Connect with us

Punjab

ਦਿਲ ਦਾ ਦੌਰਾ ਪੈਣ ਕਾਰਨ ASI ਦੀ ਮੌਤ , ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸੰਸਕਾਰ

Published

on

ਗੁਰਦਾਸਪੁਰ : ਜਿੱਥੇ ਇਕ ਪਾਸੇ ਅੱਤ ਦੀ ਗਰਮੀ ਪੈ ਰਹੀ ਹੈ, ਜਿਸ ਕਾਰਨ ਲੋਕਾਂ ਦਾ ਜੀਣਾ ਮੁਸ਼ਕਲ ਹੋ ਰਿਹਾ ਹੈ, ਉਥੇ ਹੀ ਦੂਜੇ ਪਾਸੇ ਗਰਮੀ ਦਿਨੋਂ-ਦਿਨ ਵਧਦੀ ਜਾ ਰਹੀ ਹੈ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਦੀਨਾਨਗਰ ਦੇ ਪਿੰਡ ਧੂਤ ਵਾਸੀ ਪੰਜਾਬ ਪੁਲਿਸ ਦੇ ਇੱਕ ਏ.ਐਸ.ਆਈ. ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ |

ਮ੍ਰਿਤਕ ਦੇ ਭਰਾ ਅਸ਼ਵਨੀ ਸ਼ਰਮਾ ਨੇ ਸਾਂਝੀ ਕੀਤੀ ਜਾਣਕਾਰੀ 

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਉਸ ਦਾ ਭਰਾ ਏ.ਐੱਸ.ਆਈ. ਸਤਪਾਲ ਸ਼ਰਮਾ ਜਿਸ ਦੀ ਉਮਰ 50 ਸਾਲ ਹੈ ਜੋ ਕਿ ਗੁਰਦਾਸਪੁਰ ਦੇ ਐਸ.ਐਸ.ਪੀ. ਦਫ਼ਤਰ ਦੀ ਫਿੰਗਰ ਪ੍ਰਿੰਟ ਸ਼ਾਖਾ ਵਿੱਚ ਤਾਇਨਾਤ ਸੀ, ਉਹ ਹਰ ਰੋਜ਼ ਦੀ ਤਰ੍ਹਾਂ ਸਵੇਰੇ ਆਪਣੇ ਘਰੋਂ ਦਫ਼ਤਰ ਗੁਰਦਾਸਪੁਰ ਗਿਆ ਸੀ। ਦੁਪਹਿਰ ਸਮੇਂ ਉਨ੍ਹਾਂ ਨੂੰ ਦਫ਼ਤਰ ਦੇ ਸਟਾਫ਼ ਦਾ ਫ਼ੋਨ ਆਇਆ ਕਿ ਸਤਪਾਲ ਸ਼ਰਮਾ ਡਿਊਟੀ ਦੌਰਾਨ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਬੇਹੋਸ਼ ਹੋ ਗਿਆ ਹੈ, ਜਿਸ ਨੂੰ ਸਟਾਫ਼ ਵੱਲੋਂ ਤੁਰੰਤ ਗੁਰਦਾਸਪੁਰ ਹਸਪਤਾਲ ਲਿਆਂਦਾ ਗਿਆ ਪਰ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਹੈ |

ਸਨਮਾਨਾਂ ਨਾਲ ਕੀਤਾ ਅੰਤਿਮ ਸੰਸਕਾਰ

ਜਿਸਦੇ ਬਾਅਦ ਅੱਜ ਪੋਸਟਮਾਰਟਮ ਉਪਰੰਤ ਉਸਦੇ ਜੱਦੀ ਪਿੰਡ ਧੂਤ ਵਿਖੇ ਪੁਲਿਸ ਯੂਨਿਟ ਵੱਲੋਂ ਪੂਰੇ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਮ੍ਰਿਤਕ ਆਪਣੇ ਪਿੱਛੇ ਪਤਨੀ, ਇਕ ਪੁੱਤਰ ਅਤੇ ਇਕ ਬੇਟੀ ਛੱਡ ਗਿਆ ਹੈ। ਇਸ ਅਚਾਨਕ ਹੋਈ ਮੌਤ ਕਾਰਨ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਹੈ |