Punjab
ਸੁਖਨਾ ਝੀਲ ਨੂੰ ਲੈ ਕੇ ਵੱਡੀ ਖ਼ਬਰ
ਚੰਡੀਗੜ੍ਹ- ਵੱਡੀ ਖ਼ਬਰ ਚੰਡੀਗੜ੍ਹ ਸਥਿਤ ਸੁਖਨਾ ਲੇਕ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਪਤਾ ਲੱਗਿਆ ਹੈ ਕਿ ਸੁਖਨਾ ਝੀਲ ਦੇ ਹੜ੍ਹ ਵਾਲੇ ਗੇਟ ਮੁੜ ਤੋਂ ਖੋਲ੍ਹ ਦਿੱਤੇ ਗਏ ਹਨ। ਇਸ ਵੇਲੇ ਝੀਲ ‘ਚ ਪਾਣੀ ਦਾ ਪੱਧਰ 1,163 ਫੁੱਟ ਹੈ। ਗੇਟ ਨੰਬਰ 1 ਵੀਰਵਾਰ ਸਵੇਰੇ 4 ਵਜੇ 2 ਇੰਚ ਖੋਲ੍ਹਿਆ ਗਿਆ ਸੀ ਪਰ ਪਾਣੀ ਦਾ ਪੱਧਰ ਵਧਦਾ ਰਿਹਾ, ਜਿਸ ਕਾਰਨ ਗੇਟ ਨੂੰ ਹੋਰ ਉੱਚਾ ਕਰਕੇ 5 ਇੰਚ ਖੋਲ੍ਹਿਆ ਗਿਆ।
ਦੱਸਣਯੋਗ ਹੈ ਕਿ ਇਸ ਵਾਰ 10 ਤੋਂ ਵੱਧ ਵਾਰ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ ਗਏ ਹਨ। ਚੰਡੀਗੜ੍ਹ-ਮੋਹਾਲੀ ‘ਚ ਅੱਜ ਸਵੇਰੇ ਪਏ ਭਾਰੀ ਮੀਂਹ ਕਾਰਨ ਪਾਣੀ ਦਾ ਪੱਧਰ ਮੁੜ ਤੋਂ ਵਧ ਗਿਆ ਹੈ ਜਿਸ ਦੇ ਚੱਲਦੇ ਇਹ ਫੈਸਲਾ ਲਿਆ ਗਿਆ ਹੈ। ਇੱਥੇ ਇਹ ਵੀ ਦੱਸ ਦੇਈਏ ਕਿ ਹਿਮਾਚਲ, ਉਤਰਾਖੰਡ ’ਚ ਜਿੱਥੇ ਮੀਂਹ ਪੈਣ ਕਾਰਨ ਹਾਲਾਤ ਖਰਾਬ ਹੋਏ ਪਏ ਹਨ ਉੱਥੇ ਹੀ ਬੱਦਲ ਫਟਣ ਕਾਰਨ ਇੱਕ ਵਾਰ ਫੇਰ ਤੋਂ ਤਬਾਹੀ ਮਚ ਗਈ ਹੈ। ਨਾਲ ਹੀ ਮੈਦਾਨੀ ਇਲਾਕਿਆਂ ’ਚ ਦਰਿਆਵਾਂ ’ਚ ਪਾਣੀ ਦਾ ਪੱਧਰ ਮੁੜ ਤੋਂ ਵੱਧਣਾ ਸ਼ੁਰੂ ਹੋ ਗਿਆ ਹੈ।
