Connect with us

Punjab

ਕੈਪਟਨ ਨੇ ਬਰਗਾੜੀ ਮਾਮਲੇ ਦੀ ਜਾਂਚ ਵਰਗੇ ਅਹਿਮ ਮੁੱਦਿਆਂ ਸੰਬੰਧੀ ਜਾਣਕਾਰੀ ਦੇਣ ਲਈ ਇੱਕ ਅਧਿਕਾਰੀ ਤਾਇਨਾਤ ਕਰਨ ਦੇ ਦਿੱਤੇ ਆਦੇਸ਼

Published

on

ਚੰਡੀਗੜ੍ਹ, 28 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਆਪਣੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੂੰ ਪੰਜਾਬ ਯੂਥ ਕਾਂਗਰਸ ਨੂੰ ਸਰਕਾਰ ਦੀਆਂ ਪ੍ਰਾਪਤੀਆਂ ਤੇ ਬਰਗਾੜੀ ਮਾਮਲੇ ਦੀ ਜਾਂਚ ਵਰਗੇ ਅਹਿਮ ਮੁੱਦਿਆਂ ਸਬੰਧੀ ਲਗਾਤਾਰ ਜਾਣਕਾਰੀ ਦੇਣ ਲਈ ਇਕ ਅਧਿਕਾਰੀ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਲੋਕਾਂ ਵਿੱਚ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਦੀ ਥਾਂ ’ਤੇ ਉਨਾਂ ਤੱਕ ਸਹੀ ਤੱਥ ਪੁੱਜਦੇ ਕੀਤੇ ਜਾ ਸਕਣ।

ਮੁੱਖ ਮੰਤਰੀ ਨੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼. ਨੂੰ ਪੰਜਾਬ ਯੂਥ ਕਾਂਗਰਸ ਦੇ ਜ਼ਿਲਾ ਪ੍ਰਧਾਨਾਂ ਨਾਲ ਉਨਾਂ ਦੇ ਮਸਲੇ ਸੁਲਝਾਉਣ ਅਤੇ ਸੂਬੇ ਦੀ ਨੌਜਵਾਨੀ ਸਬੰਧੀ ਉਨਾਂ ਦੀਆਂ ਚਿੰਤਾਵਾਂ ਦੂਰ ਕਰਨ ਲਈ ਨਿਯਮਿਤ ਰੂਪ ਵਿੱਚ ਮੁਲਾਕਾਤ ਕਰਦੇ ਰਹਿਣ ਦੇ ਵੀ ਨਿਰਦੇਸ਼ ਦਿੱਤੇ।

ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਅਤੇ ਉਨਾਂ ਦੀ ਟੀਮ ਨਾਲ ਵੀਡੀਓ ਕਾਨਫਰੰਸਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਬਰਗਾੜੀ ਮਾਮਲੇ ਵਿੱਚ ਇਸ ਕਰਕੇ ਦੇਰੀ ਹੋ ਰਹੀ ਹੈ ਕਿਉਂਕਿ ਸੀ.ਬੀ.ਆਈ. ਵੱਲੋਂ ਕੇਸ ਦੀ ਜਾਂਚ-ਪੜਤਾਲ ਅਤੇ ਫਾਈਲ ਮੋੜਨ ਤੋਂ ਨਾਂਹ ਕੀਤੀ ਜਾ ਰਹੀ ਹੈ। ਇਸ ਮੁੱਦੇ ’ਤੇ ਵਿਰੋਧੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਝੂਠੇ ਪ੍ਰਚਾਰ ਦਾ ਢੁਕਵੇਂ ਢੰਗ ਨਾਲ ਟਾਕਰਾ ਕਰਨ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਨੌਜਵਾਨ ਆਗੂਆਂ ਨੂੰ ਇਸ ਮੁੱਦੇ ਅਤੇ ਸਰਕਾਰ ਨਾਲ ਸਬੰਧਤ ਹੋਰ ਅਹਿਮ ਮੁੱਦਿਆਂ ਸਬੰਧੀ ਆਮ ਲੋਕਾਂ ਨਾਲ ਜ਼ਮੀਨੀ ਪੱਧਰ ’ਤੇ ਰਾਬਤਾ ਕਾਇਮ ਕਰਨ ਦਾ ਸੱਦਾ ਦਿੱਤਾ।

ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਕਾਂਗਰਸ ਦੇ 2017 ਦੇ ਚੋਣ ਮੈਨੀਫੈਸਟੋ ਵਿੱਚ ਦਰਸਾਏ 562 ਵਾਅਦਿਆਂ ਵਿੱਚੋਂ 435 ਪੂਰੇ ਕਰ ਦਿੱਤੇ ਹਨ ਅਤੇ ਆਪਣੇ ਮੌਜੂਦਾ ਕਾਰਜਕਾਲ ਦੌਰਾਨ ਬਾਕੀ ਰਹਿੰਦੇ ਵਾਅਦਿਆਂ ਨੂੰ ਵੀ ਪੂਰਾ ਕਰਨ ਦੇ ਰਾਹ ਉੱਤੇ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਮੁੱਖ ਮੰਤਰੀ ਨੇ ਅਗਾਂਹ ਕਿਹਾ ਕਿ ਸੂਬਾ ਸਰਕਾਰ ਦੀਆਂ ਅਜਿਹੀਆਂ ਪ੍ਰਾਪਤੀਆਂ ਦਾ ਲੋਕਾਂ ਤੱਕ ਪਹੁੰਚਾਇਆ ਜਾਣਾ ਬੇਹੱਦ ਜ਼ਰੂਰੀ ਹੈ ਅਤੇ ਇਸ ਮਕਸਦ ਹਿੱਤ ਨਿਯੁਕਤ ਕੀਤੇ ਜਾਣ ਵਾਲਾ ਅਫ਼ਸਰ ਪੰਜਾਬ ਯੂਥ ਕਾਂਗਰਸ ਲਈ ਜਾਣਕਾਰੀ ਦੇ ਸੂਤਰ ਵਜੋਂ ਕੰਮ ਕਰੇਗਾ।

