Connect with us

Punjab

ਦੇਸ਼ ਦੇ ਦੂਜੇ ਸਭ ਤੋਂ ਵੱਡੇ ਟਾਟਾ ਸਟੀਲ ਪਲਾਂਟ ਦਾ ਲੁਧਿਆਣਾ ‘ਚ CM ਮਾਨ ਵਲੋਂ ਕੀਤਾ ਉਦਘਾਟਨ

Published

on

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਟਾਟਾ ਸਟੀਲ ਪਲਾਂਟ ਦਾ ਉਦਘਾਟਨ ਕੀਤਾ ਗਿਆ। ਟਾਟਾ ਗਰੁੱਪ ਵੱਲੋਂ ਹਾਈ-ਟੈੱਕ ਵੈਲੀ ਧਨਾਨਸੂ ਦੇ ਨਜ਼ਦੀਕ 3200 ਕਰੋੜ ਰੁਪਏ ਦੀ ਲਾਗਤ ਨਾਲ 116 ਏਕੜ ਵਿੱਚ ਜਮਸ਼ੇਦਪੁਰ ਤੋਂ ਬਾਅਦ ਭਾਰਤ ਦਾ ਦੂਸਰਾ ਸਭ ਤੋਂ ਵੱਡਾ ਗਰੀਨ ਸਟੀਲ ਪਲਾਂਟ ਲਗਾਇਆ ਗਿਆ ਹੈ, ਜਿਸ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐੱਨ ਚੰਦਰਸ਼ੇਖਰਨ ਚੇਅਰਮੈਨ ਟਾਟਾ ਸਟੀਲ, ਸੰਜੀਵ ਅਰੋੜਾ ਕੈਬਨਿਟ ਮੰਤਰੀ, ਹਰਦੀਪ ਸਿੰਘ ਮੁੰਡੀਆਂ ਕੈਬਨਿਟ ਮੰਤਰੀ ਦੀ ਮੌਜੂਦਗੀ ‘ਚ ਕੀਤਾ। ਇੱਥੇ ਦੱਸ ਦੇਈਏ ਕਿ ਟਾਟਾ ਕੰਪਨੀ ਵੱਲੋਂ ਲਗਾਏ ਗਏ ਪਲਾਂਟ ਵਿੱਚ ਸਿੱਧੇ ਤੌਰ ’ਤੇ 4 ਹਜ਼ਾਰ ਨੌਜਵਾਨਾਂ ਰੁ਼ਜ਼ਗਾਰ ਮਿਲੇਗਾ,ਇਸ ਤੋਂ ਇਲਾਵਾ ਅਸਿੱਧੇ ਰੂਪ ਵਿੱਚ ਟਰਾਂਸਪੋਰਟਰਾਂ, ਦੁਕਾਨਦਾਰਾਂ, ਕਿਰਾਏ ’ਤੇ ਮਕਾਨ ਦੇਣ ਵਾਲਿਆਂ ਸਮੇਤ ਹੋਰ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਇਸ ਪਲਾਂਟ ਦੇ ਲੱਗਣ ਨਾਲ ਪੰਜਾਬ ਖਾਸਕਰ ਲੁਧਿਆਣਾ ਤੇ ਹਲਕਾ ਸਾਹਨੇਵਾਲ ਦਾ ਸਰਬਪੱਖੀ ਵਿਕਾਸ ਹੋਵੇਗਾ।

