਾਸੀ ਸੈਕਟਰ 45 ਚੰਡੀਗੜ੍ਹ ਅਤੇ ਪੁਨੀਤ ਕੁਮਾਰ ਵਾਸੀ ਨਿਫ਼ਿਰੋਜ਼ਪੁਰ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਬਾਕੀ ਚਾਰ ਮੁਲਜ਼ਮਾਂ ਨੂੰ ਕੱਲ੍ਹ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਇਹ ਮਾਮਲਾ ਹੈ
ਪੁਲਿਸ ਨੇ 24 ਜੁਲਾਈ ਨੂੰ ਸ਼ੁਭਮ ਜੈਨ ਨਾਮ ਦੇ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਤੋਂ ਪੁੱਛਗਿੱਛ ਦੌਰਾਨ ਪੰਜਾਬ ਪੁਲਿਸ ਦੇ ਏ.ਐਸ.ਆਈ ਪੁੱਤਰ ਪੁਨੀਤ ਕੁਮਾਰ ਨੂੰ ਫਿਰੋਜ਼ਪੁਰ ਤੋਂ ਇੱਕ ਦੇਸੀ ਪਿਸਤੌਲ ਸਮੇਤ ਕਾਬੂ ਕੀਤਾ ਗਿਆ। ਪੁਨੀਤ ਕੁਮਾਰ ਤੋਂ ਪੁੱਛਗਿੱਛ ਵਿਚ ਪਵਨਪ੍ਰੀਤ ਸਿੰਘ, ਰਵਿੰਦਰਪਾਲ ਸਿੰਘ ਅਤੇ ਚੰਦਨ ਨਾਂ ਦੇ ਵਿਅਕਤੀਆਂ ਦਾ ਖੁਲਾਸਾ ਹੋਇਆ ਹੈ। ਇਹ ਸਾਰੇ ਨਸ਼ੇ ਦੀ ਸਪਲਾਈ ਕਰਦੇ ਸਨ।
ਰਵਿੰਦਰਪਾਲ ਸਿੰਘ ਤੋਂ ਪੁੱਛਗਿੱਛ ਦੌਰਾਨ ਜਗਜੀਤ ਉਰਫ ਜੱਗਾ ਦਾ ਨਾਂ ਸਾਹਮਣੇ ਆਇਆ। ਪੁਲੀਸ ਉਸ ਨੂੰ ਫਿਰੋਜ਼ਪੁਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਹੈ। ਉਹ ਜੇਲ੍ਹ ਵਿੱਚ ਬੈਠ ਕੇ ਨਸ਼ਾ ਤਸਕਰੀ ਦਾ ਧੰਦਾ ਕਰਦਾ ਸੀ।
ਵਿਦੇਸ਼ ਬੈਠੇ ਅੱਤਵਾਦੀ ਨੈੱਟਵਰਕ ਚਲਾ ਰਹੇ ਸਨ
ਪੁਲਸ ਨੇ ਜੱਗਾ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਫਿਰੋਜ਼ਪੁਰ ਨਿਵਾਸੀ ਸਿਮਰਨ ਸਿੰਘ ਡਰੱਗ ਰੈਕੇਟ ਦਾ ਅਸਲ ਮਾਸਟਰਮਾਈਂਡ ਹੈ। ਉਹ ਇਸ ਸਮੇਂ ਮੈਲਬੌਰਨ, ਆਸਟ੍ਰੇਲੀਆ ਵਿੱਚ ਰਹਿ ਰਿਹਾ ਹੈ। ਪਾਕਿਸਤਾਨ ਦੇ ਨਸ਼ਾ ਤਸਕਰ ਆਰਿਫ਼ ਡੋਂਗਰਾ ਰਾਹੀਂ ਨਸ਼ਾ ਭਾਰਤ ਪਹੁੰਚਦਾ ਹੈ ਅਤੇ ਹਵਾਲਾ ਰਾਹੀਂ ਪੈਸਾ ਪਾਕਿਸਤਾਨ ਭੇਜਿਆ ਜਾਂਦਾ ਹੈ।