Connect with us

Punjab

ਸੁਖਬੀਰ ਬਾਦਲ ਨੂੰ ਤਨਖਾਹ ਲਗਾਉਣ ਵਾਲੇ ਜਥੇਦਾਰ ਨਤੀਜੇ ਭੁਗਤ ਰਹੇ ਨੇ ਜਾਂ ਡਰੇ ਹੋਏ ਨੇ ?

Published

on

 ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਲਗਾਉਣ ਵਾਲੇ ਜਥੇਦਾਰ ਨਤੀਜੇ ਭੁਗਤ ਰਹੇ ਹਨ ਜਾਂ ਡਰੇ ਹੋਏ ਨੇ? 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੁਖਬੀਰ ਸਿੰਘ ਬਾਦਲ ਅਤੇ ਹੋਰ ਵੱਡੇ ਅਕਾਲੀ ਆਗੂਆਂ ਨੂੰ ਤਨਖਾਹ ਲਗਾਈ ਗਈ ਸੀ। ਇਨ੍ਹਾਂ ਆਗੂਆਂ ਉੱਪਰ ਦੋਸ਼ ਸੀ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਬੇਅਦਬੀਆਂ ਦਾ ਵਿਰੋਧ ਕਰਦੇ ਸਿੱਖਾਂ ਉੱਪਰ ਪੁਲਿਸ ਨੇ ਬਹਿਬਲ ਕਲਾਂ ਵਿਖੇ ਗੋਲੀਆਂ ਚਲਾ ਕੇ ਦੋ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਸੀ ਅਤੇ ਸਿਰਸਾ ਸਾਧ ਨੂੰ ਮੁਆਫੀ ਦੇਣ ਦੇ ਗੁਨਾਹ ਕਰਨ ਦੇ ਦੋਸ਼ਾਂ ਤਹਿਤ ਅਕਾਲੀ ਆਗੂਆਂ ਨੂੰ ਤਨਖਾਹ ਲਗਾਈ ਗਈ ਸੀ। ਸੁਖਬੀਰ ਸਿੰਘ ਬਾਦਲ ਤੋਂ ਇਹ ਗੁਨਾਹ ਕਬੂਲ ਕਰਵਾਏ ਗਏ ਸਨ। ਇਸ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਹੋਰ ਅਹਿਮ ਫੈਸਲਾ ਲਿਆ ਗਿਆ ਸੀ ਜਿਸ ਵਿੱਚ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਫਖਰ ਏ ਕੌਮ ਦਾ ਐਵਾਰਡ ਵਾਪਸ ਲਿਆ ਗਿਆ।

ਹੁਣ ਬਾਦਲ ਵਿਰੋਧੀਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਨੇ ਤਨਖਾਹ ਪੂਰੀ ਕੀਤੀ ਪਰ ਤਨਖਾਹ ਲਗਾਉਣ ਵਿੱਚ ਸਰਗਰਮ ਰਹੇ ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਰਘਬੀਰ ਸਿੰਘ ਨੂੰ ਸਬਕ ਸਿਖਾਉਣ ਦੀ ਠਾਣ ਲਈ ਸੀ। ਇਸੇ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਪਮਾਨਤ ਕਰਕੇ ਜ਼ਬਰੀ ਸੇਵਾ ਮੁਕਤ ਕੀਤਾ ਗਿਆ ਅਤੇ ਗਿਆਨੀ ਰਘਬੀਰ ਸਿੰਘ ਨੂੰ ਜਥੇਦਾਰੀ ਤੋਂ ਹਟਾ ਕੇ ਸ਼੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਬਣਾ ਦਿੱਤਾ ਗਿਆ। ਵਿਰੋਧੀ ਇਹ ਵੀ ਕਹਿ ਰਹੇ ਹਨ ਕਿ ਗਿਆਨੀ ਰਘਬੀਰ ਸਿੰਘ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸੇ ਕਰਕੇ ਗਿਆਨੀ ਰਘਬੀਰ ਸਿੰਘ ਨੇ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਸੀ ਕਿ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਕਰੀ ਤੋਂ ਹਟਾਇਆ ਜਾ ਸਕਦਾ ਹੈ। ਸਿੱਖ ਸੰਗਤ ਵੱਲੋਂ ਇਹ ਕਹਿ ਕੇ ਵਿਰੋਧ ਕੀਤਾ ਗਿਆ ਸੀ ਕਿ ਸਿੱਖ ਸੰਸਥਾਵਾਂ ਦੇ ਮੁੱਦੇ ਅਦਾਲਤਾਂ ਵਿੱਚ ਨਹੀਂ ਜਾਣੇ ਚਾਹੀਦੇ। ਸਿੱਖ ਸੰਗਤ ਦੇ ਵਿਰੋਧ ਪਿੱਛੋਂ ਗਿਆਨੀ ਰਘਬੀਰ ਸਿੰਘ ਹੁਰਾਂ ਨੇ ਆਪਣੀ ਪਟੀਸ਼ਨ ਵਾਪਸ ਲੈ ਲਈ ਸੀ। ਬਾਦਲ ਦਲ ਦੇ ਵਿਰੋਧੀਆਂ ਦੇ ਅੰਦਰੂਨੀ ਸੂਤਰਾਂ ਦੇ ਮੁਤਾਬਿਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛੇ ਗ੍ਰੰਥੀ ਸਿੰਘਾਂ ਦੀਆਂ ਗੱਡੀਆਂ ਵਾਪਸ ਲੈ ਲਈਆਂ ਸਨ। ਭਾਵੇਂ ਗਿਆਨੀ ਰਘਬੀਰ ਸਿੰਘ ਦੀ ਗੱਡੀ ਵਾਪਸ ਨਹੀਂ ਸੀ ਲਈ ਗਈ ਪਰ ਉਨ੍ਹਾਂ ਨੂੰ ਇਹ ਡਰ ਸੀ ਕਿ ਉਨ੍ਹਾਂ ਦੀ ਗੱਡੀ ਵਾਪਸ ਲੈ ਲਈ ਜਾਵੇਗੀ। ਇਸ ਕਰਕੇ ਉਨ੍ਹਾਂ ਨੇ ਪਹਿਲਾਂ ਇੱਕ ਡੇਰੇ ਤੋਂ ਗੱਡੀ ਲਈ ਅਤੇ ਆਲੋਚਨਾ ਹੋਣ ਤੋਂ ਬਾਅਦ ਆਪਣੀ ਨਿੱਜੀ ਗੱਡੀ ਖ੍ਰੀਦ ਲਈ ਹੈ। ਇਸ ਸਬੰਧ ਵਿੱਚ ਜਦੋਂ ਬਾਦਲ ਪੱਖੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁੱਝ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਕੁੱਝ ਵੱਖਰੇ ਤੱਥ ਸਾਹਮਣੇ ਆਏ ਹਨ।

ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਇਹ ਪ੍ਰਚਾਰ ਜੋ ਬਾਦਲ ਦਲ ਦੇ ਵਿਰੋਧੀਆਂ ਵੱਲੋਂ ਕੀਤਾ ਜਾ ਰਿਹਾ ਹੈ ਕਿ ਤਨਖਾਹ ਲਗਾਉਣ ਵਾਲੇ ਜਥੇਦਾਰਾਂ ਨੂੰ ਅਪਮਾਨਤ ਕੀਤਾ ਜਾ ਰਿਹਾ ਹੈ ਇਹ ਬਿਲਕੁੱਲ ਝੂਠਾ ਪ੍ਰਚਾਰ ਹੈ। ਬਾਦਲ ਪੱਖੀ ਸੂਤਰਾਂ ਨੇ ਦੱਸਿਆ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸੁਖਬੀਰ ਸਿੰਘ ਬਾਦਲ ਨੇ ਅਪਮਾਨਤ ਨਹੀਂ ਕੀਤਾ। ਉਨ੍ਹਾਂ ਖਿਲਾਫ ਬਹਿਰੀਨ ਦੇ ਦੌਰੇ ਸਮੇਂ ਨਾਲ ਗਈ ਬੀਬੀ ਦੀਆਂ ਫੋਟੋਆਂ ਸਾਹਮਣੇ ਆਉਣ ਤੇ ਜਾਂਚ ਕੀਤੀ ਗਈ ਜਿਸ ਮੁਤਾਬਿਕ ਉਹ ਦੋਸ਼ੀ ਪਾਏ ਗਏ। ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨਵੰਬਰ 2019 ਨੂੰ ਬਹਿਰੀਨ ਜਾਂਦੇ ਹਨ ਅਤੇ ਇੱਕ ਬੀਬੀ ਵੀ ਨਾਲ ਜਾਂਦੀ ਹੈ ਜਿਸਦੀਆਂ ਫੋਟੋਆਂ ਵਾਇਰਲ ਹੁੰਦੀਆਂ। ਜਦੋਂ ਇਹ ਚਰਚਾ ਛਿੜਦੀ ਹੈ ਤਾਂ ਗਿਆਨੀ ਹਰਪ੍ਰੀਤ ਸਿੰਘ ਬਹਿਰੀਨ ਦੇ ਗੁਰਦੁਆਰਾ ਸਿੱਖ ਟੈਂਪਲ ਸ਼੍ਰੀ ਗੁਰੂ ਸਿੰਘ ਸਭਾ ਤੋਂ 19 ਦਸੰਬਰ 2024 ਨੂੰ ਇੱਕ ਚਿੱਠੀ ਮੰਗਵਾਉਂਦੇ ਹਨ ਜਿਸ ਵਿੱਚ ਇਹ ਕਿਹਾ ਜਾਂਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਅਤੇ ਉਹ ਬੀਬੀ ਵੱਖ ਵੱਖ ਕਲਾਸ ਦੀ ਫਲਾਈਟ ਵਿੱਚ ਬਹਿਰੀਨ ਗਏ ਸਨ ਅਤੇ ਹੋਟਲ ਵਿੱਚ ਵੀ ਵੱਖ ਵੱਖ ਕਮਰਿਆਂ ਵਿੱਚ ਰੁਕੇ ਸਨ। ਬਾਦਲ ਪੱਖੀ ਸੂਤਰਾਂ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਉਸ ਬੀਬੀ ਨੂੰ ਹਰਿਆਣਾ ਕਮੇਟੀ ਵਿੱਚ ਸੈੱਟ ਕਰਵਾਇਆ ਹੈ ।ਇਨ੍ਹਾਂ ਸੂਤਰਾਂ ਨੇ ਅੱਗੇ ਕਿਹਾ ਕਿ ਇਹ ਦੋਸ਼ ਪ੍ਰਤੀਦੋਸ਼ ਦਾ ਸਿਲਸਿਲਾ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਵਿਰਸਾ ਸਿੰਘ ਵਲਟੋਹਾ ਗਿਆਨੀ ਹਰਪ੍ਰੀਤ ਸਿੰਘ ਦੇ ਖ਼ਿਲਾਫ਼ ਬੋਲਣਾ ਸ਼ੁਰੂ ਕਰਦੇ ਹਨ ਤੇ ਉਨ੍ਹਾਂ ਨੂੰ ਦਸ ਸਾਲ ਲਈ ਅਕਾਲੀ ਦਲ ਵਿੱਚੋਂ ਬਾਹਰ ਕਰਨ ਦਾ ਫੈਸਲਾ ਸੁਣਾਇਆ ਜਾਂਦਾ ਹੈ।

