Punjab
ਵੀਰ ਬਾਲ ਦਿਵਸ ਕਹਿ ਕੇ ਮਨਾਓ ਜਾਂ ਸਾਹਿਬਜ਼ਾਦੇ ਸ਼ਹਾਦਤ ਦਿਵਸ: ਮਸਲਾ ਨਾਮ ਦਾ ਨਹੀਂ, ਨੀਅਤ ਦਾ
ਅੱਜ ਦੇਸ਼ ਭਰ ਵਿੱਚ ਸਰਕਾਰ ਵੱਲੋਂ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦਿਹਾੜਾ ‘ਵੀਰ ਬਾਲ ਦਿਵਸ’ ਨਾਮ ਹੇਠ ਮਨਾਇਆ ਜਾ ਰਿਹਾ ਹੈ। ਇਹ ਉਹ ਸ਼ਹਾਦਤ ਹੈ ਜਿਸ ਨੇ ਮਨੁੱਖੀ ਇਤਿਹਾਸ ਨੂੰ ਦੱਸ ਦਿੱਤਾ ਕਿ ਉਮਰ ਸਰੀਰ ਦੀ ਹੁੰਦੀ ਹੈ, ਹੌਂਸਲੇ ਅਤੇ ਚੇਤਨਾ ਦੀ ਨਹੀਂ। ਸਿਰਫ਼ ਨੌਂ ਅਤੇ ਸੱਤ ਸਾਲ ਦੀ ਉਮਰ ਵਿੱਚ ਧਰਮ, ਇਨਸਾਫ਼ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਜਿੰਦਗੀ ਕੁਰਬਾਨ ਕਰ ਦੇਣਾ ਕੋਈ ਆਮ ਘਟਨਾ ਨਹੀਂ, ਇਹ ਤਾਂ ਇਤਿਹਾਸ ਦਾ ਉਹ ਸੁਨਹਿਰੀ ਅਧਿਆਇ ਹੈ ਜੋ ਸਦੀਆਂ ਤੱਕ ਮਨੁੱਖਤਾ ਨੂੰ ਰਾਹ ਦਿਖਾਉਂਦਾ ਰਹੇਗਾ।
ਵੀਰ ਬਾਲ ਦਿਵਸ ਨਾਮ ਨੂੰ ਲੈ ਕੇ ਸ਼੍ਰੀ ਆਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਈ ਹੋਰ ਸਿੱਖ ਸੰਸਥਾਵਾਂ ਵੱਲੋਂ ਵਿਰੋਧ ਜ਼ਾਹਿਰ ਕੀਤਾ ਗਿਆ ਹੈ। ਉਨ੍ਹਾਂ ਦਾ ਦਰਦ ਅਤੇ ਤਰਕ ਸਮਝਣ ਯੋਗ ਹੈ। ਸਿੱਖ ਸੰਸਥਾਵਾਂ ਦਾ ਮੰਨਣਾ ਹੈ ਕਿ ਸਾਹਿਬਜ਼ਾਦਿਆਂ ਨੂੰ ਸਿਰਫ਼ ‘ਬਾਲ’ ਕਹਿਣਾ ਉਨ੍ਹਾਂ ਦੀ ਮਹਾਨਤਾ ਨੂੰ ਘਟਾਉਂਦਾ ਹੈ, ਕਿਉਂਕਿ ਉਹ ਬੱਚੇ ਉਮਰ ਵਿੱਚ ਸਨ ਪਰ ਚੇਤਨਾ ਵਿੱਚ ਮਹਾਨ ਯੋਧੇ, ਸ਼ਹੀਦ ਅਤੇ ਸੱਚ ਦੇ ਅਡੋਲ ਸਿਪਾਹੀ ਸਨ। ਇਸੇ ਕਰਕੇ ਸੁਝਾਅ ਦਿੱਤਾ ਗਿਆ ਕਿ ਇਸ ਦਿਹਾੜੇ ਨੂੰ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਕਿਹਾ ਜਾਵੇ, ਜੋ ਉਨ੍ਹਾਂ ਦੀ ਕੁਰਬਾਨੀ ਨਾਲ ਹੋਰ ਵੱਧ ਨਿਆਂ ਕਰਦਾ ਹੈ। ਇਹ ਗੱਲ ਮੰਨਣੀ ਪਵੇਗੀ ਕਿ ਉਨ੍ਹਾਂ ਦੀ ਸ਼ਹਾਦਤ ਦੇ ਸਾਹਮਣੇ ਕੋਈ ਵੀ ਸ਼ਬਦ ਛੋਟਾ ਪੈ ਜਾਂਦਾ ਹੈ।
