Punjab
ਸੁਪਨਿਆਂ ਦੀ ਦੁਨੀਆ ਵਿੱਚ ਜੀਅ ਰਹੇ ਨੇ ਅਕਾਲੀ ਤੇ ਕਾਂਗਰਸੀ ਆਗੂ: ਭਗਵੰਤ ਮਾਨ
ਧੂਰੀ (ਸੰਗਰੂਰ):
ਕਾਂਗਰਸੀਆਂ ਤੇ ਅਕਾਲੀਆਂ ਦੇ ਲੋਕ ਵਿਰੋਧੀ ਸਟੈਂਡ ਲੈਣ ਦੀ ਨੁਕਤਾਚੀਨੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਦੇ ਆਗੂ ‘ਸੁਪਨਿਆਂ ਦੀ ਦੁਨੀਆ’ ਵਿੱਚ ਜੀਅ ਰਹੇ ਹਨ ਅਤੇ ਸਮਝ ਰਹੇ ਹਨ ਕਿ ਉਹ ਹਾਲੇ ਵੀ ਸੱਤਾ ਵਿੱਚ ਹਨ।
ਇੱਥੇ 72ਵੇਂ ਸੂਬਾ ਪੱਧਰੀ ਵਣ ਮਹਾਉਤਸਵ ਮੌਕੇ ਕਰਵਾਏ ਸੂਬਾ ਪੱਧਰੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਦੇ ਆਗੂ ਵਿਧਾਨ ਸਭਾ ਚੋਣਾਂ ਦੌਰਾਨ ਝੰਬ ਸੁੱਟਣ ਵਾਲੀ ਹਾਰ ਦੇ ਸਦਮੇ ਵਿੱਚੋਂ ਹਾਲੇ ਤੱਕ ਬਾਹਰ ਨਹੀਂ ਆਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਦੇ ਆਗੂ ਹਾਲੇ ਵੀ ਇਹ ਸਮਝ ਰਹੇ ਹਨ ਕਿ ਉਹ ਸੂਬੇ ਵਿੱਚ ਸਰਕਾਰ ਚਲਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਸੱਤਾ ਦੇ ਭੁੱਖੇ ਇਹ ਸਿਆਸਤਦਾਨ ਇਹ ਗੱਲ ਭੁੱਲ ਗਏ ਹਨ ਕਿ ਪੰਜਾਬ ਦੇ ਸਿਆਣੇ ਤੇ ਬਹਾਦਰ ਲੋਕਾਂ ਨੇ ਉਹ ਸਰਕਾਰ ਚੁਣੀ ਹੈ, ਜਿਹੜੀ ਉਤਸ਼ਾਹ ਨਾਲ ਉਨ੍ਹਾਂ ਦੀ ਸੇਵਾ ਕਰੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਰੜੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਆਗੂ ਪੰਜਾਬ ਵਿੱਚ 25 ਸਾਲ ਰਾਜ ਕਰਨ ਦੀਆਂ ਸ਼ੇਖ਼ੀਆਂ ਮਾਰਦੇ ਸਨ, ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਆਗੂ ਨਾ ਤਾਂ ਆਪਣੀ ਸੀਟ ਜਿੱਤਿਆ ਅਤੇ ਨਾ ਹੀ ਹੁਣ ਉਸ ਨੂੰ ਆਪਣੀ ਪਾਰਟੀ ਵੱਲੋਂ ਚੋਣ ਲੜਨ ਲਈ ਕੋਈ ਉਮੀਦਵਾਰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੱਤਾ ਵਿੱਚ ਹੁੰਦਿਆਂ ਇਨ੍ਹਾਂ ਆਗੂਆਂ ਨੂੰ ਇਹ ਗੱਲ ਭੁੱਲ ਗਈ ਸੀ ਕਿ ਜਮਹੂਰੀ ਢਾਂਚੇ ਵਿੱਚ ਲੋਕ ਸਭ ਤੋਂ ਉੱਪਰ ਹੁੰਦੇ ਹਨ ਅਤੇ ਜੇ ਇਕ ਦਫ਼ਾ ਤੁਸੀਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰੋਗੇ ਤਾਂ ਉਹ ਤੁਹਾਨੂੰ ਦੂਜਾ ਮੌਕਾ ਨਹੀਂ ਦੇਣਗੇ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਤੇ ਤਨਜ਼ ਕਸਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਦੀ ਸਿਆਸੀ ਪਿੜ ਵਿੱਚੋਂ ਗੈਰ ਹਾਜ਼ਰੀ ਉਤੇ ਉਂਗਲ ਉਠਾਈ। ਉਨ੍ਹਾਂ ਕਿਹਾ ਕਿ ਖ਼ੁਦ ਨੂੰ ਹਰੇਕ ਕੰਮ ਕਰਨ ਦੇ ਸਮਰੱਥ ਦੱਸਣ ਵਾਲਾ ਇਹ ਕਾਂਗਰਸੀ ਆਗੂ ਚੋਣਾਂ ਵਿੱਚ ਆਪਣੀ ਪਾਰਟੀ ਦੀ ਹਾਰ ਮਗਰੋਂ ਕਿਤੇ ਨਜ਼ਰ ਨਹੀਂ ਆ ਰਿਹਾ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਚੰਨੀ ਕਿੱਥੇ ਭੱਜ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਕਾਂਗਰਸ ਦੇ ਮੁੱਖ ਮੰਤਰੀ ਦੇ ਉਮੀਦਵਾਰ ਦੀ ਇਹ ਹਾਲਤ ਹੈ ਤਾਂ ਬਾਕੀ ਪਾਰਟੀ ਬਾਰੇ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮੇਂ ਦਾ ਸੱਚ ਹੈ ਕਿ ਕਾਂਗਰਸ ਤੇ ਅਕਾਲੀ ਦਲ ਦੋਵਾਂ ਦੀ ਪੰਜਾਬ ਦੀ ਸਿਆਸਤ ਵਿੱਚ ਹੁਣ ਕੋਈ ਸਾਰਥਿਕਤਾ ਨਹੀਂ ਰਹੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ਇਨ੍ਹਾਂ ਨੂੰ ਰੱਦ ਕਰ ਦਿੱਤਾ ਹੈ ਕਿਉਂਕਿ ਉਹ ਲੋਕਾਂ ਦੀਆਂ ਇੱਛਾਵਾਂ ਦੀ ਪੂਰਤੀ ਕਰਨ ਵਿੱਚ ਨਾਕਾਮ ਰਹੇ। ਭਗਵੰਤ ਮਾਨ ਨੇ ਕਿਹਾ ਕਿ ਇਹ ਪਾਰਟੀਆਂ ਹੁਣ ਮੀਡੀਆ ਸਾਹਮਣੇ ਆਪਣੀ ਭੱਲ ਬਣਾਉਣ ਲਈ ਹੋਛੇ ਹਥਕੰਡਿਆਂ ਉਤੇ ਉਤਰੀਆਂ ਹੋਈਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਪਹਿਲੀ ਮਰਤਬਾ ਅਜਿਹੀ ਸਰਕਾਰ ਬਣੀ ਹੈ, ਜਿਹੜੀ ਲੋਕਾਈ ਦੀ ਭਲਾਈ ਲਈ ਅਣਥੱਕ ਮਿਹਨਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੁਣ ਪ੍ਰਸ਼ਾਸਨਿਕ ਕੰਮਾਂ ਲਈ ਚੰਡੀਗੜ੍ਹ ਅਤੇ ਜ਼ਿਲ੍ਹਾ ਹੈੱਡ ਕੁਆਟਰਾਂ ਉਤੇ ਸਰਕਾਰੀ ਦਫ਼ਤਰਾਂ ਵਿੱਚ ਧੱਕੇ ਨਹੀਂ ਖਾਣੇ ਪੈਣਗੇ ਕਿਉਂਕਿ ਸੂਬਾ ਸਰਕਾਰ ਸਾਰੀਆਂ ਸਹੂਲਤਾਂ ਲੋਕਾਂ ਦੇ ਘਰਾਂ ਵਿੱਚ ਪੁੱਜਦੀਆਂ ਕਰਨੀਆਂ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਅਜਿਹਾ ਢਾਂਚਾ ਘੜਿਆ ਜਾ ਰਿਹਾ ਹੈ, ਜਿਸ ਵਿੱਚ ਸਾਰੀਆਂ ਸਰਕਾਰੀ ਸਕੀਮਾਂ ਦਾ ਲਾਭ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਪੁੱਜਣਾ ਯਕੀਨੀ ਬਣੇਗਾ, ਜਿਸ ਨਾਲ ਉਨ੍ਹਾਂ ਦੇ ਸਮੇਂ, ਪੈਸੇ ਤੇ ਤਾਕਤ ਦੀ ਬੱਚਤ ਹੋਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਚੋਣ ਮੁਹਿੰਮ ਦੌਰਾਨ ਉਨ੍ਹਾਂ ਸੂਬੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਆਪ ਸਰਕਾਰ ਲੋਕਾਂ ਦੀ ਤਕਦੀਰ ਬਦਲ ਦੇਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸਿਆਸੀ ਪਾਰਟੀਆਂ ਲੋਕਾਂ ਨਾਲ ਅਜਿਹੇ ਵਾਅਦੇ ਕਰਦੀਆਂ ਸਨ ਪਰ ਕੋਈ ਵੀ ਲੋਕਾਈ ਨਾਲ ਕੀਤੇ ਆਪਣੇ ਵਾਅਦਿਆਂ ਉਤੇ ਕਾਇਮ ਨਹੀਂ ਰਿਹਾ। ਭਗਵੰਤ ਮਾਨ ਨੇ ਕਿਹਾ ਕਿ ਆਪ ਸਰਕਾਰ ਨੇ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਤੋਂ ਹੀ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਅਤੇ ਲੋਕਾਂ ਨਾਲ ਕੀਤਾ ਆਪਣਾ ਹਰੇਕ ਵਾਅਦਾ ਪੂਰਾ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ, ਜਦੋਂ ਇਮਾਨਦਾਰ ਆਗੂਆਂ ਦੀ ਟੀਮ ਲੋਕਾਂ ਦੀ ਸੇਵਾ ਵਿੱਚ ਜੁਟੀ ਹੋਈ ਹੈ। ਉਨ੍ਹਾਂ ਕਿਹਾ ਕਿ ਆਗਾਮੀ ਸੁਤੰਤਰਤਾ ਦਿਵਸ ਮੌਕੇ 75 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ, ਜਿੱਥੇ ਲੋਕਾਂ ਨੂੰ ਮੁਫ਼ਤ ਵਿੱਚ ਮਿਆਰੀ ਸਿਹਤ ਤੇ ਇਲਾਜ ਸੇਵਾਵਾਂ ਮਿਲਣਗੀਆਂ। ਭਗਵੰਤ ਮਾਨ ਨੇ ਕਿਹਾ ਕਿ ਅਗਲੇ ਪੰਜ ਸਾਲਾਂ ਵਿੱਚ ਸੂਬੇ ਵਿੱਚ 16 ਮੈਡੀਕਲ ਕਾਲਜ ਉਸਾਰੇ ਜਾਣਗੇ, ਜਿਸ ਨਾਲ ਮੈਡੀਕਲ ਕਾਲਜਾਂ ਦੀ ਗਿਣਤੀ ਵਧ ਕੇ 25 ਹੋ ਜਾਵੇਗੀ, ਜੋ ਪੰਜਾਬ ਨੂੰ ਮੈਡੀਕਲ ਸਿੱਖਿਆ ਦੇ ਗੜ੍ਹ ਵਿੱਚ ਤਬਦੀਲ ਕਰ ਦੇਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਮੈਡੀਕਲ ਸਿੱਖਿਆ ਲੈਣ ਦੇ ਇੱਛੁਕ ਵਿਦਿਆਰਥੀਆਂ ਨੂੰ ਹੁਣ ਯੂਕਰੇਨ ਵਰਗੇ ਮੁਲਕਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਸੂਬੇ ਦੇ ਮੈਡੀਕਲ ਕਾਲਜਾਂ ਵਿੱਚ ਮਿਆਰੀ ਸਿੱਖਿਆ ਮਿਲੇਗੀ। ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਸ ਖੇਤਰ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਸਾਡੇ ਵਿਦਿਆਰਥੀਆਂ ਨੂੰ ਵਿਦੇਸ਼ਾਂ ਦਾ ਰੁਖ਼ ਕਰਨਾ ਪਿਆ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸਾਡੀ ਸਰਕਾਰ ਨੇ ਮਿਸਾਲੀ ਪਹਿਲਕਦਮੀ ਤਹਿਤ ਸਮਾਜ ਦੇ ਹਰੇਕ ਵਰਗ ਨੂੰ ਪ੍ਰਤੀ ਬਿਲਿੰਗ ਸਾਇਕਲ 600 ਯੂਨਿਟ ਬਿਜਲੀ ਮੁਫ਼ਤ ਦੇਵੇਗੀ। ਉਨ੍ਹਾਂ ਦੱਸਿਆ ਕਿ ਇਸ ਫੈਸਲੇ ਦੇ ਨਤੀਜੇ ਵਜੋਂ ਸੂਬੇ ਦੇ ਕੁੱਲ 74 ਲੱਖ ਘਰਾਂ ਵਿੱਚੋਂ 51 ਲੱਖ ਘਰਾਂ ਨੂੰ ਸਤੰਬਰ ਮਹੀਨੇ ਦਾ ਬਿੱਲ ਸਿਫ਼ਰ ਆਵੇਗਾ। ਭਗਵੰਤ ਮਾਨ ਨੇ ਕਿਹਾ ਕਿ ਇਸੇ ਤਰ੍ਹਾਂ ਜਨਵਰੀ ਮਹੀਨੇ ਵਿੱਚ 68 ਲੱਖ ਘਰਾਂ ਦਾ ਬਿਜਲੀ ਬਿੱਲ ਜ਼ੀਰੋ ਆਵੇਗਾ। ਇਕ ਮੋਟੇ ਅੰਦਾਜ਼ੇ ਮੁਤਾਬਕ ਇਹ ਗਿਣਤੀ ਸੂਬੇ ਦੇ ਕੁੱਲ ਘਰਾਂ ਦਾ 90 ਫੀਸਦੀ ਬਣਦੀ ਹੈ।
ਇਸ ਦੌਰਾਨ ਮੁੱਖ ਮੰਤਰੀ ਨੇ ਸਿੰਗਲ ਯੂਜ਼ ਪਲਾਸਟਿਕ ਤੋਂ ਛੁਟਕਾਰਾ ਪਾਉਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਅਤੇ ਆਉਣ ਵਾਲੀਆਂ ਨਸਲਾਂ ਲਈ ਵਾਤਾਵਰਨ ਬਚਾਉਣ ਵਾਸਤੇ ਵੱਧ ਤੋਂ ਵੱਧ ਪੌਦੇ ਲਾਉਣ ਲਈ ਪ੍ਰੇਰਿਆ। ਉਨ੍ਹਾਂ ਜਲਵਾਯੂ ਪਰਿਵਰਤਨ ਨੂੰ ਠੱਲ੍ਹਣ ਇਕ ਲੋਕ ਲਹਿਰ ਸ਼ੁਰੂ ਕਰਨ ਦੀ ਲੋੜ ਦੀ ਨਿਸ਼ਾਨਦੇਹੀ ਕੀਤੀ। ਉਨ੍ਹਾਂ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ ਵਾਤਾਵਰਨ ਲਈ ਗੰਭੀਰ ਖ਼ਤਰਾ ਹੈ ਕਿਉਂਕਿ ਇਸ ਪਲਾਸਟਿਕ ਦੇ ਨਾ ਗਲਣ ਅਤੇ ਸੈਂਕੜੇ ਸਾਲਾਂ ਤੱਕ ਵਾਤਾਵਰਨ ਵਿੱਚ ਪਏ ਰਹਿਣ ਅਤੇ ਪਾਣੀ ਵਿੱਚ ਹਜ਼ਾਰਾਂ ਸਾਲਾਂ ਤੱਕ ਬਰਕਰਾਰ ਰਹਿਣ ਕਾਰਨ ਇਹ ਵਾਤਾਵਰਨ ਲਈ ਵੱਡਾ ਖ਼ਤਰਾ ਹੈ।
ਆਪਣੇ ਦੌਰੇ ਦੌਰਾਨ ਧੂਰੀ ਵਿਧਾਨ ਸਭਾ ਹਲਕੇ ਲਈ ਨਵੇਂ ਪ੍ਰਾਜੈਕਟਾਂ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰ ਨੂੰ ਦੋ ਹਿੱਸਿਆਂ ਵਿੱਚ ਵੰਡਦੀ ਰੇਲਵੇ ਲਾਇਨ ਉਤੇ 15 ਕਰੋੜ ਰੁਪਏ ਦੀ ਲਾਗਤ ਨਾਲ ਰੇਲਵੇ ਓਵਰ ਬ੍ਰਿਜ ਬਣਾਇਆ ਜਾਵੇਗਾ। ਉਨ੍ਹਾਂ ਦੋ ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਸਹੂਲਤਾਂ ਵਾਲਾ ਪਾਰਕ, ਬੈਡਮਿੰਟਨ ਕੰਪਲੈਕਸ ਨੂੰ ਅਪਗ੍ਰੇਡ ਕਰ ਕੇ ਇਕੋ ਸਮੇਂ 70 ਖਿਡਾਰੀਆਂ ਦੇ ਖੇਡਣ ਯੋਗ ਬਣਾਉਣ ਅਤੇ 13 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਦਾ ਸੀਵਰੇਜ ਸਿਸਟਮ ਨੂੰ ਬਿਲਕੁੱਲ ਬਦਲਣ ਦਾ ਵੀ ਐਲਾਨ ਕੀਤਾ। ਭਗਵੰਤ ਮਾਨ ਨੇ ਵਿਦਿਆਰਥੀਆਂ ਦੀ ਹਰੇਕ ਸਿੱਖਿਆ ਸੰਸਥਾ ਤੱਕ ਪਹੁੰਚ ਆਸਾਨ ਕਰਨ ਲਈ ਸਾਰੇ ਪੁਰਾਣੇ ਬੱਸ ਪਰਮਿਟ ਬਹਾਲ ਕਰਨ ਦਾ ਵੀ ਐਲਾਨ ਕੀਤਾ।
ਆਪਣੇ ਸੰਬੋਧਨ ਵਿੱਚ ਵਿੱਤ ਮੰਤਰੀ ਹਰਪਾਲ ਚੀਮਾ ਨੇ ਸੂਬੇ ਦੇ ਵਾਤਾਵਰਨ ਨੂੰ ਬਚਾਉਣ ਲਈ ਇਸ ਮੁਹਿੰਮ ਨੂੰ ਕ੍ਰਾਂਤੀਕਾਰੀ ਕਦਮ ਦੱਸਿਆ। ਉਨ੍ਹਾਂ ਸੂਬੇ ਦੀ ਭਲਾਈ ਲਈ ਕਈ ਮਿਸਾਲੀ ਪਹਿਲਕਦਮੀਆਂ ਕਰਨ ਲਈ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ।
ਇਕੱਠ ਨੂੰ ਸੰਬੋਧਨ ਕਰਦਿਆਂ ਸੂਚਨਾ ਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ ਨੇ ਮੁੱਖ ਮੰਤਰੀ ਦੀ ਤਾਰੀਫ਼ ਕਰਦਿਆਂ ਇਹ ਮੁਹਿੰਮ ਸ਼ੁਰੂ ਕਰਨ ਨੂੰ ਦੂਰਅੰਦੇਸ਼ ਫੈਸਲਾ ਦੱਸਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਦੂਰਅੰਦੇਸ਼ੀ ਤੇ ਗਤੀਸ਼ੀਲ ਅਗਵਾਈ ਵਿੱਚ ਪੰਜਾਬ ਹਰੇਕ ਖੇਤਰ ਵਿੱਚ ਤਰੱਕੀ ਦੀਆਂ ਨਵੀਆਂ ਮੰਜ਼ਿਲਾਂ ਛੂਹ ਰਿਹਾ ਹੈ। ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਦਾ ਇਹ ਇਤਿਹਾਸਕ ਕਦਮ ਹੈ, ਜਿਸ ਵਿੱਚ ਹਰੇਕ ਪੰਜਾਬੀ ਨੂੰ ਪੂਰੇ ਮਿਸ਼ਨਰੀ ਉਤਸ਼ਾਹ ਨਾਲ ਭਾਗ ਲੈਣਾ ਚਾਹੀਦਾ ਹੈ।