ਉਨ੍ਹਾਂ ਨੇ ਇਸ ਫੈਸਲੇ ਤੇ ਵੀ ਸਵਾਲ ਖੜ੍ਹੇ ਕੀਤੇ ਹਨ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿਆਸੀ ਸਜ਼ਾ ਨਹੀਂ ਸੁਣਾਈ ਜਾ ਸਕਦੀ। ਇਨ੍ਹਾਂ ਸੂਤਰਾਂ ਨੇ ਦੋ ਦਸੰਬਰ 2024 ਦੇ ਫੈਸਲੇ ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਹੈ ਕਿ ਉਸ ਦਿਨ ਤਿੰਨ ਵਿਅਕਤੀਆਂ ਨੂੰ ਫੈਸਲੇ ਵਿੱਚੋਂ ਇਸ ਲਈ ਬਾਹਰ ਕਰ ਦਿੱਤਾ ਗਿਆ ਸੀ ਕਿ ਉਹ ਦਾੜ੍ਹੀ ਕਾਲੀ ਕਰਦੇ ਹਨ ਜਾਂ ਕੱਟਦੇ ਹਨ ਜਿਨ੍ਹਾਂ ਵਿੱਚ ਬਲਵੰਤ ਸਿੰਘ ਰਾਮੂਵਾਲੀਆ, ਮਨਜਿੰਦਰ ਸਿੰਘ ਸਿਰਸਾ ਅਤੇ ਮਨਪ੍ਰੀਤ ਸਿੰਘ ਬਾਦਲ ਸ਼ਾਮਲ ਸਨ ਪਰ ਦਾੜ੍ਹੀ ਰੰਗਣ ਵਾਲੇ ਮਨਪ੍ਰੀਤ ਸਿੰਘ ਇਯਾਲੀ ਨੂੰ ਭਰਤੀ ਕਮੇਟੀ ਦਾ ਮੈਂਬਰ ਨਾਮਜ਼ਦ ਕਰ ਦਿੱਤਾ ਗਿਆ। ਗ੍ਰੰਥੀ ਸਿੰਘਾਂ ਤੋਂ ਗੱਡੀਆਂ ਵਾਪਸ ਲੈਣ ਦੇ ਮਾਮਲੇ ਸਬੰਧੀ ਬਾਦਲ ਪੱਖੀ ਸੂਤਰਾਂ ਨੇ ਦੱਸਿਆ ਹੈ ਕਿ ਗੱਡੀਆਂ ਵਾਪਸ ਨਹੀਂ ਲਈਆਂ ਗਈਆਂ ਸਗੋਂ ਇਹ ਪ੍ਰਬੰਧ ਕੀਤੇ ਗਏ ਹਨ ਕਿ ਜਿਸ ਵਿਅਕਤੀ ਨੂੰ ਗੱਡੀ ਦੀ ਲੋੜ ਪਵੇਗੀ ਉਹ ਡਰਾਈਵਰ ਨੂੰ ਫੋਨ ਕਰੇਗਾ ਗੱਡੀ ਪਹੁੰਚ ਜਾਵੇਗੀ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿ ਗੱਡੀਆਂ ਦੀ ਵਰਤੋਂ ਗ੍ਰੰਥੀ ਸਿੰਘਾਂ ਦੇ ਪਰਿਵਾਰਾਂ ਵੱਲੋਂ ਨਿੱਜੀ ਕੰਮਾਂ ਲਈ ਵਰਤੀਆਂ ਜਾ ਰਹੀਆਂ ਸਨ।