ਦੂਜੇ ਪਾਸੇ ਸਰਕਾਰ ਵੱਲੋਂ ਵੀਰ ਬਾਲ ਦਿਵਸ ਮਨਾਉਣ ਦਾ ਮੰਤਵ ਇਹ ਦੱਸਿਆ ਜਾਂਦਾ ਹੈ ਕਿ ਇਸ ਦਿਨ ਬੱਚਿਆਂ ਨੂੰ ਪੁਰਸਕਾਰਾਂ ਰਾਹੀਂ ਸਨਮਾਨਿਤ ਕਰਕੇ ਉਨ੍ਹਾਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਣ ਦਾ ਸੰਦੇਸ਼ ਦਿੱਤਾ ਜਾਵੇ। ਇਹ ਨੀਅਤ ਆਪਣੇ ਆਪ ਵਿੱਚ ਗਲਤ ਨਹੀਂ। ਲੇਕਿਨ ਇੱਥੇ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਸਾਹਿਬਜ਼ਾਦਿਆਂ ਦੀ ਕੁਰਬਾਨੀ ਸਿਰਫ਼ ਬੱਚਿਆਂ ਲਈ ਨਹੀਂ, ਸਗੋਂ ਸਾਰੀ ਮਨੁੱਖਤਾ ਲਈ ਹੈ। ਇਹ ਸਾਨੂੰ ਸਿਖਾਉਂਦੀ ਹੈ ਕਿ ਜ਼ੁਲਮ ਦੇ ਸਾਹਮਣੇ ਚੁੱਪ ਰਹਿਣ ਦੀ ਬਜਾਇ ਸੱਚ ਲਈ ਖੜ੍ਹਾ ਹੋਣਾ ਕਿੰਨਾ ਜ਼ਰੂਰੀ ਹੈ, ਭਾਵੇਂ ਉਸ ਦੀ ਕੀਮਤ ਆਪਣੀ ਜਿੰਦਗੀ ਹੀ ਕਿਉਂ ਨਾ ਹੋਵੇ।
ਵਿਰੋਧੀ ਪਾਰਟੀਆਂ ਵੱਲੋਂ ਇਹ ਦੋਸ਼ ਵੀ ਲਗਾਏ ਜਾ ਰਹੇ ਹਨ ਕਿ ਇਹ ਦਿਵਸ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਮੌਕੇ ਮਨਾਏ ਜਾਂਦੇ ਬਾਲ ਦਿਵਸ ਨੂੰ ਫਿੱਕਾ ਕਰਨ ਲਈ ਲਿਆਂਦਾ ਗਿਆ ਹੈ। ਇਹ ਦੋਸ਼ ਸਿਆਸੀ ਹੋ ਸਕਦੇ ਹਨ, ਪਰ ਇਸ ਤਰ੍ਹਾਂ ਦੇ ਦਿਨਾਂ ਨੂੰ ਸਿਆਸਤ ਦੀ ਤਰਾਜੂ ਵਿੱਚ ਤੋਲਣਾ ਸਭ ਤੋਂ ਵੱਡੀ ਗਲਤੀ ਹੈ। ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਕਿਸੇ ਇੱਕ ਪਾਰਟੀ, ਇੱਕ ਸਰਕਾਰ ਜਾਂ ਇੱਕ ਵਿਚਾਰਧਾਰਾ ਦੀ ਜਾਇਦਾਦ ਨਹੀਂ, ਇਹ ਸਾਰੀ ਕੌਮ ਅਤੇ ਸਾਰੇ ਦੇਸ਼ ਦੀ ਸਾਂਝੀ ਵਿਰਾਸਤ ਹੈ।
