Connect with us

Punjab

ਚੇਅਰਮੈਨ ਐਨ.ਜੀ.ਟੀ. ਨੇ ਵਾਤਾਵਰਣ ਸੁਰੱਖਿਆ ਲਈ ਰਲ ਕੇ ਹੰਭਲਾ ਮਾਰਨ ਦਾ ਦਿੱਤਾ ਸੱਦਾ

Published

on

ਰਾਜਪੁਰਾ/ਪਟਿਆਲਾ: ਕੌਮੀ ਗਰੀਨ ਟ੍ਰਿਬਿਊਨਲ ਦੇ ਚੇਅਰਮੈਨ ਜਸਟਿਸ ਆਦਰਸ਼ ਕੁਮਾਰ ਗੋਇਲ ਨੇ ਵਾਤਾਵਰਣ ਦੀ ਸੁਰੱਖਿਆ ਲਈ ਸਾਰਿਆਂ ਨੂੰ ਰਲ ਕੇ ਹੰਭਲਾ ਮਾਰਨ ਦਾ ਸੱਦਾ ਦਿੰਦਿਆ ਕਿਹਾ ਕਿ ਜੇਕਰ ਅਸੀ ਹੁਣ ਵੀ ਨਾ ਸੰਭਲੇ ਤਾ ਆਉਣ ਵਾਲੇ ਸਮੇਂ ‘ਚ ਸਾਨੂੰ ਵਾਤਾਵਰਣ ਤਬਦੀਲੀ ਕਾਰਨ ਪੈਦਾ ਹੋ ਰਹੇ ਵੱਡੇ ਸੰਕਟਾਂ ਦਾ ਸਾਹਮਣਾ ਕਰਨਾ ਪਵੇਗਾ।

ਚਿਤਕਾਰਾ ਯੂਨੀਵਰਸਿਟੀ ਵਿਖੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ‘ਭਵਿੱਖ ਲਈ ਵਾਤਾਵਰਣ ਦੀ ਸੁਰੱਖਿਆ’ ਵਿਸ਼ੇ ‘ਤੇ ਕਰਵਾਏ ਸੈਮੀਨਾਰ ਦੌਰਾਨ ਜਸਟਿਸ ਆਦਰਸ਼ ਕੁਮਾਰ ਗੋਇਲ ਨੇ ਕਿਹਾ ਕਿ ਵਾਤਾਵਰਣ ਸੰਭਾਲ ਲਈ ਸਾਨੂੰ ਹੋਰਨਾਂ ‘ਤੇ ਨਿਰਭਰ ਹੋਣ ਦੀ ਬਜਾਏ ਧਰਤੀ ਨੂੰ ਬਚਾਉਣ ਲਈ ਹਰੇਕ ਵਿਅਕਤੀ ਨੂੰ ਅੱਗੇ ਆਉਣਾ ਪਵੇਗਾ। ਉਨ੍ਹਾਂ ਕਿਹਾ ਕਿ ਵਾਤਾਵਰਣ ਨਾਲ ਛੇੜਛਾੜ ਕਰਦਿਆਂ ਅਸੀਂ ਆਪਣੇ ਜੰਗਲਾਤ, ਜਲ ਸਰੋਤਾਂ ਨੂੰ ਨਸ਼ਟ ਕੀਤਾ ਹੈ ਅਤੇ ਹੁਣ ਇਸ ਦੇ ਮਾੜੇ ਨਤੀਜੇ ਸਾਹਮਣੇ ਆ ਰਹੇ ਹਨ।

ਜਸਟਿਸ ਗੋਇਲ ਨੇ ਕਿਹਾ ਕਿ ਵਾਤਾਵਰਣ ਨੂੰ ਦੂਸ਼ਿਤ ਕਰਨਾ ਅਪਰਾਧ ਹੈ ਅਤੇ ਇਸ ਸਬੰਧੀ ਸਖਤ ਕਾਨੂੰਨ ਵੀ ਹਨ, ਪਰ ਜੇਕਰ ਇਸ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ ਜਾਵੇ ਅਤੇ ਹਰੇਕ ਵਿਅਕਤੀ ਇਸ ਸਬੰਧੀ ਸੁਚੇਤ ਹੋਵੇ ਤਾਂ ਇਸ ਸਮੱਸਿਆ ਦਾ ਹੱਲ ਕੋਈ ਮੁਸ਼ਕਲ ਨਹੀਂ ਹੈ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਅਤੇ ਵੱਡੇ ਵਿਦਿਅਕ ਅਦਾਰਿਆਂ ਨੂੰ ਵਾਤਾਵਰਣ ਦੀ ਸ਼ੁੱਧਤਾ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਉਨ੍ਹਾਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਬਾਇਓਮੈਡੀਕਲ ਵੈਸਟ ਨੂੰ ਸੰਭਾਲਣ ਲਈ ਮੈਡੀਕਲ ਸਟਾਫ਼ ਦੀ ਸਹੂਲਤ ਲਈ ਬਣਾਏ ਗਏ ਕਿਤਾਬਚੇ ਨੂੰ ਵੀ ਜਾਰੀ ਕੀਤਾ ਅਤੇ ਕੈਂਪਸ ‘ਚ ਬੂਟਾ ਲਗਾਇਆ।

ਸੈਮੀਨਾਰ ਦੌਰਾਨ ਵਾਤਾਵਰਣ ਪ੍ਰੇਮੀ ਤੇ ਐਨ.ਜੀ.ਟੀ. ਨਿਗਰਾਨ ਕਮੇਟੀ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਲੰਮੇ ਤਜਰਬੇ ਨੂੰ ਸਾਂਝਾ ਕਰਦਿਆ ਕਿਹਾ ਕਿ ਪਾਣੀ ਨੂੰ ਦੂਸ਼ਿਤ ਕਰਨ ਵਾਲਿਆਂ ਦੀ ਜਵਾਬਦੇਹੀ ਜਰੂਰੀ ਹੈ, ਕਿਉਂਕਿ ਜਿੰਨੀ ਦੇਰ ਜਵਾਬਦੇਹੀ ਤਹਿ ਨਹੀਂ ਹੁੰਦੀ, ਉਨ੍ਹੀ ਦੇਰ ਇਸ ਮਸਲੇ ਦਾ ਹੱਲ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਧਰਤੀ ਹੇਠਲਾ ਪਾਣੀ ਲਗਾਤਾਰ ਥੱਲੇ ਜਾ ਰਿਹਾ ਹੈ ਅਤੇ ਆਉਣ ਵਾਲੇ ਕੁਝ ਸਾਲਾਂ ‘ਚ ਪੀਣ ਵਾਲੇ ਪਾਣੀ ਦੀ ਕਿੱਲਤ ਵੀ ਸਾਹਮਣੇ ਆਵੇਗੀ। ਉਨ੍ਹਾਂ ਸੀਚੇਵਾਲ ਮਾਡਲ ਦੀ ਉਦਾਹਰਣ ਦਿੰਦਿਆ ਕਿਹਾ ਕਿ ਜੇਕਰ ਅਜਿਹੇ ਮਾਡਲ ਵੱਡੇ ਪੱਧਰ ‘ਤੇ ਲਗਾਏ ਜਾਣ ਤਾਂ ਪਾਣੀ ਰੀਚਾਰਜ ਕਰਕੇ ਉਸਦੀ ਵਰਤੋਂ ਖੇਤੀ ਲਈ ਕੀਤੀ ਜਾ ਸਕਦੀ ਹੈ।

ਇਸ ਮੌਕੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਆਦਰਸ਼ ਪਾਲ ਵਿਜ ਨੇ ਮੇਰਾ ਵਾਤਾਵਰਣ ਮੇਰੀ ਜਿੰਮੇਵਾਰੀ ਦਾ ਨਾਅਰਾ ਦਿੰਦਿਆ ਨੌਜਵਾਨਾਂ ਨੂੰ ਵਾਤਾਵਰਣ ਦੀ ਸ਼ੁੱਧਤਾ ਲਈ ਅੱਗੇ ਆਉਣ ਦਾ ਸੱਦਾ ਦਿੰਦਿਆ ਕਿਹਾ ਕਿ ਹਰੇਕ ਚੀਜ ਦੀ ਵਰਤੋਂ ਕਰੋ ਪਰ ਦੂਰਵਰਤੋਂ ਨਾ ਕਰੋ, ਜਦ ਕਿਸੇ ਵੀ ਚੀਜ ਦੀ ਦੂਰਵਰਤੋਂ ਸ਼ੁਰੂ ਹੁੰਦੀ ਹੈ ਤਾਂ ਉਹ ਸਾਰਿਆਂ ਲਈ ਹੀ ਨੁਕਸਾਨਦੇਹ ਹੋ ਜਾਂਦੀ ਹੈ।

