Punjab
ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੀ ਬੀਬੀ ਜਗੀਰ ਕੌਰ, ਦਿੱਤਾ ਆਪਣਾ ਸਪੱਸ਼ਟੀਕਰਨ
ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ, ਜਿੱਥੇ ਉਨ੍ਹਾਂ ਵੱਲੋਂ ਰੋਮਾਂ ਦੀ ਬੇਅਦਬੀ ਅਤੇ ਬੇਟੀ ਦੇ ਕਤਲ ‘ਤੇ ਸਪਸ਼ਟੀਕਰਨ ਦਿੱਤਾ ਗਿਆ। ਸਪੱਸ਼ਟੀਕਰਨ ਦੇਣ ਮਗਰੋਂ ਮੀਡੀਆ ਨਾਲ ਰੂਬਰੂ ਹੋਏ ਬੀਬੀ ਜਾਗੀਰ ਕੌਰ ਨੇ ਵੱਡਾ ਬਿਆਨ ਦਿੱਤਾ, ਉਨ੍ਹਾਂ ਨੇ ਕਿਹਾ ਕਿ ਮੈਨੂੰ ਅਫ਼ਸੋਸ ਹੈ ਕਿ ਮਹਾਨ ਤਖ਼ਤ ‘ਤੇ ਹੁਣ ਅਜਿਹੇ ਮਸਲੇ ਵੀ ਆਉਣ ਲੱਗੇ ਹਨ। ਉਨ੍ਹਾਂ ਕਿਹਾ ਕਿ ਮੇਰੇ ‘ਤੇ ਧੀ ਦਾ ਕੇਸ ਬਿਲਕੁਲ ਝੂਠਾ ਸੀ। ਮੇਰੇ ਖ਼ਿਲਾਫ਼ ਝੂਠੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਮੈਂ ਪਿਛਲੇ 40 ਸਾਲਾਂ ਤੋਂ ਪੰਥ ਦੀ ਸੇਵਾ ਕਰ ਰਹੀ ਹਾਂ। ਮੈਂ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਜੀ ਸ਼ਰਨ ਵਿਚ ਰਹੀ ਹੈ ਅਤੇ ਹਮੇਸ਼ਾ ਗੁਰੂ ਦਾ ਸਹਾਰਾ ਲੈ ਕੇ ਲੋਕਾਂ ਦੀ ਸੇਵਾ ਕੀਤਾ ਹੈ। ਮੈਨੂੰ ਅਫ਼ਸੋਸ ਹੈ ਕਿ ਮਹਾਨ ਤਖ਼ਤ ਦੀ ਮਰਿਆਦਾ ਨੂੰ ਢਾਹ ਲੱਗੀ ਹੈ।
ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਬੀਬੀ ਜਗੀਰ ਕੌਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਦੇਣ ਲਈ ਕਿਹਾ ਸੀ। ਬੀਬੀ ਜਗੀਰ ਕੌਰ ਨੂੰ ਭੇਜੇ ਪੱਤਰ ਵਿੱਚ ਦੱਸਿਆ ਗਿਆ ਗਿਆ ਸੀ ਕਿ ਉਨ੍ਹਾਂ ਵਿਰੁੱਧ ਕਈ ਸ਼ਿਕਾਇਤਾਂ ਮਿਲੀਆਂ ਹਨ। ਉਨ੍ਹਾਂ ‘ਤੇ ਆਪਣੇ ਰੋਮ ਕਤਲ ਕਰਨ (ਕੇਸਾਂ ਦੀ ਬੇਅਦਬੀ) ਅਤੇ ਆਪਣੀ ਧੀ ਦੇ ਕਤਲ ਦੇ ਦੋਸ਼ ਵੀ ਹਨ। ਇਸ ਲਈ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਲਈ ਕਿਹਾ ਸੀ।
ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਬਾਦਲ ਖ਼ਿਲਾਫ਼ ਹੁਣ ਤੱਕ ਹੋਈ ਕਾਰਵਾਈ ਤੋਂ ਬਾਅਦ ਜਿੱਥੇ ਸਾਰੇ ਸਾਬਕਾ ਮੰਤਰੀਆਂ ਨੂੰ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ, ਉਥੇ ਹੀ ਅਕਾਲੀ ਦਲ ਨਾਲ ਜੁੜੇ ਕਈ ਵੱਡੇ ਆਗੂਆਂ ਖ਼ਿਲਾਫ਼ ਅਕਾਲ ਤਖ਼ਤ ਸਾਹਿਬ ਵਿਖੇ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ। ਕੁਝ ਦਿਨ ਪਹਿਲਾਂ ਬੀਬੀ ਜਗੀਰ ਕੌਰ ਬਾਰੇ ਲਿਖ਼ਤੀ ਸ਼ਿਕਾਇਤ ਵੀ ਕੀਤੀ ਗਈ ਸੀ।