ਇਹ ਸਟੀਲ ਪਲਾਂਟ ਵਾਤਾਵਰਣ ਲਈ ਅਨੁਕੂਲ ਹੋਵੇਗਾ, ਕਿਉਂਕਿ ਇਸ ਤੋਂ ਕਾਰਬਨ ਡਾਈਆਕਸਾਈਡ (ਸੀਓ2) ਦਾ ਨਿਕਾਸ ਦੂਜੇ ਸਟੀਲ ਪਲਾਂਟਾਂ ਦੇ ਮੁਕਾਬਲੇ ਬਹੁਤ ਘੱਟ ਹੋਵੇਗਾ। “ਕਿਉਂਕਿ ਇਹ ਸਟੀਲ ਪਲਾਂਟ ਪੂਰੀ ਤਰ੍ਹਾਂ ਸਕ੍ਰੈਪ ਅਧਾਰਤ ਹੋਵੇਗਾ, ਇਹ ਵਾਤਾਵਰਣ ਲਈ ਅਨੁਕੂਲ ਪਲਾਂਟ ਹੋਵੇਗਾ, ਕਿਉਂਕਿ ਉਤਪਾਦਨ ਲਈ ਸਿਰਫ ਸਕ੍ਰੈਪ ਦੀ ਵਰਤੋਂ ਕਾਰਨ, ਪਲਾਂਟ ਤੋਂ ਸੀਓ2 ਦਾ ਨਿਕਾਸ ਆਮ ਸਟੀਲ ਪਲਾਂਟਾਂ ਦੇ ਮੁਕਾਬਲੇ ਬਹੁਤ ਘੱਟ ਹੋਵੇਗਾ। ਇੱਥੇ ਪੈਦਾ ਹੋਣ ਵਾਲੇ ਪ੍ਰਮੁੱਖ ਉਤਪਾਦਾਂ ਵਿੱਚ ਟਿਸਕੋਨ ਬਾਰ ਸ਼ਾਮਲ ਹੋਣਗੇ, ਜੋ ਓਵਰਬ੍ਰਿਜ, ਘਰਾਂ ਅਤੇ ਹੋਰ ਬੁਨਿਆਦੀ ਢਾਂਚੇ ਆਦਿ ਦੇ ਨਿਰਮਾਣ ਵਿੱਚ ਵਰਤੇ ਜਾਂਦੇ ਹਨ।

ਇਹ ਵੀ ਉਮੀਦ ਕੀਤੀ ਜਾਂਦੀ ਹੈ ਕਿ ਇੱਕ ਵਾਰ ਜਦੋਂ ਇਹ ਪਲਾਂਟ ਚਾਲੂ ਹੋ ਜਾਂਦਾ ਹੈ ਤਾਂ ਇਹ ਉੱਤਰੀ ਰਾਜਾਂ ਖਾਸ ਤੌਰ ‘ਤੇ ਪੰਜਾਬ ਦੇ ਗਾਹਕਾਂ ਨੂੰ ਕੀਮਤ ਦਾ ਵੱਡਾ ਲਾਭ ਦੇਵੇਗਾ। ਕਿਉਂਕਿ ਇਨ੍ਹਾਂ ਉਤਪਾਦਾਂ ਨੂੰ ਨਿਰਮਾਣ ਕੇਂਦਰਾਂ ਤੋਂ ਰਾਜ ਦੀਆਂ ਮੰਡੀਆਂ ਤੱਕ ਪਹੁੰਚਾਉਣ ਲਈ ਮੌਜੂਦਾ ਸਮੇਂ ਵਿੱਚ ਹੋਣ ਵਾਲੀ ਲੌਜਿਸਟਿਕਸ ਲਾਗਤ ਵਿੱਚ ਭਾਰੀ ਕਮੀ ਆਵੇਗੀ। ਜਮਸ਼ੇਦਪੁਰ ਵਾਂਗ ਇਹ ਸਕਰੈਪ ਡੀਲਰਾਂ ਖ਼ਾਸ ਤੌਰ ’ਤੇ ਲੁਧਿਆਣਾ ਸਥਿਤ ਦਰਾਮਦਕਾਰਾਂ ਲਈ ਨਵੇਂ ਮੌਕੇ ਖੋਲ੍ਹੇਗਾ ਅਤੇ ਸਕਰੈਪ ਪੈਦਾ ਕਰਨ ਵਾਲੇ ਕਾਰਖ਼ਾਨਿਆਂ ਨੂੰ ਵੀ ਫਾਇਦਾ ਹੋਵੇਗਾ।