Punjab
ਔਜਲਾ ਨੇ ਟਵੀਟ ਕਰਕੇ ਕਿਹਾ ਹੈ-ਪਿਆਰੇ ਭਗਵੰਤ ਮਾਨ , ਮੈਂ ਤੁਹਾਡੇ ਫੈਸਲੇ ਦੀ ਸ਼ਲਾਘਾ ਕਰਦਾ ਹਾਂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਕ ਵਿਧਾਇਕ ਨੂੰ ਇਕ ਹੀ ਪੈਨਸ਼ਨ ਦਾ ਐਲਾਨ ਕੀਤਾ ਗਿਆ ਹੈ, ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਇਥੋਂ ਤੱਕ ਕਿ ਵਿਰੋਧੀ ਧਿਰਾਂ ਦੇ ਆਗੂ ਵੀ ਇਸ ਫੈਸਲੇ ਦੀ ਸ਼ਲਾਘਾ ਕਰ ਰਹੇ ਹਨ।
ਹਾਲਾਂਕਿ ਕੁਝ ਕਾਂਗਰਸੀ ਆਗੂਆਂ ਵੱਲੋਂ ਵਿਧਾਇਕਾਂ ਦੇ ਖਰਚੇ ਜ਼ਿਆਦਾ ਹੋਣ ਦਾ ਹਵਾਲਾ ਦਿੰਦੇ ਹੋਏ ਇਸ ਬਾਰੇ ਕੁਝ ਸਵਾਲ ਵੀ ਉਠਾਏ ਜਾ ਰਹੇ ਹਨ। ਕੱਲ੍ਹ ਲੁਧਿਆਣਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਦੀਪ ਵੈਦ ਵੱਲੋਂ ਇਸ ਉਤੇ ਤਿੱਖੀਆਂ ਟਿਪਣੀਆਂ ਕੀਤੀਆਂ ਗਈਆਂ ਸਨ।
ਹੁਣ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਜਿਥੇ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ ਹੈ, ਉਥੇ ਵਿਧਾਇਕਾਂ ਦੇ ਖਰਚੇ ਵੱਧ ਹੋਣ ਦਾ ਮੁੱਦਾ ਉਭਾਰਿਆ ਹੈ।
ਔਜਲਾ ਨੇ ਟਵੀਟ ਕਰਕੇ ਕਿਹਾ ਹੈ-ਪਿਆਰੇ ਭਗਵੰਤ ਮਾਨ , ਮੈਂ ਤੁਹਾਡੇ ਫੈਸਲੇ ਦੀ ਸ਼ਲਾਘਾ ਕਰਦਾ ਹਾਂ, ਹਾਲਾਂਕਿ ਵਿਧਾਇਕ ਰਾਜ ਦੇ ਮੁੱਖ ਸਕੱਤਰ ਦੇ ਬਰਾਬਰ ਤਨਖਾਹ ਦੇ ਹੱਕਦਾਰ ਹਨ।
ਕਿਸੇ ਦਫਤਰ ਨੂੰ ਕੁਸ਼ਲਤਾ ਨਾਲ ਚਲਾਉਣ ਲਈ ਸਟਾਫ, ਵਾਹਨਾਂ ਸਣੇ ਹੋਰ ਲੋੜਾਂ ‘ਤੇ ਖਰਚ ਕਰਨਾ ਪੈਂਦਾ ਹੈ, ਜਿਸ ਦਾ ਖਰਚਾ ਬਹੁਤ ਜ਼ਿਆਦਾ ਹੁੰਦਾ ਹੈ।
ਇਸ ਟਵੀਟ ਨਾਲ ਔਜਲਾ ਨੇ ਵਿਧਾਇਕਾਂ ਦੀ ਤਨਖਾਹ ਉਤੇ ਕੱਟ ਤੇ ਖਰਚਿਆਂ ਬਾਰੇ ਸਵਾਲ ਚੁੱਕੇ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਲੁਧਿਆਣਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਦੀਪ ਵੈਦ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਸੀ ਕਿ ਭਗਵੰਤ ਮਾਨ ਦੇ ਫੈਸਲੇ ਦੇ ਨਾਲ ਉਹ ਸਹਿਮਤ ਨਹੀਂ, ਕਿਉਂਕਿ ਵਿਧਾਇਕਾਂ ਨੇ ਵੀ ਆਪਣੇ ਬੱਚੇ ਪਾਲਣੇ ਹਨ।
ਉਨ੍ਹਾਂ ਨੇ ਲੋਕਾਂ ਦੇ ਕੰਮ ਕਰਨੇ ਅਤੇ ਆਪਣੇ ਦਫਤਰ ਵੀ ਚਲਾਉਣੇ ਹਨ, ਜਿਸ ਕਰਕੇ ਉਨ੍ਹਾਂ ਦੀ ਤਨਖਾਹ ਵੱਧ ਹੋਣੀ ਚਾਹੀਦੀ ਹੈ ਅਤੇ ਪੈਨਸ਼ਨ ਵੀ ਮਿਲਣੀ ਚਾਹੀਦੀ ਹੈ।
ਡਾ. ਕੁਲਦੀਪ ਵੈਦ ਨੇ ਸਿੱਧਾ ਕਿਹਾ ਕਿ ਜੇਕਰ ਵਿਧਾਇਕਾਂ ਨੂੰ ਤਨਖ਼ਾਹ ਘੱਟ ਮਿਲੇਗੀ ਤਾਂ ਉਹ ਭ੍ਰਿਸ਼ਟਾਂਚਾਰ ਫੈਲਾਉਣਗੇ।
ਕੁਲਦੀਪ ਵੈਦ ਨੇ ਗੁਆਂਢੀ ਸੂਬਿਆਂ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਪੰਜਾਬ ਦੇ ਵਿਧਾਇਕਾਂ ਨੂੰ ਦਿੱਲੀ ਦੇ ਵਿਧਾਇਕਾਂ ਦੀ ਤਨਖ਼ਾਹ ਜ਼ਿਆਦਾ ਹੈ, ਇੰਨਾ ਹੀ ਨਹੀਂ ਹਿਮਾਚਲ ਦੇ ਵਿਚ ਉੱਤਰ ਪ੍ਰਦੇਸ਼ ਵਿੱਚ ਅਤੇ ਤਿਲੰਗਾਨਾ ਦੇ ਵਿੱਚ ਪੰਜਾਬ ਦੇ ਵਿਧਾਇਕਾਂ ਨਾਲੋਂ ਉੱਥੋਂ ਦੇ ਵਿਧਾਇਕਾਂ ਨੂੰ ਕਿਤੇ ਜ਼ਿਆਦਾ ਤਨਖ਼ਾਹ ਮਿਲਦੀ ਹੈ।