ਇਹ ਵੀ ਸੱਚ ਹੈ ਕਿ ਸਿੱਖ ਕੌਮ ਨੇ ਪਿਛਲੇ ਦਹਾਕਿਆਂ ਵਿੱਚ ਕਈ ਡੂੰਘੇ ਜ਼ਖ਼ਮ ਸਹਿਣ ਕੀਤੇ ਹਨ। ਸ਼੍ਰੀ ਦਰਬਾਰ ਸਾਹਿਬ ‘ਤੇ ਹਮਲਾ, ਦਿੱਲੀ ਸਿੱਖ ਕਤਲੇਆਮ ਅਤੇ ਫਿਰ ਦੋਸ਼ੀਆਂ ਨੂੰ ਸਜ਼ਾ ਨਾ ਮਿਲਣਾ — ਇਹ ਸਭ ਕੁਝ ਸਿੱਖ ਮਨਾਂ ਵਿੱਚ ਬੇਗਾਨਗੀ ਅਤੇ ਅਵਿਸ਼ਵਾਸ ਦੀ ਭਾਵਨਾ ਛੱਡ ਗਿਆ। ਇਸ ਪਿਛੋਕੜ ਵਿੱਚ ਜਦੋਂ ਭਾਜਪਾ ਸਰਕਾਰ ਵੱਲੋਂ ਦਿੱਲੀ ਸਿੱਖ ਕਤਲੇਆਮ ਦੇ ਕੁਝ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਈਆਂ ਗਈਆਂ ਅਤੇ ਗੁਰੂ ਸਾਹਿਬਾਨ ਦੇ ਸ਼ਹੀਦੀ ਦਿਹਾੜਿਆਂ ਨੂੰ ਰਾਸ਼ਟਰੀ ਪੱਧਰ ‘ਤੇ ਮਾਨਤਾ ਮਿਲੀ, ਤਾਂ ਬਹੁਤੇ ਸਿੱਖਾਂ ਨੂੰ ਇਹ ਅਹਿਸਾਸ ਹੋਇਆ ਕਿ ਰਾਜ ਸੱਤਾ ਉਨ੍ਹਾਂ ਦੇ ਦਰਦ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਕਦਮ ਸ਼ਲਾਘਾਯੋਗ ਹਨ ਅਤੇ ਇਨ੍ਹਾਂ ਨਾਲ ਸਿੱਖ ਕੌਮ ਨੂੰ ਦੇਸ਼ ਵਿੱਚ ਆਪਣੇਪਨ ਦਾ ਅਹਿਸਾਸ ਵੀ ਹੁੰਦਾ ਹੈ।
ਲੇਕਿਨ ਜੇਕਰ ਵੀਰ ਬਾਲ ਦਿਵਸ ਦੇ ਨਾਮ ਨੂੰ ਲੈ ਕੇ ਨਕਾਰਾਤਮਕ ਪ੍ਰਚਾਰ ਜਾਰੀ ਰਿਹਾ ਅਤੇ ਇਸ ਮੁੱਦੇ ‘ਤੇ ਸਿਆਸਤ ਹੁੰਦੀ ਰਹੀ, ਤਾਂ ਇਸ ਨਾਲ ਲਾਭ ਦੀ ਬਜਾਇ ਨੁਕਸਾਨ ਹੋਣ ਦੀ ਸੰਭਾਵਨਾ ਵੱਧ ਜਾਵੇਗੀ। ਸਿੱਖ ਕੌਮ ਨੂੰ ਜੋੜਨ ਦੀ ਥਾਂ ਇਹ ਮਾਮਲਾ ਦੂਰੀਆਂ ਵਧਾ ਸਕਦਾ ਹੈ। ਇਤਿਹਾਸ ਗਵਾਹ ਹੈ ਕਿ ਗੁਰੂ ਸਾਹਿਬਾਨ ਦੀ ਵਿਰਾਸਤ ਨੂੰ ਜਦੋਂ ਵੀ ਸਿਆਸਤ ਨਾਲ ਜੋੜਿਆ ਗਿਆ, ਨੁਕਸਾਨ ਸੱਚ ਅਤੇ ਸ਼ਰਧਾ ਦਾ ਹੀ ਹੋਇਆ।
