Connect with us

Punjab

ਕੈਪਟਨ ਅਮਰਿੰਦਰ ਸਿੰਘ ਮੁੜ ਕਾਂਗਰਸ ‘ਚ ? ਨਵਜੋਤ ਸਿੱਧੂ “ਨਾ ਈਧਰ ਕੇ ਰਹੇ, ਨਾ ਉਧਰ ਕੇ”

Published

on

ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਵੱਡੇ ਮੋੜ ‘ਤੇ ਖੜ੍ਹੀ ਨਜ਼ਰ ਆ ਰਹੀ ਹੈ। ਕੈਪਟਨ ਅਮਰਿੰਦਰ ਸਿੰਘ, ਜੋ ਕਦੇ ਕਾਂਗਰਸ ਦੀ ਸ਼ਾਨ ਮੰਨੇ ਜਾਂਦੇ ਸਨ, ਹੁਣ ਭਾਜਪਾ ਵਿੱਚ ਆਪਣੇ ਆਪ ਨੂੰ ਅਲੱਗ-ਥਲੱਗ ਮਹਿਸੂਸ ਕਰ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਟੀਵੀ ਚੈਨਲਾਂ ਨੂੰ ਦਿੱਤੀਆਂ ਇੰਟਰਵਿਊਜ਼ ਵਿੱਚ ਕੈਪਟਨ ਨੇ ਖੁੱਲ੍ਹ ਕੇ ਕਿਹਾ ਕਿ ਭਾਜਪਾ ਵਿੱਚ ਉਨ੍ਹਾਂ ਨੂੰ ਉਹ ਸਨਮਾਨ ਅਤੇ ਅਹਿਮੀਅਤ ਨਹੀਂ ਮਿਲੀ ਜੋ ਕਾਂਗਰਸ ਵਿੱਚ ਮਿਲਦੀ ਰਹੀ। ਇਹ ਬਿਆਨ ਆਪਣੇ ਆਪ ਵਿੱਚ ਕਈ ਸਿਆਸੀ ਸੰਕੇਤ ਛੱਡ ਕੇ ਜਾਂਦੇ ਹਨ।

ਕਾਂਗਰਸ ਦੇ ਅੰਦਰੂਨੀ ਸੂਤਰਾਂ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਜਲਦੀ ਹੀ ਭਾਜਪਾ ਦਾ ਪੱਲਾ ਛੱਡ ਕੇ ਕਾਂਗਰਸ ਦਾ ਲੜ ਫੜ ਸਕਦੇ ਹਨ। ਇਹ ਗੱਲ ਵੀ ਸਿਆਸੀ ਹਲਕਿਆਂ ਵਿੱਚ ਖੂਬ ਚਰਚਾ ਵਿੱਚ ਹੈ ਕਿ ਇਸ ਸਮੇਂ ਜਦੋਂ ਪੰਜਾਬ ਵਿੱਚ ਕਾਂਗਰਸ ਹਾਸ਼ੀਏ ‘ਤੇ ਪਹੁੰਚ ਚੁੱਕੀ ਹੈ, ਪਾਰਟੀ ਨੂੰ ਕੈਪਟਨ ਵਰਗੇ ਧਾਕੜ ਅਤੇ ਤਜ਼ਰਬੇਕਾਰ ਨੇਤਾ ਦੀ ਸਖ਼ਤ ਲੋੜ ਹੈ। ਦੂਜੇ ਪਾਸੇ ਅਕਾਲੀ ਦਲ ਦੋਫਾੜ ਹੋਣ, ਵੱਡੇ ਨੇਤਾਵਾਂ ਦੇ ਸੁਖਬੀਰ ਸਿੰਘ ਬਾਦਲ ਤੋਂ ਦੂਰ ਹੋਣ ਅਤੇ ਨਵੇਂ ਅਕਾਲੀ ਦਲ ਦੀਆਂ ਗਰਾਊਂਡ ਸਰਗਰਮੀਆਂ ਨਜ਼ਰ ਨਾ ਆਉਣ ਕਾਰਨ ਸਿਆਸੀ ਖਾਲੀਪਨ ਬਣ ਰਿਹਾ ਹੈ। ਇਸ ਹਾਲਾਤ ਵਿੱਚ ਆਮ ਆਦਮੀ ਪਾਰਟੀ ਤੋਂ ਨਾਰਾਜ਼ ਵੋਟਰਾਂ ਦੇ ਮੁੜ ਅਕਾਲੀ ਦਲ ਬਾਦਲ ਵੱਲ ਜਾਣ ਦਾ ਖ਼ਤਰਾ ਵੀ ਕਾਂਗਰਸ ਨੂੰ ਪਰੇਸ਼ਾਨ ਕਰ ਰਿਹਾ ਹੈ।

