World
ਕੈਨੇਡਾ: ਰਾਮ ਮੰਦਰ ‘ਤੇ ਲਿਖੇ ਭਾਰਤ ਵਿਰੋਧੀ ਨਾਅਰੇ, ਸਾਲ ‘ਚ ਚੌਥੀ ਘਟਨਾ, ਅਧਿਕਾਰੀਆਂ ਨੇ ਕੀਤੀ ਕਾਰਵਾਈ ਦੀ ਮੰਗ

ਕੈਨੇਡਾ ਦੇ ਮਿਸੀਸਾਗਾ ‘ਚ ਇਕ ਹਿੰਦੂ ਮੰਦਰ ਦੀ ਭੰਨਤੋੜ ਕਰਨ ਅਤੇ ਉਸ ‘ਤੇ ਭਾਰਤ ਵਿਰੋਧੀ ਨਾਅਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਮੰਗਲਵਾਰ ਦੀ ਹੈ, ਜਿੱਥੇ ਮਿਸੀਸਾਗਾ ਦੇ ਰਾਮ ਮੰਦਰ ‘ਚ ਇਹ ਘਟਨਾ ਵਾਪਰੀ। ਇਸ ‘ਤੇ ਕੈਨੇਡਾ ਦੇ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਜਨਰਲ ਨੇ ਇਸ ਦੀ ਨਿਖੇਧੀ ਕੀਤੀ ਹੈ ਅਤੇ ਕੈਨੇਡਾ ਸਰਕਾਰ ਤੋਂ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਸਜ਼ਾ ਦੀ ਮੰਗ ਕੀਤੀ ਹੈ। ਕੌਂਸਲੇਟ ਜਨਰਲ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ‘ਅਸੀਂ ਮਿਸੀਸਾਗਾ ਵਿੱਚ ਰਾਮ ਮੰਦਰ ਦੀ ਬੇਅਦਬੀ ਅਤੇ ਉਸ ਉੱਤੇ ਭਾਰਤ ਵਿਰੋਧੀ ਨਾਅਰੇ ਲਿਖਣ ਦੀ ਨਿੰਦਾ ਕਰਦੇ ਹਾਂ। ਅਸੀਂ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਇੱਕ ਸਾਲ ਵਿੱਚ ਅਜਿਹੀ ਚੌਥੀ ਘਟਨਾ ਹੈ
ਕੈਨੇਡਾ ਵਿੱਚ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਏ ਜਾਣ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਜਨਵਰੀ ਵਿੱਚ ਕੈਨੇਡਾ ਦੇ ਬਰੈਂਪਟਨ ਵਿੱਚ ਸਥਿਤ ਹਿੰਦੂ ਮੰਦਰ ਵਿੱਚ ਭਾਰਤ ਵਿਰੋਧੀ ਨਾਅਰੇ ਲਿਖਣ ਦੀ ਘਟਨਾ ਵਾਪਰੀ ਸੀ। ਜਿਸ ਨੂੰ ਲੈ ਕੇ ਹਿੰਦੂ ਭਾਈਚਾਰੇ ਨੇ ਸਖ਼ਤ ਨਾਰਾਜ਼ਗੀ ਪ੍ਰਗਟਾਈ ਸੀ। ਕੌਂਸਲੇਟ ਜਨਰਲ ਨੇ ਵੀ ਇਸ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਸੀ ਕਿ ਬਰੈਂਪਟਨ ਵਿੱਚ ਗੌਰੀ ਸ਼ੰਕਰ ਮੰਦਰ ਦੀ ਬੇਅਦਬੀ ਨਾਲ ਕੈਨੇਡਾ ਵਿੱਚ ਵਸਦੇ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਕੌਂਸਲੇਟ ਜਨਰਲ ਨੇ ਇਹ ਮਾਮਲਾ ਕੈਨੇਡਾ ਸਰਕਾਰ ਕੋਲ ਉਠਾਇਆ ਸੀ।