Haryana
ਨੂਹ ‘ਚ ਬ੍ਰਜਮੰਡਲ ਯਾਤਰਾ ਅੱਜ ਤੋਂ ਹੋ ਰਹੀ ਸ਼ੁਰੂ , ਸਕੂਲ-ਬੈਂਕ ਬੰਦ

28ਅਗਸਤ 2023: ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਅਤੇ ਬਜਰੰਗ ਦਲ ਦੇ ਸੱਦੇ ‘ਤੇ ਹਰਿਆਣਾ ਦੇ ਨੂਹ ‘ਚ ਸਵੇਰੇ 11 ਵਜੇ ਮੁੜ ਬ੍ਰਜਮੰਡਲ ਯਾਤਰਾ ਕੱਢੀ ਜਾ ਰਹੀ ਹੈ। ਹਰਿਆਣਾ ਸਰਕਾਰ ਅਤੇ ਨੂਹ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਯਾਤਰਾ ਦੀ ਇਜਾਜ਼ਤ ਨਹੀਂ ਦਿੱਤੀ ਸੀ।
ਹਾਲਾਂਕਿ ਸੋਮਵਾਰ ਸਵੇਰੇ ਪ੍ਰਸ਼ਾਸਨ ਨੇ 10-15 ਸੰਤਾਂ ਨੂੰ ਜਲਭਿਸ਼ੇਕ ਲਈ ਨਲਹਾਰੇਸ਼ਵਰ ਮੰਦਰ ਜਾਣ ਦੀ ਇਜਾਜ਼ਤ ਦਿੱਤੀ। ਪੁਲੀਸ ਕੋਲ ਇਨ੍ਹਾਂ ਸਾਧਾਂ ਦੀ ਸੂਚੀ ਹੈ। ਇਨ੍ਹਾਂ ਤੋਂ ਇਲਾਵਾ ਹਿੰਦੂ ਸੰਗਠਨਾਂ ਦੇ 13 ਲੋਕਾਂ ਨੂੰ ਵੀ ਇਜਾਜ਼ਤ ਮਿਲੀ ਹੈ।
31 ਜੁਲਾਈ ਨੂੰ ਬ੍ਰਜਮੰਡਲ ਯਾਤਰਾ ਦੌਰਾਨ ਹਿੰਸਾ ਹੋਈ ਸੀ। ਜਿਸ ‘ਚ ਹੋਮਗਾਰਡ ਸਮੇਤ 6 ਲੋਕ ਸ਼ਹੀਦ ਹੋ ਗਏ ਸਨ।
ਹਰਿਆਣਾ ਪੁਲਿਸ ਨੇ ਨੂਹ ਵਿੱਚ ਪੁਖਤਾ ਸੁਰੱਖਿਆ ਪ੍ਰਬੰਧਾਂ ਦਾ ਦਾਅਵਾ ਕੀਤਾ ਹੈ। ਡਰੋਨ ਰਾਹੀਂ ਸੰਵੇਦਨਸ਼ੀਲ ਇਲਾਕਿਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਜ਼ਿਲ੍ਹੇ ਦੀਆਂ ਸਾਰੀਆਂ ਹੱਦਾਂ 27 ਅਗਸਤ ਤੋਂ ਸੀਲ ਕਰ ਦਿੱਤੀਆਂ ਗਈਆਂ ਹਨ। ਹਰਿਆਣਾ ਨਾਲ ਲੱਗਦੀਆਂ ਦਿੱਲੀ, ਰਾਜਸਥਾਨ ਅਤੇ ਯੂਪੀ ਦੀਆਂ ਸਰਹੱਦਾਂ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ।
ਜ਼ਿਲ੍ਹੇ ਦੀਆਂ ਸਰਹੱਦਾਂ ’ਤੇ ਵੱਡੀ ਗਿਣਤੀ ’ਚ ਪੁਲੀਸ ਤੇ ਨੀਮ ਫ਼ੌਜੀ ਬਲਾਂ ਦੇ ਜਵਾਨ ਤਾਇਨਾਤ ਹਨ, ਜੋ ਆਉਣ-ਜਾਣ ਵਾਲੇ ਸਾਰੇ ਵਾਹਨਾਂ ਦੀ ਤਲਾਸ਼ੀ ਲੈ ਰਹੇ ਹਨ। ਇਸ ਦੇ ਨਾਲ ਹੀ ਨੂਹ ਦੇ ਸਕੂਲ-ਕਾਲਜ, ਬੈਂਕ ਅਤੇ ਹੋਰ ਸਾਰੇ ਦਫਤਰ ਵੀ ਬੰਦ ਹਨ। ਸਰਕਾਰ ਨੇ ਅੱਜ ਰਾਤ 12 ਵਜੇ ਤੱਕ ਮੋਬਾਈਲ ਇੰਟਰਨੈਟ ਅਤੇ ਬਲਕ ਐਸਐਮਐਸ ਸੇਵਾਵਾਂ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ।
ਇਸ ਵਾਰ ਮੁਸਲਿਮ ਭਾਈਚਾਰਾ ਵੀ ਸਾਵਧਾਨੀ ਵਰਤ ਰਿਹਾ ਹੈ। ਐਤਵਾਰ ਨੂੰ ਹੀ ਜ਼ਿਲ੍ਹੇ ਦੇ ਪਿੰਡਾਂ ਦੀਆਂ ਮਸਜਿਦਾਂ ਤੋਂ ਐਲਾਨ ਕੀਤੇ ਗਏ ਸਨ ਕਿ ਸੋਮਵਾਰ ਦੀ ਯਾਤਰਾ ਕਾਰਨ ਮੁਸਲਿਮ ਭਾਈਚਾਰੇ ਦੇ ਲੋਕ ਘਰਾਂ ਤੋਂ ਬਾਹਰ ਨਾ ਆਉਣ। ਪਿੰਡਾਂ ਵਿੱਚ ਵੀ ਕਿਸੇ ਵੀ ਥਾਂ ‘ਤੇ 4 ਤੋਂ ਵੱਧ ਲੋਕ ਇਕੱਠੇ ਨਾ ਹੋਣ। ਕੋਈ ਆਪਣੇ ਪਿੰਡ ਤੋਂ ਬਾਹਰ ਨਾ ਜਾਵੇ।
ਸੰਸਥਾ ਦੇ ਸੁਰਿੰਦਰ ਪ੍ਰਤਾਪ ਆਰੀਆ ਅਤੇ ਯੋਗੇਸ਼ ਹਿਲਾਲਪੁਰੀਆ, ਜਿਨ੍ਹਾਂ ਨੂੰ ਪ੍ਰਸ਼ਾਸਨ ਨੇ ਮੰਦਰ ਜਾਣ ਦੀ ਇਜਾਜ਼ਤ ਦਿੱਤੀ ਹੈ, ਨੂੰ ਐਤਵਾਰ ਰਾਤ ਨੂੰ ਹੀ ਗ੍ਰਿਫਤਾਰ ਕਰ ਲਿਆ ਗਿਆ।