ਸਮਾਰਟ ਫੋਨਾਂ ਦੇ ਵਾਅਦੇ ਨੂੰ ਪੂਰਾ ਕੀਤੇ ਜਾਣ ਸਬੰਧੀ ਹੋ ਰਹੀ ਦੇਰੀ ਬਾਬਤ ਯੂਥ ਕਾਂਗਰਸ ਦੇ ਪ੍ਰਤੀਨਿਧੀਆਂ ਵੱਲੋਂ ਪ੍ਰਗਟਾਏ ਜਾ ਰਹੇ ਖਦਸ਼ਿਆਂ ਨੂੰ ਦੂਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 50 ਹਜ਼ਾਰ ਸਮਾਰਟ ਫੋਨਾਂ ਦੀ ਪਹਿਲੀ ਖੇਪ ਕੰਪਨੀ ਵੱਲੋਂ ਆ ਚੁੱਕੀ ਹੈ ਜਿਨਾਂ ਬਾਰੇ ਇਹ ਸਪੱਸ਼ਟ ਕੀਤਾ ਜਾ ਚੁੱਕਾ ਹੈ ਕਿ ਇਨਾਂ ਦਾ ਚੀਨ ਨਾਲ ਕੋਈ ਸਬੰਧ ਨਹੀਂ ਹੈ। ਇਹ ਫੋਨ ਪਹਿਲਾਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪੜਦੀਆਂ 11ਵੀਂ ਅਤੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਵੰਡੇ ਜਾਣਗੇ ਅਤੇ ਉਨਾਂ ਨੂੰ ਤਰਜੀਹ ਦਿੱਤੀ ਜਾਵੇਗੀ ਜਿਨਾਂ ਕੋਲ ਸਮਾਰਟ ਫੋਨ ਨਹੀਂ ਹਨ ਤਾਂ ਜੋ ਕੋਵਿਡ ਸੰਕਟ ਦੌਰਾਨ ਆਨ-ਲਾਈਨ ਪੜਾਈ ਵਿੱਚ ਕੋਈ ਵਿਘਨ ਨਾ ਪਵੇ।

ਸਰਕਾਰ ਵਿੱਚ ਹੇਠਲੇ ਪੱਧਰ ’ਤੇ ਭਿ੍ਰਸ਼ਟਾਚਾਰ ਦੀਆਂ ਸ਼ਿਕਾਇਤਾਂ ਵੱਲ ਧਿਆਨ ਦਿਵਾਏ ਜਾਣ ਉੱਤੇ ਮੁੱਖ ਮੰਤਰੀ ਨੇ ਇਨਾਂ ਦੀ ਤੁਰੰਤ ਪੜਤਾਲ ਅਤੇ ਵਿਜੀਲੈਂਸ ਬਿਊਰੋ ਦੁਆਰਾ ਤੁਰੰਤ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿੱਤਾ।

ਕੈਪਟਨ ਅਮਰਿੰਦਰ ਸਿੰਘ ਨੇ ਯੂਥ ਆਗੂਆਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਜਿਵੇਂ ਹੀ ਕੋਵਿਡ ਦੀ ਸਥਿਤੀ ਵਿੱਚ ਸੁਧਾਰ ਹੁੰਦਾ ਹੈ ਤਾਂ ਪਹਿਲੇ ਪੜਾਅ ਦੌਰਾਨ ਸਰਕਾਰੀ ਯੂਨੀਵਰਸਿਟੀਆਂ ਵਿੱਚ ਵਿਦਿਆਰਥੀ ਚੋਣਾਂ ਕਰਵਾਈਆਂ ਜਾਣਗੀਆਂ ਜਦੋਂਕਿ ਪ੍ਰਾਈਵੇਟ ਸੰਸਥਾਨਾਂ ਵਿੱਚ ਇਹ ਚੋਣਾਂ ਬਾਅਦ ਵਿੱਚ ਹੋਣਗੀਆਂ।

ਮੁੱਖ ਮੰਤਰੀ ਨੇ ਮੀਟਿੰਗ ਦੌਰਾਨ ਇਹ ਵੀ ਜਾਣਕਾਰੀ ਦਿੱਤੀ ਕਿ ਉਨਾਂ ਦੀ ਸਰਕਾਰ ਮਹਿਲਾ ਸਸ਼ਕਤੀਕਰਨ ਨੂੰ ਹੁਲਾਰਾ ਦੇਣ ਲਈ ਛੇਤੀ ਹੀ ਕਈ ਸਕੀਮਾਂ ਸ਼ੁਰੂ ਕਰ ਰਹੀ ਹੈ।

ਉਨਾਂ ਸਮੂਹ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਪੰਜਾਬ ਅਤੇ ਇਸ ਦੇ ਲੋਕਾਂ ਦੇ ਹਿੱਤਾਂ ਲਈ ਜੀਅ ਜਾਨ ਨਾਲ ਜੁਟ ਕੇ ਕੰਮ ਕਰਨ ਲਈ ਵੀ ਕਿਹਾ।

Continue Reading
Click to comment

Leave a Reply

Your email address will not be published. Required fields are marked *