ਇਸੇ ਕਰਕੇ ਕਾਂਗਰਸ ਹਾਈ ਕਮਾਂਡ ਕੈਪਟਨ ਅਮਰਿੰਦਰ ਸਿੰਘ ਦੀ ‘ਘਰ ਵਾਪਸੀ’ ਬਾਰੇ ਗੰਭੀਰਤਾ ਨਾਲ ਸੋਚ ਰਹੀ ਹੈ। ਸੂਤਰਾਂ ਦਾ ਦਾਅਵਾ ਹੈ ਕਿ ਥੋੜ੍ਹੇ ਹੀ ਸਮੇਂ ਵਿੱਚ ਇਹ ਸਿਆਸੀ ਬੰਬ ਫੱਟ ਸਕਦਾ ਹੈ। ਹਾਲਾਂਕਿ ਕੈਪਟਨ ਇਸ ਮਾਮਲੇ ‘ਤੇ ਸਿੱਧੀ ਗੱਲ ਕਰਨ ਤੋਂ ਬਚ ਰਹੇ ਹਨ, ਪਰ ਇਹ ਸਾਫ਼ ਦਿੱਸ ਰਿਹਾ ਹੈ ਕਿ ਭਾਜਪਾ ਅੰਦਰ ਉਹਨਾਂ ਦਾ ਦਮ ਘੁੱਟ ਰਿਹਾ ਹੈ।

ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇ ਕੈਪਟਨ ਕਾਂਗਰਸ ‘ਚ ਵਾਪਸ ਆਉਂਦੇ ਹਨ ਤਾਂ ਕਿਹੜੀਆਂ ਸ਼ਰਤਾਂ ‘ਤੇ? ਕੀ ਉਹ ਸਿਰਫ਼ ਆਮ ਮੈਂਬਰ ਬਣ ਕੇ ਆਉਣਗੇ ਜਾਂ ਪੰਜਾਬ ਕਾਂਗਰਸ ਦੀ ਕਮਾਨ ਮੰਗਣਗੇ? ਸਿਆਸੀ ਜਾਣਕਾਰਾਂ ਦਾ ਮੰਨਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਖੁੱਡੇ ਲਾਈਨ ਲੱਗਣ ਲਈ ਕਾਂਗਰਸ ਵਿੱਚ ਕਦੇ ਵੀ ਵਾਪਸ ਨਹੀਂ ਆਉਣਗੇ। ਉਹ ਆਉਣਗੇ ਤਾਂ ਸਿਰਫ਼ ਪ੍ਰਧਾਨ ਜਾਂ ਪੂਰੀ ਤਾਕਤ ਨਾਲ ਹੀ ਆਉਣਗੇ। ਇੱਥੇ ਹੀ ਕਾਂਗਰਸ ਲਈ ਸਭ ਤੋਂ ਵੱਡੀ ਗੁੰਝਲ ਪੈਦਾ ਹੁੰਦੀ ਹੈ।

ਇਸ ਪੂਰੇ ਸਿਆਸੀ ਸੈਨਾਰਿਓ ਵਿੱਚ ਨਵਜੋਤ ਸਿੰਘ ਸਿੱਧੂ ਦੀ ਸਥਿਤੀ ਸਭ ਤੋਂ ਕਮਜ਼ੋਰ ਅਤੇ ਅਣਸ਼ੁੱਧ ਦਿੱਸ ਰਹੀ ਹੈ। ਸਿੱਧੂ ਬਾਰੇ ਸਿਆਸੀ ਹਲਕਿਆਂ ਵਿੱਚ ਖੁੱਲ੍ਹ ਕੇ ਕਿਹਾ ਜਾਣ ਲੱਗਾ ਹੈ ਕਿ ਉਹ “ਨਾ ਈਧਰ ਕੇ ਰਹੇ, ਨਾ ਉਧਰ ਕੇ.. ।” ਬੀਤੇ ਦਿਨੀਂ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਆਗੂਆਂ ਖ਼ਿਲਾਫ਼ ਵਿਵਾਦਿਤ ਬਿਆਨਾਂ ਕਾਰਨ ਮੁਅੱਤਲ ਕੀਤਾ ਜਾਣਾ ਵੀ ਇਸ ਗੱਲ ਦਾ ਸੰਕੇਤ ਹੈ ਕਿ ਕਾਂਗਰਸ ਅੰਦਰ ਸਿੱਧੂ ਜੋੜਾ ਹੁਣ ਬੋਝ ਬਣਦਾ ਜਾ ਰਿਹਾ ਹੈ।

ਨਵਜੋਤ ਸਿੰਘ ਸਿੱਧੂ ਨੇ ਪ੍ਰਿਯੰਕਾ ਗਾਂਧੀ ਤੋਂ ਮਿਲਣ ਲਈ ਸਮਾਂ ਮੰਗਿਆ ਹੈ ਅਤੇ 19 ਦਸੰਬਰ ਨੂੰ ਇਹ ਮੁਲਾਕਾਤ ਹੋਣ ਜਾ ਰਹੀ ਹੈ। ਇਹ ਮੀਟਿੰਗ ਸਿੱਧੂ ਲਈ ਕਰੀਅਰ ਦੀ ਸਭ ਤੋਂ ਅਹਿਮ ਮੀਟਿੰਗ ਮੰਨੀ ਜਾ ਰਹੀ ਹੈ। ਕਿਉਂਕਿ ਜੇ ਕਾਂਗਰਸ ਪਾਰਟੀ ਕੈਪਟਨ ਅਮਰਿੰਦਰ ਸਿੰਘ ਨੂੰ ਅੰਦਰ ਲਿਆਉਂਦੀ ਹੈ, ਤਾਂ ਸਿੱਧੂ ਜੋੜੇ ਨੂੰ ਬਾਹਰ ਦਾ ਰਸਤਾ ਵਿਖਾਉਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ।

