Corona Virus
ਬੇਲੋੜੀ ਬਿਆਨਬਾਜ਼ੀ ਨਾਲ ਪੰਜਾਬ ਨੂੰ ਤਣਾਅ ਵੱਲ ਨਾ ਧੱਕਣ ਮੁੱਖ ਮੰਤਰੀ- ਭਗਵੰਤ ਮਾਨ
ਚੰਡੀਗੜ੍ਹ, 12 ਅਪ੍ਰੈਲ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਹੈ ਕਿ ਉਹ ਮੁੱਖ ਮੰਤਰੀ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਵਾਲੀ ਕੁਰਸੀ ‘ਤੇ ਬੈਠ ਕੇ ਗ਼ੈਰਜ਼ਰੂਰੀ ਅਤੇ ਗੈਰ ਜਿੰਮੇਵਾਰਨ ਬਿਆਨਬਾਜ਼ੀ ਨਾਲ ਸੂਬੇ ਅੰਦਰ ਡਰ ਅਤੇ ਤਣਾਅ ਦਾ ਮਾਹੌਲ ਪੈਦਾ ਨਾ ਕਰਨ, ਸਗੋਂ ਵਿਸ਼ਵ-ਵਿਆਪੀ ਕੋਰੋਨਾਵਾਇਰਸ ਮਹਾਂਮਾਰੀ ਨੂੰ ਮਾਤ ਦੇਣ ਲਈ ਪੰਜਾਬ ‘ਚ ਜੰਗੀ ਪੱਧਰ ਦੇ ਪ੍ਰਬੰਧ ਅਤੇ ਸਾਜੋ-ਸਮਾਨ ਮੁਹੱਈਆ ਕਰਕੇ ਪੰਜਾਬ ਦੇ ਲੋਕਾਂ ਅਤੇ ਮੈਦਾਨ-ਏ-ਜੰਗ ਵਿਚ ਸਿੱਧੀ ਲੜਾਈ ਲੜ ਰਹੇ ਡਾਕਟਰਾਂ, ਨਰਸਾਂ, ਪੈਰਾਮੈਡੀਕਲ ਵਰਕਰਾਂ, ਪੁਲਸ-ਪ੍ਰਸ਼ਾਸਨ ਦੇ ਅਧਿਕਾਰੀਆਂ-ਕਰਮਚਾਰੀਆਂ, ਸਫ਼ਾਈ ਸੇਵਕਾਂ ਅਤੇ ਮੀਡੀਆ ਕਰਮੀਆਂ ਦਾ ਹੌਸਲਾ ਵਧਾਉਣ।
‘ਆਪ’ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ‘ਚ ਕੌਮੀ ਮੀਡੀਆ ਨੂੰ ਸੰਬੋਧਨ ਕਰਦੇ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ 87 ਪ੍ਰਤੀਸ਼ਤ ਆਬਾਦੀ ਕੋਰੋਨਾਵਾਇਰਸ ਦੀ ਚਪੇਟ ‘ਚ ਆਉਣ ਬਾਰੇ ਭਵਿੱਖਬਾਣੀ ਕਰਨ ਦੀ ਜ਼ਰੂਰਤ ਨਹੀਂ ਸੀ। ਇਹ ਵੀ ਕਹਿਣ ਦੀ ਲੋੜ ਨਹੀਂ ਸੀ ਕਿ ਕੋਰੋਨਾਵਾਇਰਸ ਵਿਰੁੱਧ ਲੜਾਈ ਅਕਤੂਬਰ ਮਹੀਨੇ ਤੱਕ ਜਾ ਸਕਦੀ ਹੈ, ਕਿਉਂਕਿ ਇਸ ਨਾਲ ਜਮਾਂ ਖੋਰੀ ਅਤੇ ਕਾਲਾਬਜਾਰੀ ਵਧੇਗੀ।
ਮਾਨ ਮੁਤਾਬਿਕ ਅਜਿਹੀਆਂ ਗੱਲਾਂ ਜਿੱਥੇ ਮੁੱਖ ਮੰਤਰੀ ਦੀ ਬੇਵਸੀ ਅਤੇ ਨਾ ਕਾਬਲੀਅਤ ਜ਼ਾਹਿਰ ਕਰਦੀਆਂ ਹਨ, ਉੱਥੇ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਜਾਨ-ਜੋਖ਼ਮ ‘ਚ ਪਾ ਕੇ ਗਰਾਊਂਡ ਜ਼ੀਰੋ ‘ਤੇ ਕੋਰੋਨਾਵਾਇਰਸ ਨਾਲ ਸਿੱਧੀ ਲੜਾਈ ਲੜ ਰਹੇ ‘ਯੋਧਿਆਂ’ ਦੇ ਹੌਸਲੇ ਪਸਤ ਹੁੰਦੇ ਹਨ। ਘਰਾਂ ‘ਚ ਬੈਠੇ ਲੋਕਾਂ ‘ਚ ਬੇਚੈਨੀ ਅਤੇ ਤਣਾਅ ਦਾ ਮਾਹੌਲ ਪੈਦਾ ਹੁੰਦਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਬੇਸ਼ੱਕ ਪੀਜੀਆਈ ਚੰਡੀਗੜ੍ਹ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੇਸ਼ 87 ਪ੍ਰਤੀਸ਼ਤ ਦੇ ਅੰਕੜੇ ਅਤੇ ਅਜਿਹੀ ਕੋਈ ਵੀ ਰਿਪੋਰਟ (ਅਧਿਐਨ) ਨੂੰ ਰੱਦ ਕਰ ਦਿੱਤਾ ਹੈ, ਪਰੰਤੂ ਜੇ ਅਜਿਹੀ ਰਿਪੋਰਟ ਆਈ ਵੀ ਹੁੰਦੀ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਕੋਰੋਨਾਵਾਇਰਸ ਵਿਰੁੱਧ ਜੰਗੀ ਪੱਧਰ ਦਾ ਪ੍ਰੋਗਰਾਮ ਅਤੇ ਸਾਜੋ-ਸਮਾਨ ਮੁਹੱਈਆ ਕਰਵਾ ਕੇ ਅਤੇ ਲੋਕਾਂ ਦਾ ਹੌਸਲਾ ਅਤੇ ਭਰੋਸਾ ਵਧਾ ਕੇ ਖ਼ੁਦ ਨੂੰ ‘ਸਟੇਟਸਮੈਨ’ ਸਾਬਤ ਕਰਨਾ ਚਾਹੀਦਾ ਸੀ, ਪਰ ਉਹ ਅਜਿਹਾ ਨਹੀਂ ਕਰ ਸਕੇ। ਮਾਨ ਨੇ ਕਿਹਾ ਕਿ ਅਜਿਹੀ ਬੇਲੋੜੀ ਬਿਆਨਬਾਜ਼ੀ ਅਤੇ ਵਾਰ-ਵਾਰ ਬਦਲੇ ਜਾ ਰਹੇ ਫ਼ੈਸਲਿਆਂ ਕਰਕੇ ਇੰਜ ਲੱਗ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਸ ਔਖੀ ਘੜੀ ਦਾ ਸਾਹਮਣਾ ਕਰਨ ‘ਚ ਬੁਖਲਾਏ ਪਏ ਹਨ।