Punjab
ਵਿਸ਼ਵ ਸਿਹਤ ਦਿਵਸ ਨੂੰ ਸਮਰਪਿਤ ਐਚ.ਡਬਲਿਊ.ਐਸ ਸੰਸਥਾ ਨੇ ਲਗਾਇਆ ਖੂਨਦਾਨ ਕੈਂਪ
ਪਟਿਆਲਾ: ਐਚ.ਡਬਲਿਊ.ਐਸ ਸੰਸਥਾ ਵੱਲੋਂ ਅੰਤਰਰਾਸ਼ਟਰੀ ਸਿਹਤ ਦਿਵਸ ਨੂੰ ਸਮਰਪਿਤ ਰੈਡ ਕਰਾਸ ਪਟਿਆਲਾ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਐਮ.ਐਲ.ਏ. ਪਟਿਆਲਾ ਦਿਹਾਤੀ ਡਾ. ਬਲਬੀਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਦਾਨ ਕੀਤਾ ਖੂਨ ਦਾ ਇੱਕ ਕਤਰਾ ਵੀ ਕਿਸੇ ਲੋੜਵੰਦ ਨੂੰ ਨਵਾਂ ਜੀਵਨ ਦੇ ਸਕਦਾ ਹੈ ਇਸੇ ਲਈ ਖੂਨਦਾਨ ਨੂੰ ਸਭ ਤੋਂ ਉੱਤਮ ਦਾਨ ਮੰਨਿਆ ਗਿਆ ਹੈ।
ਡਾ.ਬਲਬੀਰ ਸਿੰਘ ਨੇ ਕਿਹਾ ਖ਼ੂਨਦਾਨ ਇੱਕ ਮਹਾਂ ਦਾਨ ਹੈ ਅਤੇ ਦਾਨੀ ਵੱਲੋਂ ਦਾਨ ਕੀਤਾ ਗਿਆ ਖ਼ੂਨ ਲੋੜ ਪੈਣ ਤੇ ਕਿਸੇ ਵੀ ਲੋੜਵੰਦ ਇਨਸਾਨ ਦੀ ਜ਼ਿੰਦਗੀ ਬਚਾ ਸਕਦਾ ਹੈ, ਇਸ ਲਈ ਹਰੇਕ ਸਿਹਤਮੰਦ ਇਨਸਾਨ ਨੂੰ ਖ਼ੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਖ਼ੂਨਦਾਨ ਕਰਨ ਨਾਲ ਸਰੀਰ ਵਿੱਚ ਕਿਸੇ ਵੀ ਤਰਾਂ ਦੀ ਕੋਈ ਕਮੀਂ ਨਹੀਂ ਆਉਂਦੀ ਸਗੋਂ ਹਰ ਤਿੰਨ ਮਹੀਨੇ ਬਾਅਦ ਖ਼ੂਨਦਾਨ ਕਰਨ ਨਾਲ ਮਨੁੱਖੀ ਸਰੀਰ ਪੂਰੀ ਤਰਾਂ ਤੰਦਰੁਸਤ ਰਹਿੰਦਾ ਹੈ।
ਉਨ੍ਹਾਂ ਐਚ.ਡਬਲਿਊ.ਐਸ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਅਜਿਹੀਆਂ ਸਮਾਜ ਸੇਵੀ ਸੰਸਥਾ ਦੇ ਯਤਨਾਂ ਸਦਕਾ ਹੀ ਲੋੜਵੰਦਾਂ ਨੂੰ ਮੁਸ਼ਕਲ ਸਮੇਂ ‘ਚ ਖੂਨ ਦੀ ਉਪਲਬੱਧਤਾ ਹੁੰਦੀ ਹੈ। ਉਨ੍ਹਾਂ ਇਸ ਮੌਕੇ ਖੂਨਦਾਨ ਕਰਨ ਆਏ ਵਿਅਕਤੀਆਂ ਨੂੰ ਬੈਜ ਅਤੇ ਸਰਟੀਫਿਕੇਟ ਦੇਕੇ ਸਨਮਾਨਤ ਕੀਤਾ।
ਇਸ ਮੌਕੇ ਸੰਸਥਾ ਦੀ ਆਨਰੇਰੀ ਸਕੱਤਰ ਮਨਜੀਤ ਕੌਰ ਚੀਮਾ ਨੇ ਕਿਹਾ ਕਿ ਸੰਸਥਾ ਵੱਲੋਂ ਸਮੇਂ ਸਮੇਂ ‘ਤੇ ਅਜਿਹੇ ਕੈਂਪ ਲਗਾਏ ਜਾਂਦੇ ਹਨ, ਤਾਂ ਜੋ ਖੂਨ ਦੀ ਕਮੀ ਕਾਰਨ ਕੋਈ ਵੀ ਕੀਮਤ ਜਾਨ ਅਜਾਈ ਨਾ ਜਾਵੇ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਭਵਿੱਖ ‘ਚ ਵੀ ਅਜਿਹੇ ਕੈਂਪ ਲਗਾਏ ਜਾਣਗੇ। ਇਸ ਮੌਕੇ ਸਰਕਾਰੀ ਰਾਜਿੰਦਰਾ ਹਸਪਤਾਲ ਤੋਂ ਆਏ ਡਾ. ਜਸਪ੍ਰੀਤ ਕੌਰ, ਆਰ.ਸੀ. ਕਮਾਂਡਰ ਐਚ.ਐਸ ਕਰੀਰ, ਕਾਊਸਲਰ ਜਸਪ੍ਰੀਤ ਕੌਰ, ਸੰਜੇ ਕੁਮਾਰ ਸਮੇਤ ਹੋਰ ਟੀਮ ਮੈਂਬਰ ਵੀ ਮੌਜੂਦ ਸਨ।