ਇਸ ਮੌਕੇ ਐਸ.ਬੀ.ਐਸ. ਸਟੇਟ ਯੂਨੀਵਰਸਿਟੀ ਗੁਰਦਾਸਪੁਰ ਦੇ ਉਪ ਕੁਲਪਤੀ ਡਾ. ਸੁਸ਼ੀਲ ਮਿੱਤਲ ਨੇ ਫਸਲਾਂ ਦੀ ਰਹਿੰਦ ਖੂੰਹਦ ਨਾਲ ਵਾਤਾਵਰਣ ‘ਤੇ ਪੈਂਦੇ ਪ੍ਰਭਾਵ ‘ਤੇ ਚਰਚਾ ਕੀਤੀ ਅਤੇ ਸੈਂਟਰਲ ਯੂਨੀਵਰਸਿਟੀ ਬਠਿੰਡਾ ਦੇ ਪ੍ਰੋ. ਵੀ.ਕੇ ਗਰਗ ਨੇ ‘ਸਿੰਗਲ ਯੂਜ ਪਲਾਸਟਿਕ’ ਦੇ ਖਾਤਕ ਨਤੀਜਿਆਂ ‘ਤੇ ਪਰਚਾ ਪੜਿਆ। ਖੇਤੀ ਵਿਰਾਸਤ ਮਿਸ਼ਨ ਪੰਜਾਬ ਦੇ ਕਾਰਜਕਾਰੀ ਡਾਇਰੈਕਟਰ ਓਮੇਦਿੰਰ ਦੱਤ ਨੇ ਰਵਾਇਤੀ ਫਸਲੀ ਚੱਕਰ ਵਿਚੋਂ ਨਿਕਲਕੇ ਹੋਰਨਾਂ ਫਸਲਾਂ ਦੀ ਉਪਜ ਕਰਨ ਲਈ ਕੀਤੇ ਜਾਣ ਵਾਲੇ ਉਪਰਾਲਿਆਂ ‘ਤੇ ਚਰਚਾ ਕੀਤੀ।  ਪ੍ਰੋ. ਰਵਿੰਦਰ ਖਈਵਾਲ ਨੇ ਵਾਤਾਵਰਣ ਦੀ ਰੱਖਿਆ ਲਈ ਸਮਾਜ ਵੱਲੋਂ ਕੀਤੇ ਜਾਣ ਵਾਲੇ ਯਤਨਾਂ ਸਬੰਧੀ ਪਰਚਾ ਪੜਿਆਂ।

ਐਨ.ਜੀ.ਟੀ. ਨਿਗਰਾਨ ਕਮੇਟੀ ਦੇ ਚੇਅਰਮੈਨ ਜਸਟਿਸ (ਸੇਵਾਮੁਕਤ) ਜਸਬੀਰ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਕਿ ਜਿਸ ਤੇਜੀ ਨਾਲ ਪੰਜਾਬ ‘ਚ ਧਰਤੀ ਹੇਠਲੇ ਪਾਣੀ ਨੂੰ ਕੱਢਿਆ ਜਾ ਰਿਹਾ ਹੈ, ਉਸ ਹਿਸਾਬ ਨਾਲ ਸਾਡੇ ਕੋਲ 17 ਸਾਲ ਦਾ ਪਾਣੀ ਹੀ ਬਚਿਆ ਹੈ। ਇਸੇ ਤਰ੍ਹਾਂ ਹਵਾ ਵੀ ਤੇਜ਼ੀ ਨਾਲ ਦੂਸ਼ਿਤ ਹੋ ਰਹੀ ਹੈ ਜੋ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀ ਹੁਣ ਵੀ ਨਾ ਸੰਭਲੇ ਤਾਂ ਫੇਰ ਸਾਡੀ ਆਉਣ ਵਾਲੀ ਅਗਲੀ ਪੀੜੀ ਨੂੰ ਇਸ ਦੇ ਭਿਆਨਕ ਨਤੀਜੇ ਭੁਗਤਣੇ ਪੈਣਗੇ।

ਸੈਮੀਨਾਰ ਦੌਰਾਨ ਚਿਤਕਾਰਾ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਡਾ. ਮਧੂ ਚਿਤਕਾਰਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਯੂਨੀਵਰਸਿਟੀ ਵੱਲੋਂ ਵਾਤਾਵਰਣ ਪੱਖੀ ਕੀਤੇ ਜਾ ਰਹੇ ਕੰਮਾਂ ਤੋਂ ਜਾਣੂ ਕਰਵਾਉਂਦਿਆਂ ਆਉਣ ਵਾਲੇ ਸਮੇਂ ‘ਚ ਕੀਤੇ ਜਾ ਰਹੇ ਪ੍ਰੋਜੈਕਟਾਂ ਸਬੰਧੀ ਵੀ ਜਾਣਕਾਰੀ ਦਿੱਤੀ।  ਚਿਤਕਾਰਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਅਰਚਨਾ ਮੰਤਰੀ ਨੇ ਆਏ ਮਹਿਮਾਨਾਂ ਨੂੰ ਜੀਆਇਆ ਆਖਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਟਿਸ ਪ੍ਰੀਤਮਪਾਲ ਸਿੰਘ, ਜਸਟਿਸ ਅਜੈ ਮਿੱਤਲ, ਡਾ. ਸੁਸ਼ੀਲ ਮਿੱਤਲ, ਪ੍ਰੋ. ਵੀ ਕੇ ਗਰਗ, ਐਸ.ਸੀ. ਅਗਰਵਾਲ, ਡਾ. ਬਾਬੂ ਰਾਮ, ਇੰਜ ਕਰੁਨੇਸ਼ ਗਰਗ ਸਮੇਤ ਵੱਡੀ ਗਿਣਤੀ ਵਿਦਿਆਰਥੀ ਮੌਜੂਦ ਸਨ।