Connect with us

Punjab

ਸਮਰਾਲਾ ‘ਚ ਬਾਇਓ ਗੈਸ ਪਲਾਂਟ ਲਗਾਉਣ ਦੇ ਵਿਰੋਧ ‘ਚ ਚੰਡੀਗੜ੍ਹ ਲੁਧਿਆਣਾ ਨੈਸ਼ਨਲ ਹਾਈਵੇ ਕੀਤਾ ਜਾਮ

Published

on

22 ਫਰਵਰੀ 2024: ਸਮਰਾਲਾ ਦੇ ਪਿੰਡ ਮੁਸਕਾਬਾਦ ਦੀ ਹੱਦ ਵਿੱਚ ਬਾਇਓ ਗੈਸ ਪਲਾਂਟ ਲਗਾਉਣ ਦਾ ਵਿਰੋਧ ਤੇਜ਼ ਕਰ ਦਿੱਤਾ ਗਿਆ ਹੈ। ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਚੰਡੀਗੜ੍ਹ ਲੁਧਿਆਣਾ ਨੈਸ਼ਨਲ ਹਾਈਵੇ ਉਪਰ ਧਰਨਾ ਲਗਾਇਆ। ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਪਲਾਂਟ ਦੇ ਨਾਲ ਇਲਾਕੇ ਅੰਦਰ ਬਿਮਾਰੀਆਂ ਫੈਲਣਗੀਆਂ ਤੇ ਪ੍ਰਦੂਸ਼ਣ ਕਾਫੀ ਜ਼ਿਆਦਾ ਵਧ ਜਾਵੇਗਾ। ਜਿਸ ਨਾਲ ਉਹਨਾਂ ਦਾ ਜਿਉਣਾ ਮੁਸ਼ਕਲ ਹੋ ਜਾਵੇਗਾ।

ਪਲਾਂਟ ਨਾਲ ਬਿਮਾਰੀਆਂ ਫੈਲਣ ਦਾ ਖ਼ਤਰਾ
ਧਰਨੇ ਦੌਰਾਨ ਪਿੰਡ ਮੁਸਕਾਬਾਦ ਦੇ ਸਰਪੰਚ ਮਾਲਵਿੰਦਰ ਸਿੰਘ ਨੇ ਕਿਹਾ ਕਿ ਇਸ ਪਲਾਂਟ ਦੇ ਬਣਨ ਨਾਲ ਉਨ੍ਹਾਂ ਦੇ ਇਲਾਕੇ ਵਿੱਚ ਪ੍ਰਦੂਸ਼ਣ ਦਾ ਪੱਧਰ ਵਧੇਗਾ। ਉਹਨਾਂ ਦਾ ਪੂਰਾ ਇਲਾਕਾ ਗ੍ਰੀਨ ਜ਼ੋਨ ਵਿੱਚ ਹੈ। ਪਲਾਂਟ ਤੋਂ ਪਾਣੀ ਪ੍ਰਦੂਸ਼ਿਤ ਹੋ ਜਾਵੇਗਾ। ਬਿਮਾਰੀਆਂ ਫੈਲਣ ਦਾ ਡਰ ਰਹੇਗਾ। ਕੁਝ ਦੂਰੀ ‘ਤੇ ਰਿਹਾਇਸ਼ੀ ਇਲਾਕਾ ਹੋਣ ਕਾਰਨ ਗੈਸ ਲੀਕ ਹੋਣ ਨਾਲ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਕਾਰਨ ਉਹ ਕਿਸੇ ਵੀ ਕੀਮਤ ’ਤੇ ਪਲਾਂਟ ਨਹੀਂ ਲੱਗਣ ਦੇਣਗੇ। ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਤਰੱਕੀ ਕਰਨਾ ਚਾਹੁੰਦੀ ਹੈ ਤਾਂ ਉਦਯੋਗਿਕ ਖੇਤਰ ਵਿੱਚ ਅਜਿਹੇ ਪਲਾਂਟ ਲਾਏ ਜਾਣ। ਬਾਕੀ ਪਏ ਉਦਯੋਗ ਚਾਲੂ ਕੀਤੇ ਜਾਣ। ਇਹ ਤਾਂ ਲੋਕਾਂ ਨੂੰ ਮਾਰਨ ਦੀ ਨੀਤੀ ਹੈ।

ਇਸਦੇ ਨਾਲ ਹੀ ਸਰਪੰਚ ਨੇ ਕਿਹਾ ਕਿ ਜੇਕਰ ਪਲਾਂਟ ਦਾ ਕੰਮ ਪੂਰੀ ਤਰ੍ਹਾਂ ਬੰਦ ਕਰਾ ਕੇ ਇਸਨੂੰ ਸ਼ਿਫਟ ਨਾ ਕੀਤਾ ਗਿਆ ਤਾਂ ਪੱਕੇ ਤੌਰ ‘ਤੇ ਮੇਨ ਹਾਈਵੇ ਰੋਕ ਲਏ ਜਾਣਗੇ। ਇਸਦੇ ਨਾਲ ਹੀ ਕਿਸਾਨ ਆਗੂ ਹਰਦੀਪ ਸਿੰਘ ਗਿਆਸਪੁਰਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਲੋਕਾਂ ਦੇ ਨਾਲ ਹਨ। ਇਹ ਪਲਾਂਟ ਕਿਸੇ ਵੀ ਕੀਮਤ ਉਪਰ ਲੱਗਣ ਨਹੀਂ ਦਿੱਤਾ ਜਾਵੇਗਾ। ਓਹਨਾਂ ਕਿਹਾ ਕਿ ਇੱਕ ਦਿਨ ਦਾ ਧਰਨਾ ਲਗਾ ਕੇ ਚੇਤਾਵਨੀ ਦਿੱਤੀ ਗਈ ਹੈ। ਜੇਕਰ ਪਲਾਂਟ ਦਾ ਕੰਮ ਬੰਦ ਨਾ ਕੀਤਾ ਗਿਆ ਤਾਂ ਪੱਕੇ ਤੌਰ ਉਪਰ ਮੋਰਚਾ ਲਗਾਇਆ ਜਾਵੇਗਾ। ਨਿਰਮਲ ਸਿੰਘ ਨੇ ਵੀ ਪਲਾਂਟ ਲਗਾਉਣ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਪ੍ਰਸ਼ਾਸਨ ਨੂੰ ਪਲਾਂਟ ਦਾ ਕੰਮ ਬੰਦ ਕਰਾਉਣਾ ਚਾਹੀਦਾ।