Punjab
BUDGET SESSION LIVE UPDATES: ਵਿਧਾਨ ਸਭਾ ‘ਚ ਗੂੰਜਿਆ ਰੂਸ ‘ਚ ਫਸੇ ਪੰਜਾਬੀ ਨੌਜਵਾਨਾਂ ਦਾ ਮੁੱਦਾ

7 ਮਾਰਚ 2024: ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦਾ ਅੱਜ 5ਵਾਂ ਦਿਨ ਹੈ। ਵਿਧਾਨ ਸਭਾ ਦਾ ਮਾਹੌਲ ਅੱਜ ਵੀ ਤਣਾਅਪੂਰਨ ਰਹਿਣ ਦੀ ਸੰਭਾਵਨਾ ਹੈ। ਅੱਜ ਗੜੇਮਾਰੀ ਕਾਰਨ ਫਸਲਾਂ ਨੂੰ ਹੋਏ ਨੁਕਸਾਨ ਦਾ ਮੁੱਦਾ ਸਦਨ ਵਿੱਚ ਉਠਾਇਆ ਜਾਵੇਗਾ। ਇਸ ਦੌਰਾਨ ਵਿਧਾਇਕਾਂ ਵੱਲੋਂ ਕਈ ਬਿੱਲ ਵੀ ਪੇਸ਼ ਕੀਤੇ ਜਾਣਗੇ।ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਹੁਣ ਸਖ਼ਤ ਨਜ਼ਰ ਆ ਰਹੇ ਹਨ।ਹੋਰ ਅਪਡੇਟ ਜਾਨਣ ਦੇ ਲਈ ਤੁਸੀਂ ਜੁੜੇ ਰਹੋ WORLD PUNJABI TV ਦੇ ਨਾਲ….
LIVE UPDATE:
ਵਿਧਾਨ ਸਭਾ ‘ਚ ਗੂੰਜਿਆ ਰੂਸ ‘ਚ ਫਸੇ ਪੰਜਾਬੀ ਨੌਜਵਾਨਾਂ ਦਾ ਮੁੱਦਾ
ਰੂਸ ਗਏ ਪੰਜਾਬੀ ਨੌਜਵਾਨਾਂ ਨੂੰ ਫੌਜ ਵਿੱਚ ਜਬਰੀ ਭਰਤੀ ਕਰਨ ਦਾ ਗੰਭੀਰ ਮੁੱਦਾ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਪੰਜਾਬ ਵਿਧਾਨ ਸਭਾ ਵਿੱਚ ਉਠਾਇਆ। ਪਰਗਟ ਸਿੰਘ ਨੇ ਕਿਹਾ ਕਿ ਰੂਸ ਦੌਰੇ ‘ਤੇ ਗਏ 5 ਪੰਜਾਬੀ ਨੌਜਵਾਨਾਂ ਨੂੰ ਉਥੋਂ ਦੀ ਸਰਕਾਰ ਨੇ ਜਬਰੀ ਯੂਕਰੇਨ ਵਿਰੁੱਧ ਜੰਗ ਲੜਨ ਲਈ ਫੌਜ ਵਿਚ ਭਰਤੀ ਕੀਤਾ ਹੈ ਅਤੇ ਇਹ ਮੁੱਦਾ ਭਾਰਤ ਸਰਕਾਰ ਕੋਲ ਉਠਾਉਣਾ ਚਾਹੀਦਾ ਹੈ।
ਇਸ ‘ਤੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜਵਾਬ ਦਿੱਤਾ ਕਿ ਇਸ ਸਬੰਧੀ ਕੇਂਦਰ ਸਰਕਾਰ ਅਤੇ ਉਸ ਦੀ ਰੂਸ ਸਥਿਤ ਏਜੰਸੀ ਨਾਲ ਪਹਿਲਾਂ ਹੀ ਗੱਲਬਾਤ ਚੱਲ ਰਹੀ ਹੈ।
ਉਮੀਦ ਹੈ ਕਿ ਇਸ ਦਾ ਨਤੀਜਾ ਜਲਦੀ ਹੀ ਸਾਹਮਣੇ ਆ ਜਾਵੇਗਾ। ਧਾਲੀਵਾਲ ਨੇ ਦੱਸਿਆ ਕਿ ਉਕਤ ਪੰਜਾਬੀ ਅਮਰੀਕਾ ਗਏ ਸਨ ਪਰ ਰਸਤੇ ਵਿੱਚ ਏਜੰਟ ਨੇ ਉਨ੍ਹਾਂ ਨੂੰ ਵਾਪਸ ਕਰ ਦਿੱਤਾ ਅਤੇ ਉਨ੍ਹਾਂ ਨੂੰ ਰੂਸੀ ਫੌਜ ਵਿੱਚ ਜਬਰੀ ਭਰਤੀ ਕਰ ਲਿਆ ਗਿਆ। ਹੁਣ ਉਨ੍ਹਾਂ ਨੂੰ ਲੜਨ ਵਾਲੇ ਦੇਸ਼ਾਂ ਵਿੱਚ ਭੇਜਿਆ ਜਾ ਰਿਹਾ ਹੈ।
