Punjab
ਸ਼ੰਭੂ ਬਾਰਡਰ ਤੋਂ ਵਾਪਸ ਪਰਤ ਰਹੇ ਕਿਸਾਨਾਂ ਦੀ ਪਲਟੀ ਬੱਸ, 32 ਕਿਸਾਨ ਹੋਏ ਜਖ਼ਮੀ

ਬੀਤੀ ਰਾਤ ਸ਼ੰਭੂ ਬਾਰਡਰ ‘ਤੇ ਧਰਨਾ ਲਗਾਉਣ ਵਾਲੇ ਕਿਸਾਨਾਂ ਨਾਲ ਵੱਡਾ ਹਾਦਸਾ ਵਾਪਰ ਗਿਆ ਹੈ | ਬੁੱਧਵਾਰ ਨੂੰ ਸ਼ੰਬੂ ਬਾਰਡਰ ਦੇ ਉੱਤੇ ਕਿਸਾਨਾਂ ਵੱਲੋਂ ਇੱਕ ਵੱਡੀ ਰੈਲੀ ਰੱਖੀ ਗਈ ਸੀ ਜਿੱਥੇ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਨੁਮਾਇੰਦੇ ਇਸ ਰੈਲੀ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪੁੱਜੇ ਸਨ ਇਸੇ ਦੌਰਾਨ ਅੰਮ੍ਰਿਤਸਰ ਦੇ ਪਿੰਡ ਤਲਵੰਡੀ ਦਸੋਂਧਾ ਸਿੰਘ ਤੋਂ ਵੀ ਕਿਸਾਨ ਬੱਸਾਂ ਤੇ ਸਵਾਰ ਹੋ ਕੇ ਇਸ ਰੈਲੀ ਵਿੱਚ ਸ਼ਾਮਿਲ ਹੋਣ ਲਈ ਸ਼ੰਭੂ ਪੁੱਜੇ ਅਤੇ ਰੈਲੀ ਦੇ ਖਤਮ ਹੋਣ ਤੋਂ ਬਾਅਦ ਦੇਰ ਰਾਤ ਵਾਪਸ ਆਉਂਦੇ ਹੋਏ ਕਿਸਾਨਾਂ ਦੀ ਇੱਕ ਬੱਸ ਅੰਮ੍ਰਿਤਸਰ ਦਿੱਲੀ ਮੁੱਖ ਮਾਰਗ ਦੇ ਉੱਤੇ ਹਾਦਸੇ ਦਾ ਸ਼ਿਕਾਰ ਹੋ ਗਈ।
ਬੱਸ ਪਲਟਣ ਕਾਰਨ 32 ਕਿਸਾਨ ਜਖ਼ਮੀ ਹੋ ਗਏ ਹਨ| ਜਿਨ੍ਹਾਂ ਵਿਚੋਂ 9 ਕਿਸਾਨ ਗੰਭੀਰ ਜਖ਼ਮੀ, 22 ਕਿਸਾਨਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਜਿਨ੍ਹਾਂ ਵਿੱਚੋ ਇੱਕ ਔਰਤ ਵੀ ਸੀ | ਜਖਮੀਆਂ ਨੂੰ ਤੁਰੰਤ ਐਂਬੁਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ ਅਤੇ ਇਲਾਜ ਸ਼ੁਰੂ ਕਰਵਾਇਆ ਗਿਆ |
ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ 13 ਫਰਵਰੀ ਤੋਂ ਜਾਰੀ ਅੰਦੋਲਨ ਦੇ 100 ਦਿਨ ਪੂਰੇ ਹੋਣ ਤੇ ਵੱਖ ਵੱਖ ਬਾਡਰਾਂ ਤੇ ਵੱਡੀਆਂ ਰੈਲੀਆਂ ਕੀਤੀਆਂ ਗਈਆਂ ਹਨ|
ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਦਿੱਤੀ ਜਾਣਕਾਰੀ
ਇਸ ਹਾਦਸੇ ਦੀ ਜਾਣਕਾਰੀ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਨੇ ਦਿੱਤੀ।
ਓਹਨਾ ਦੱਸਿਆ ਕਿ ਪਿੰਡ ਤਲਵੰਡੀ ਦੋਸੰਧਾ ਤੋਂ ਬਲਵਿੰਦਰ ਸਿੰਘ ਪੁੱਤਰ ਸੁਬੇਗ ਸਿੰਘ , ਰਣਯੋਧ ਸਿੰਘ ਪੁੱਤਰ ਹਰੀ ਸਿੰਘ, ਹਰਭਜਨ ਸਿੰਘ ਪੁੱਤਰ ਗੁਰਚਰਨ ਸਿੰਘ, ਤਰਸੇਮ ਸਿੰਘ ਪੁੱਤਰ ਅਜੈਬ ਸਿੰਘ, ਨਿਰਵੈਰ ਸਿੰਘ ਪੁੱਤਰ ਜੋਗਿੰਦਰ ਸਿੰਘ , ਗੁਰਮੁਖ ਸਿੰਘ ਪੁੱਤਰ ਗੁਲਜ਼ਾਰ ਸਿੰਘ , ਤਰਲੋਚਨ ਸਿੰਘ ਪੁੱਤਰ ਸੁੱਚਾ ਸਿੰਘ, ਸਮੇਰ ਸਿੰਘ ਪੁੱਤਰ ਤਾਰਾਂ ਸਿੰਘ , ਗੁਰਵਿੰਦਰ ਸਿੰਘ ਪੁੱਤਰ ਸੁਰਜਨ ਸਿੰਘ ਗੰਭੀਰ ਜਖਮੀ ਹੋਏ|
ਉਨ੍ਹਾਂ ਕਿਹਾ ਕਿ ਦੋਵੇਂ ਫੋਰਮ ਮੰਗ ਕਰਦੇ ਹਨ ਕਿ ਜਖਮੀਆਂ ਦੇ ਪੂਰੇ ਇਲਾਜ ਦਾ ਸਾਰਾ ਖਰਚਾ ਪੰਜਾਬ ਅਤੇ ਭਾਰਤ ਸਰਕਾਰ ਚੱਕੇ, ਗੰਭੀਰ ਰੂਪ ਜਖਮੀਆਂ ਨੂੰ 3-3 ਲੱਖ ਅਤੇ ਸਾਧਾਰਨ ਰੂਪ ਚ ਜਖਮੀਆਂ ਨੂੰ 1 – 1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇ।