Punjab
ਪੰਜਾਬ ‘ਚ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਹੋਇਆ 1225 ਕਰੋੜ ਰੁਪਏ ਦਾ ਨਿਵੇਸ਼

5 ਨਵੰਬਰ 2023: ਭਾਰਤ ਅਤੇ ਵਿਦੇਸ਼ਾਂ ਦੀਆਂ ਕਈ ਨਾਮੀ ਕੰਪਨੀਆਂ ਨੇ ਪੰਜਾਬ ਵਿੱਚ ਫੂਡ ਪ੍ਰੋਸੈਸਿੰਗ ਅਤੇ ਹੋਰ ਸਹਾਇਕ ਉਦਯੋਗਾਂ ਵਿੱਚ ਦਿਲਚਸਪੀ ਦਿਖਾਈ ਹੈ ਅਤੇ 1225 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਨਾਲ ਆਉਣ ਵਾਲੇ ਸਮੇਂ ਵਿੱਚ ਪੰਜ ਹਜ਼ਾਰ ਤੋਂ ਵੱਧ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਸੂਬਾ ਤਰੱਕੀ ਦੀ ਰਾਹ ‘ਤੇ ਅੱਗੇ ਵਧੇਗਾ। ਇਨ੍ਹਾਂ ਸਮਝੌਤਿਆਂ ‘ਤੇ ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿਖੇ ਚੱਲ ਰਹੇ ਵਿਸ਼ਵ ਫੂਡ ਇੰਡੀਆ-2023 ਦੇ ਦੂਜੇ ਐਡੀਸ਼ਨ ਵਿੱਚ ਭਾਈਵਾਲ ਰਾਜ ਵਜੋਂ ਪੰਜਾਬ ਦੀ ਮੌਜੂਦਗੀ ਵਿੱਚ ਹਸਤਾਖਰ ਕੀਤੇ ਗਏ। ਰਾਜ ਦੇ ਨਿਵੇਸ਼ ਪ੍ਰਮੋਸ਼ਨ ਮੰਤਰੀ ਅਨਮੋਲ ਗਗਨ ਮਾਨ ਨੇ ਇਸ ਮੌਕੇ ਉਦਯੋਗਪਤੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਉਦਯੋਗਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ।
ਇਹ ਅੰਤਰਰਾਸ਼ਟਰੀ ਮੈਗਾ ਫੂਡ ਈਵੈਂਟ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸਰਕਾਰ ਦੇ ਸੀਨੀਅਰ ਨੁਮਾਇੰਦੇ, ਨਿਵੇਸ਼ਕ ਅਤੇ ਪ੍ਰਮੁੱਖ ਗਲੋਬਲ ਅਤੇ ਘਰੇਲੂ ਐਗਰੀ-ਫੂਡ ਕੰਪਨੀਆਂ ਦੇ ਨੇਤਾ ਮੌਜੂਦ ਸਨ। ਪਿਛਲੇ ਡੇਢ ਸਾਲ ਦੌਰਾਨ ਪੰਜਾਬ ਸਰਕਾਰ ਨੇ ਇਨਵੈਸਟ ਪੰਜਾਬ ਸਮਿਟ ਅਤੇ ਗਵਰਨਮੈਂਟ-ਇੰਡਸਟਰੀਲਿਸਟ ਮੀਟ ਪ੍ਰੋਗਰਾਮ ਕਰਵਾ ਕੇ ਪੰਜਾਬ ਵਿੱਚ ਨਿਵੇਸ਼ਕਾਂ ਦੀ ਦਿਲਚਸਪੀ ਵਿੱਚ ਵਾਧਾ ਕੀਤਾ ਹੈ। ਇਸ ਤੋਂ ਬਾਅਦ ਸੂਬੇ ਵਿੱਚ ਨਿਵੇਸ਼ ਲਈ ਰਾਹ ਪੱਧਰਾ ਹੋ ਗਿਆ ਹੈ। ਯਾਦ ਰਹੇ ਕਿ ਇਸ ਤੋਂ ਪਹਿਲਾਂ ਟਾਟਾ ਸਟੀਲ ਵਰਗੀਆਂ ਕਈ ਨਾਮੀ ਕੰਪਨੀਆਂ ਨੇ ਪੰਜਾਬ ਵਿੱਚ ਨਿਵੇਸ਼ ਕੀਤਾ ਸੀ। ਨੀਦਰਲੈਂਡ ਦੀ ਕੰਪਨੀ ਰਾਜਪੁਰਾ ਵਿੱਚ ਆਪਣਾ ਪਲਾਂਟ ਲਗਾ ਰਹੀ ਹੈ।