ਮੁਹਾਲੀ ਬਣਿਆ ਗੈਂਗਸਟਰਾਂ ਦਾ ਅੱਡਾ
ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪੰਜਵੇਂ ਦਿਨ ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਦਨ ਵਿੱਚ ਕਿਹਾ ਕਿ ਪੰਜਾਬ ਵਿੱਚ ਇਨ੍ਹੀਂ ਦਿਨੀਂ ਡਰ ਦਾ ਮਾਹੌਲ ਹੈ। ਪੰਜਾਬ ਵਿੱਚ ਦੁਕਾਨਾਂ ਅੱਧਾ ਘੰਟਾ ਪਹਿਲਾਂ ਹੀ ਬੰਦ ਹੋਣੀਆਂ ਸ਼ੁਰੂ ਹੋ ਗਈਆਂ ਹਨ। ਕਿਉਂਕਿ ਪੂਰੇ ਸੂਬੇ ਵਿੱਚ ਗੈਂਗਸਟਰਾਂ ਦਾ ਬੋਲਬਾਲਾ ਹੋ ਗਿਆ ਹੈ। ਮੋਹਾਲੀ ਗੈਂਗਸਟਰਾਂ ਦਾ ਅੱਡਾ ਬਣ ਚੁੱਕਾ ਹੈ। ਉਨ੍ਹਾਂ ਜੇਲ੍ਹ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਮੁੱਦਾ ਵੀ ਉਠਾਇਆ।
ਗੁਰਦੇ ਦੇ ਮਰੀਜ਼ਾਂ ਨੂੰ ਅਪੰਗਤਾ ਸ਼੍ਰੇਣੀ ‘ਚ ਸ਼ਾਮਲ ਕਰਨ ਦਾ ਮੁੱਦਾ ਉਠਾਇਆ ਗਿਆ
ਸਦਨ ਵਿੱਚ ਸਭ ਤੋਂ ਪਹਿਲਾਂ ਕਿਡਨੀ ਦੇ ਮਰੀਜ਼ਾਂ ਨੂੰ ਅਪੰਗਤਾ ਦੀ ਸ਼੍ਰੇਣੀ ਵਿੱਚ ਸ਼ਾਮਲ ਕਰਨ ਦਾ ਮੁੱਦਾ ਉਠਾਇਆ ਗਿਆ। ਇਸ ‘ਤੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਹੁਣ ਤੱਕ ਇਸ ਬਿਮਾਰੀ ਨੂੰ ਅਪੰਗਤਾ ਦੀ ਸ਼੍ਰੇਣੀ ‘ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਹਾਲਾਂਕਿ ਇਹ ਮਾਮਲਾ ਗੰਭੀਰ ਹੈ।ਉਹ ਖੁਦ ਇਹ ਮਾਮਲਾ ਕੇਂਦਰ ਸਰਕਾਰ ਕੋਲ ਉਠਾਉਣਗੇ।
ਸਦਨ ‘ਚ ਵਿਧਾਇਕ ਪਠਾਣ ਮਾਜਰਾ ਨੇ ਸਿੰਥੈਟਿਕ ਡਰੱਗਜ਼ ਦਾ ਮੁੱਦਾ ਉਠਾਇਆ
ਇਜਲਾਸ ਵਿੱਚ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਨੇ ਸਿੰਥੈਟਿਕ ਨਸ਼ਿਆਂ ’ਤੇ ਸ਼ਿਕੰਜਾ ਕੱਸਣ ਦਾ ਮੁੱਦਾ ਉਠਾਇਆ। ਨਾਲ ਹੀ ਮੰਗ ਕੀਤੀ ਕੀ ਪੰਜਾਬ ਸਰਕਾਰ ਭੁੱਕੀ ਦੀ ਖੇਤੀ ਸ਼ੁਰੂ ਕਰਨ ਬਾਰੇ ਵਿਚਾਰ ਕਰ ਰਹੀ ਹੈ। ਇਸ ’ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸਰਕਾਰ ਅਜਿਹਾ ਕੁਝ ਨਹੀਂ ਸੋਚ ਰਹੀ। ਉਨ੍ਹਾਂ ਕਿਹਾ ਕਿ ਇਹ ਵੀ ਇੱਕ ਨਸ਼ਾ ਹੈ।ਇਸ ’ਤੇ ਵਿਧਾਇਕ ਨੇ ਕਿਹਾ ਕਿ 300 ਤੋਂ ਵੱਧ ਨੌਜਵਾਨ ਸਿੰਥੈਟਿਕ ਨਸ਼ਿਆਂ ਤੋਂ ਪੀੜਤ ਹਨ।