ਆਪਣੇ ਸੰਬੋਧਨ ਵਿੱਚ ਵਾਤਾਵਰਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ ਮਨੁੱਖੀ ਜੀਵਨ ਲਈ ਵੱਡਾ ਖ਼ਤਰਾ ਬਣਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਇਸ ਖ਼ਤਰੇ ਤੋਂ ਬਚਾਉਣ ਲਈ ਹਰੇਕ ਸੰਭਵ ਕਦਮ ਚੁੱਕਿਆ ਜਾਵੇਗਾ।
ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਲੋਕਾਂ ਨੂੰ ਦੱਸਿਆ ਕਿ ਸੂਬਾ ਸਰਕਾਰ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਹਰਿਆਵਲ ਲਹਿਰ ਸ਼ੁਰੂ ਕੀਤੀ ਹੈ। ਉਨ੍ਹਾਂ ਇਸ ਮੁਹਿੰਮ ਦੀ ਸਫ਼ਲਤਾ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਪੌਦੇ ਲਗਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਸਰਕਾਰੀ ਸਕੂਲ, ਬੇਨੜਾ ਵਿੱਚ ਫਲਦਾਰ ਬੂਟਿਆਂ ਨਾਲ ਲੱਦੇ ਟਰੈਕਟਰ-ਟਰਾਲੀਆਂ ਨੂੰ ਵੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਪਲਾਸਟਿਕ ਵਾਲੇ ਲਿਫਾਫਿਆਂ ਦੇ ਬਦਲ ਵਜੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਤਿਆਰ ਕੀਤਾ ਜੂਟ ਦਾ ਬੈਗ ਵੀ ਜਾਰੀ ਕੀਤਾ।
ਪ੍ਰੋਗਰਾਮ ਦੌਰਾਨ ਵਿਧਾਇਕ ਨਰਿੰਦਰ ਕੌਰ ਭਰਾਜ, ਬਰਿੰਦਰ ਗੋਇਲ, ਜਸਵੰਤ ਸਿੰਘ ਗੱਜਣਮਾਜਰਾ, ਜਮੀਲ-ਉਰ-ਰਹਿਮਾਨ, ਕੁਲਵੰਤ ਸਿੰਘ ਪੰਡੋਰੀ, ਡਾ. ਬਲਬੀਰ ਸਿੰਘ ਤੇ ਲਾਭ ਸਿੰਘ ਉੱਗੋਕੇ, ਆਪ ਆਗੂ ਗਰਮੇਲ ਸਿੰਘ, ਵਧੀਕ ਮੁੱਖ ਸਕੱਤਰ ਜੰਗਲਾਤ ਰਾਜੀ ਪੀ ਸ੍ਰੀਵਾਸਤਵਾ, ਆਈ.ਜੀ. ਪਟਿਆਲਾ ਰੇਂਜ ਐਮ.ਐਸ. ਛੀਨਾ, ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਅਤੇ ਹੋਰ ਹਾਜ਼ਰ ਸਨ।