ਅੱਜ ਦੇ ਦਿਨ, ਜਦੋਂ ਦੇਸ਼ ਭਰ ਵਿੱਚ ਇਹ ਦਿਹਾੜਾ ਮਨਾਇਆ ਜਾ ਰਿਹਾ ਹੈ, ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਨਾਮਾਂ ਦੀ ਬਹਿਸ ਤੋਂ ਉੱਪਰ ਉੱਠ ਕੇ ਸ਼ਹੀਦਾਂ ਦੀ ਕੁਰਬਾਨੀ ਅੱਗੇ ਨਤਮਸਤਕ ਹੋਈਏ। ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਨੇ ਜੋ ਸ਼ਹਾਦਤ ਦਿੱਤੀ, ਉਹ ਸਾਨੂੰ ਸਿਖਾਉਂਦੀ ਹੈ ਕਿ ਸੱਚ, ਧਰਮ ਅਤੇ ਇਨਸਾਫ਼ ਲਈ ਖੜ੍ਹੇ ਰਹਿਣ ਦਾ ਮੱਤਲਬ ਕੀ ਹੁੰਦਾ ਹੈ। ਇਸ ਲਈ ਸਰਕਾਰ ਹੋਵੇ ਜਾਂ ਵਿਰੋਧੀ ਧਿਰ, ਸਿੱਖ ਸੰਸਥਾਵਾਂ ਹੋਣ ਜਾਂ ਆਮ ਲੋਕ — ਸਭ ਨੂੰ ਇਹ ਸਮਝਣਾ ਹੋਵੇਗਾ ਕਿ ਇਹ ਦਿਹਾੜਾ ਸ਼ਰਧਾ ਨਾਲ ਮਨਾਉਣ ਲਈ ਹੈ, ਸਿਆਸਤ ਕਰਨ ਲਈ ਨਹੀਂ।
ਭਾਵੇਂ ਇਸਨੂੰ ਵੀਰ ਬਾਲ ਦਿਵਸ ਕਹਿ ਕੇ ਮਨਾਇਆ ਜਾਵੇ ਜਾਂ ਸਾਹਿਬਜ਼ਾਦੇ ਸ਼ਹਾਦਤ ਦਿਵਸ ਕਹਿ ਕੇ, ਮੂਲ ਗੱਲ ਇਹ ਹੈ ਕਿ ਇਹ ਦਿਨ ਸਾਨੂੰ ਆਪਣੇ ਅੰਦਰ ਝਾਕਣ ਲਈ ਮਜਬੂਰ ਕਰੇ, ਸਾਨੂੰ ਜ਼ੁਲਮ ਦੇ ਖ਼ਿਲਾਫ਼ ਖੜ੍ਹਾ ਹੋਣ ਦਾ ਹੌਂਸਲਾ ਦੇਵੇ ਅਤੇ ਸਾਨੂੰ ਯਾਦ ਕਰਵਾਏ ਕਿ ਸੱਚ ਦੇ ਰਾਹ ‘ਤੇ ਤੁਰਨ ਵਾਲਿਆਂ ਦੀ ਉਮਰ ਨਹੀਂ, ਉਨ੍ਹਾਂ ਦੀ ਕੁਰਬਾਨੀ ਬੋਲਦੀ ਹੈ। ਕੋਟਿ ਕੋਟਿ ਪ੍ਰਣਾਮ ਉਹਨਾਂ ਮਹਾਨ ਸ਼ਹੀਦਾਂ ਨੂੰ, ਜਿਨ੍ਹਾਂ ਨੇ ਸਾਰੀ ਮਨੁੱਖਤਾ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ।…ਅਤੇ ਇਸ ਸ਼ਹਾਦਤ ਦੇ ਅੱਗੇ ਸਿਰ ਝੁਕਾਉਂਦੇ ਹੋਏ ਅਸੀਂ ਆਪਣੇ ਆਪ ਤੋਂ ਇਹ ਸਵਾਲ ਵੀ ਪੁੱਛੀਏ ਕਿ ਕੀ ਅਸੀਂ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਿਰਫ਼ ਇਕ ਦਿਹਾੜੇ, ਇਕ ਸਮਾਗਮ ਜਾਂ ਇਕ ਸਿਆਸੀ ਬਿਆਨ ਤੱਕ ਹੀ ਸੀਮਿਤ ਕਰ ਦਿੱਤਾ ਹੈ? ਜੇ ਅਸੀਂ ਸੱਚਮੁੱਚ ਉਨ੍ਹਾਂ ਨੂੰ ਸ਼ਰਧਾਂਜਲੀ ਦੇਣੀ ਹੈ ਤਾਂ ਉਹ ਸਾਡੇ ਆਚਰਨ, ਸਾਡੇ ਫੈਸਲਿਆਂ ਅਤੇ ਸਾਡੇ ਸਮਾਜਕ ਵਿਹਾਰ ਵਿੱਚ ਨਜ਼ਰ ਆਉਣੀ ਚਾਹੀਦੀ ਹੈ। ਜਦੋਂ ਕਿਤੇ ਬੇਇਨਸਾਫ਼ੀ ਹੋਵੇ, ਜਦੋਂ ਕਿਤੇ ਧਰਮ ਜਾਂ ਹੱਕਾਂ ‘ਤੇ ਹਮਲਾ ਹੋਵੇ, ਜਦੋਂ ਕਿਤੇ ਸੱਚ ਨੂੰ ਦਬਾਇਆ ਜਾਵੇ — ਉੱਥੇ ਸਾਹਿਬਜ਼ਾਦਿਆਂ ਦੀ ਯਾਦ ਸਾਨੂੰ ਖੜ੍ਹਾ ਹੋਣ ਦਾ ਹੌਂਸਲਾ ਦੇਵੇ, ਇਹੀ ਉਨ੍ਹਾਂ ਲਈ ਸੱਚੀ ਸ਼ਰਧਾ ਹੋਵੇਗੀ।
ਅੱਜ ਲੋੜ ਇਸ ਗੱਲ ਦੀ ਹੈ ਕਿ ਸਰਕਾਰ ਵੀ ਸੰਵੇਦਨਸ਼ੀਲਤਾ ਦਿਖਾਵੇ ਅਤੇ ਸਿੱਖ ਸੰਸਥਾਵਾਂ ਦੀ ਭਾਵਨਾ ਦਾ ਆਦਰ ਕਰੇ, ਨਾਲ ਹੀ ਸਿੱਖ ਸੰਸਥਾਵਾਂ ਅਤੇ ਸਿਆਸੀ ਪਾਰਟੀਆਂ ਵੀ ਇਹ ਯਕੀਨੀ ਬਣਾਉਣ ਕਿ ਗੁਰੂ ਘਰ ਦੇ ਮਸਲੇ ਸਿਆਸੀ ਲਾਭ-ਨੁਕਸਾਨ ਦੀ ਭੇਟ ਨਾ ਚੜ੍ਹਣ। ਨਾਮ ਬਦਲਣ ਜਾਂ ਨਾ ਬਦਲਣ ਦੀ ਗੱਲ ਤੋਂ ਵੱਧ ਜ਼ਰੂਰੀ ਇਹ ਹੈ ਕਿ ਦਿਹਾੜਾ ਪਵਿੱਤਰਤਾ, ਸਤਿਕਾਰ ਅਤੇ ਏਕਤਾ ਨਾਲ ਮਨਾਇਆ ਜਾਵੇ ਕਿਉਂਕਿ ਜਿੱਥੇ ਸਿਆਸਤ ਦਾਖ਼ਲ ਹੋ ਜਾਂਦੀ ਹੈ, ਉੱਥੇ ਸ਼ਰਧਾ ਘਟਦੀ ਹੈ ਅਤੇ ਜਿੱਥੇ ਸ਼ਰਧਾ ਕਾਇਮ ਰਹਿੰਦੀ ਹੈ, ਉੱਥੇ ਕੌਮਾਂ ਜੁੜਦੀਆਂ ਹਨ।
ਇਸ ਲਈ ਅੱਜ ਦੇ ਦਿਨ ਸਰਕਾਰ, ਵਿਰੋਧੀ ਧਿਰਾਂ, ਸਿੱਖ ਸੰਸਥਾਵਾਂ ਅਤੇ ਸਮੂਹ ਦੇਸ਼ ਵਾਸੀਆਂ ਨੂੰ ਇਕੱਠੇ ਹੋ ਕੇ ਇਹ ਸੰਦੇਸ਼ ਦੇਣਾ ਚਾਹੀਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਾਡੇ ਲਈ ਸਿਆਸੀ ਮੁੱਦਾ ਨਹੀਂ, ਸਗੋਂ ਰੂਹਾਨੀ ਪ੍ਰੇਰਨਾ ਹੈ। ਭਾਵੇਂ ਇਹ ਦਿਹਾੜਾ ਵੀਰ ਬਾਲ ਦਿਵਸ ਕਹਿ ਕੇ ਮਨਾਇਆ ਜਾਵੇ ਜਾਂ ਸਾਹਿਬਜ਼ਾਦੇ ਸ਼ਹਾਦਤ ਦਿਵਸ ਦੇ ਨਾਮ ਨਾਲ, ਇਹ ਮਨਾਇਆ ਜਾਵੇ ਪੂਰੀ ਸ਼ਰਧਾ, ਸਨਮਾਨ ਅਤੇ ਏਕਤਾ ਨਾਲ — ਕਿਉਂਕਿ ਮਹਾਨ ਸ਼ਹੀਦਾਂ ਦੀ ਯਾਦ ਸਾਨੂੰ ਵੰਡਣ ਲਈ ਨਹੀਂ, ਸਾਨੂੰ ਜੋੜਣ ਲਈ ਹੁੰਦੀ ਹੈ।
ਕੁਲਵੰਤ ਸਿੰਘ ਗੱਗੜਪੁਰੀ