ਇੱਥੇ ਸਿੱਧੂ ਜੋੜੇ ਲਈ ਮੁਸ਼ਕਲ ਇਹ ਹੈ ਕਿ ਉਨ੍ਹਾਂ ਨੂੰ ਲੈਣ ਲਈ ਕੋਈ ਦੂਜੀ ਵੱਡੀ ਪਾਰਟੀ ਵੀ ਤਿਆਰ ਨਹੀਂ ਦਿੱਸਦੀ। ਭਾਜਪਾ ਦੇ ਦਰਵਾਜ਼ੇ ਬੰਦ ਹਨ, ਅਕਾਲੀ ਦਲ ਨਾਲ ਰਾਹ ਨਹੀਂ ਬਣਦਾ ਅਤੇ ਆਪਣੀ ਨਵੀਂ ਪਾਰਟੀ ਬਣਾਉਣ ਦੀ ਜ਼ਮੀਨ ਵੀ ਮੌਜੂਦ ਨਹੀਂ। ਅਜਿਹੇ ਵਿੱਚ ਸਿੱਧੂ ਦੀ ਸਿਆਸਤ ‘ਤੇ ਉਹੀ ਲਾਈਨ ਫਿੱਟ ਬੈਠਦੀ ਹੈ — “ਨਾ ਈਧਰ ਕੇ ਰਹੇ, ਨਾ ਉਧਰ ਕੇ ਰਹੇ, ਨਾ ਖੁਦਾ ਹੀ ਮਿਲਾ ਨਾ ਮਿਲਾ ਰੇ ਸਨਮ ..”

ਇੱਕ ਸਮਾਂ ਸੀ ਜਦੋਂ ਨਵਜੋਤ ਸਿੰਘ ਸਿੱਧੂ ਕਪਿਲ ਸ਼ਰਮਾ ਦੇ ਸ਼ੋਅ ਤੋਂ ਮੋਟਾ ਪੈਸਾ ਕਮਾ ਰਹੇ ਸਨ, ਮੋਟੀਵੇਸ਼ਨਲ ਭਾਸ਼ਣਾਂ ਅਤੇ ਕ੍ਰਿਕਟ ਕੁਮੈਂਟਰੀ ਰਾਹੀਂ ਚੰਗੀ ਕਮਾਈ ਕਰ ਰਹੇ ਸਨ। ਮੁੱਖ ਮੰਤਰੀ ਬਣਨ ਦੀ ਤਾਂਘ ਨੇ ਨਾ ਸਿਰਫ਼ ਉਹ ਸਾਰਾ ਕੁੱਝ ਖੋਹ ਲਿਆ, ਸਗੋਂ ਸਿਆਸਤ ਵੀ ਹੱਥੋਂ ਨਿਕਲਦੀ ਦਿੱਸ ਰਹੀ ਹੈ। ਨਾ ਮੁੱਖ ਮੰਤਰੀ ਦੀ ਕੁਰਸੀ ਮਿਲੀ, ਨਾ ਪੁਰਾਣਾ ਕੰਮਕਾਰ ਬਚਿਆ।

ਹੁਣ ਸਾਰੀਆਂ ਨਿਗਾਹਾਂ 19 ਦਸੰਬਰ ਦੀ ਮੀਟਿੰਗ ‘ਤੇ ਟਿਕੀਆਂ ਹਨ। ਇਹ ਮੀਟਿੰਗ ਸਪਸ਼ਟ ਕਰ ਦੇਵੇਗੀ ਕਿ ਕਾਂਗਰਸ ਕਿਸ ਵੱਲ ਜਾ ਰਹੀ ਹੈ — ਕੈਪਟਨ ਅਮਰਿੰਦਰ ਸਿੰਘ ਦੀ ਵਾਪਸੀ ਵੱਲ ਜਾਂ ਨਵਜੋਤ ਸਿੰਘ ਸਿੱਧੂ ਪਤੀ ਪਤਨੀ ਦੀ ਵਿਦਾਇਗੀ ਵੱਲ। ਪੰਜਾਬ ਦੀ ਸਿਆਸਤ ਵਿੱਚ ਇਹ ਦੋਵੇਂ ਫੈਸਲੇ ਦੂਰਗਾਮੀ ਅਸਰ ਛੱਡਣ ਵਾਲੇ ਹਨ।

ਕੁਲਵੰਤ ਸਿੰਘ ਗੱਗੜਪੁਰੀ