ਗਿਆਨੀ ਰਘਬੀਰ ਸਿੰਘ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਗੱਡੀ ਵਾਪਸ ਨਹੀਂ ਕੀਤੀ ਗਈ ਸਗੋਂ ਉਨ੍ਹਾਂ ਦੇ ਨਾਲ ਤਾਂ ਹੁਣ ਵੀ ਐਸਕੋਰਟ ਗੱਡੀਆਂ ਚੱਲਦੀਆਂ ਹਨ।ਹੁਣ ਇਹ ਵਿਚਾਰਨ ਵਾਲੀ ਗੱਲ ਹੈ ਕਿ ਗਿਆਨੀ ਰਘਬੀਰ ਸਿੰਘ ਸੱਚਮੁੱਚ ਹੀ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਘੁਟਨ ਮਹਿਸੂਸ ਕਰਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਅਦਾਲਤ ਦਾ ਰੁਖ਼ ਕਰਨਾ ਪਿਆ। ਜੇਕਰ ਸੁਖਬੀਰ ਸਿੰਘ ਬਾਦਲ ਸੱਚਮੁੱਚ ਬਦਲੇ ਦੀ ਭਾਵਨਾ ਨਾਲ ਤਨਖਾਹ ਲਗਾਉਣ ਵਾਲੇ ਜਥੇਦਾਰਾਂ ਨੂੰ ਅਪਮਾਨਤ ਕਰਵਾ ਰਹੇ ਹਨ ਤਾਂ ਇਹ ਬਹੁਤ ਹੀ ਅਫ਼ਸੋਸਨਾਕ ਹੈ। ਕੁੱਝ ਸਿੱਖ ਚਿੰਤਕਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ਸਾਡੇ ਅਕਾਲੀ ਆਗੂ ਹੱਥ ਜੋੜ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿਮਾਣੇ ਜਿਹੇ ਇਨਸਾਨ ਬਣ ਕੇ ਖੜ ਜਾਂਦੇ ਹਨ ਪਰ ਦੂਜੇ ਪਾਸੇ ਉਹ ਚਾਹੁੰਦੇ ਹਨ ਕਿ ਸਿੰਘ ਸਾਹਿਬਾਨ ਉਨ੍ਹਾਂ ਦੀ ਮਰਜ਼ੀ ਦੇ ਫੈਸਲੇ ਸੁਣਾਉਣ। ਅਕਾਲੀ ਦਲ ਦੇ ਪਤਨ ਦਾ ਵੱਡਾ ਕਾਰਨ ਇਹ ਹੈ ਕਿ ਸਾਡੇ ਅਕਾਲੀ ਆਗੂ ਸਿੱਖ ਸੰਗਤ ਨੂੰ ਮੂਰਖ ਸਮਝਦੇ ਹਨ। ਗੁਰਮਤਿ ਅਨੁਸਾਰ ਸੰਗਤ ਨੂੰ ਗੁਰੂ ਦੇ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਹੈ। ਇਸੇ ਲਈ ਸੰਗਤ ਨੂੰ ਮੂਰਖ ਸਮਝਣ ਵਾਲੇ ਅਤੇ ਮੂਰਖ ਬਣਾਉਣ ਵਾਲੇ ਲੋਕਾਂ ਨੂੰ ਸੰਗਤ ਨੇ ਨਕਾਰ ਦਿੱਤਾ ਹੈ ਅਤੇ ਚੋਣਾਂ ਵਿੱਚ ਇਨ੍ਹਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਰਹੀਆਂ ਹਨ।ਹਾਲੇ ਵੀ ਸਮਾਂ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋਂ ਕਰਨ ਵਾਲੇ ਸਿੱਖ ਸਿਆਸਤਦਾਨ ਦਿਲੋਂ ਮੁਆਫੀ ਮੰਗ ਕੇ ਸੰਗਤ ਵਿੱਚ ਜਾਣ, ਬਖਸ਼ੇ ਜਾਣਗੇ।

ਕੁਲਵੰਤ ਸਿੰਘ ਗੱਗੜਪੁਰੀ