India
27 ਤੋਂ 31 ਤੱਕ ਮੀਂਹ ਪੈਣ ਦੀ ਸੰਭਾਵਨਾ
WEATHER NEWS: ਦੇਸ਼ ਭਰ ‘ਚ ਕੜਾਕੇ ਦੀ ਠੰਡ ਦਾ ਕਹਿਰ ਜਾਰੀ ਹੈ। ਕੁਝ ਥਾਵਾਂ ‘ਤੇ ਤਾਪਮਾਨ ਮਾਈਨਸ ਪੱਧਰ ਤੱਕ ਡਿੱਗ ਗਿਆ ਹੈ ਅਤੇ ਕੁਝ ਥਾਵਾਂ ‘ਤੇ ਸੀਤ ਲਹਿਰ ਕਾਰਨ ਲੋਕ ਕੰਬ ਰਹੇ ਹਨ। ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲੇ ਦੇ ਧਾਰਚੂਲਾ ‘ਚ ਹਾਲ ਹੀ ‘ਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਸੀ, ਜਿਸ ਕਾਰਨ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ ਸੀ। ਜੰਮੂ-ਕਸ਼ਮੀਰ ‘ਚ 40 ਦਿਨਾਂ ਦੀ ਸਰਦ ਰੁੱਤ ਚਿੱਲੀ ਕਲਾਂ ਸ਼ੁਰੂ ਹੋ ਗਈ ਹੈ। ਇਸ ਵਾਰ ਸ੍ਰੀਨਗਰ ਵਿੱਚ ਤਾਪਮਾਨ -8.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਪਿਛਲੇ 133 ਸਾਲਾਂ ਵਿੱਚ ਤੀਜੀ ਵਾਰ ਹੋਇਆ ਹੈ। ਉੱਤਰੀ ਭਾਰਤ ਸ਼ੀਤ ਲਹਿਰ ਅਤੇ ਸੰਘਣੀ ਧੁੰਦ ਦੀ ਲਪੇਟ ਵਿੱਚ ਹੈ ਜਦਕਿ ਦੱਖਣੀ ਭਾਰਤ ਵਿੱਚ ਮੀਂਹ ਨੇ ਮੁਸ਼ਕਲਾਂ ਵਧਾ ਦਿੱਤੀਆਂ ਹਨ।
ਭਾਰਤੀ ਮੌਸਮ ਵਿਭਾਗ (IMD) ਨੇ ਆਉਣ ਵਾਲੇ ਮੌਸਮ ਦੀ ਭਵਿੱਖਬਾਣੀ ਜਾਰੀ ਕੀਤੀ ਹੈ। ਮੌਸਮ ਵਿਭਾਗ ਅਨੁਸਾਰ 28 ਦਸੰਬਰ ਤੱਕ ਮੌਸਮ ਵਿੱਚ ਵੱਡੀ ਤਬਦੀਲੀ ਆ ਸਕਦੀ ਹੈ। ਵੈਸਟਰਨ ਡਿਸਟਰਬੈਂਸ ਐਕਟਿਵ ਰਹੇਗਾ ਜਿਸ ਕਾਰਨ ਮੌਸਮ ਦਾ ਰੂਪ ਬਦਲ ਜਾਵੇਗਾ। 27 ਤੋਂ 31 ਦਸੰਬਰ ਦਰਮਿਆਨ ਪੱਛਮੀ ਗੜਬੜੀ ਦਾ ਪ੍ਰਭਾਵ ਰਹੇਗਾ। ਇਸ ਕਾਰਨ ਪਹਾੜੀ ਇਲਾਕਿਆਂ ‘ਚ ਬਰਫਬਾਰੀ ਹੋ ਸਕਦੀ ਹੈ ਅਤੇ ਮੈਦਾਨੀ ਇਲਾਕਿਆਂ ‘ਚ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਠੰਡ ਵਧ ਸਕਦੀ ਹੈ।
ਦੇਸ਼ ਭਰ ਵਿੱਚ ਮੌਸਮ ਦੇ ਹਾਲਾਤ…
ਮੌਸਮ ਵਿਭਾਗ ਮੁਤਾਬਕ ਪੱਛਮੀ ਮੱਧ ਅਤੇ ਦੱਖਣੀ ਪੱਛਮੀ ਬੰਗਾਲ ਦੀ ਖਾੜੀ ‘ਚ ਘੱਟ ਦਬਾਅ ਵਾਲਾ ਖੇਤਰ ਸਰਗਰਮ ਸੀ, ਜਿਸ ਦੇ ਹੁਣ ਕਮਜ਼ੋਰ ਹੋ ਕੇ ਅੱਗੇ ਵਧਣ ਦੀ ਸੰਭਾਵਨਾ ਹੈ। ਇਸ ਦੇ ਪ੍ਰਭਾਵ ਕਾਰਨ ਤੱਟਵਰਤੀ ਆਂਧਰਾ ਪ੍ਰਦੇਸ਼ ਵਿੱਚ ਭਾਰੀ ਮੀਂਹ ਅਤੇ ਕੁਝ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਜੰਮੂ-ਕਸ਼ਮੀਰ, ਲੱਦਾਖ ਅਤੇ ਹਿਮਾਚਲ ਪ੍ਰਦੇਸ਼ ‘ਚ ਹਲਕੀ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ ਹੈ।