India
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਸਥਾਪਨਾ ਦਿਵਸ ਸਭ ਨੂੰ ਮੁਬਾਰਕ
ਪਟਿਆਲਾ, 30 ਅਪ੍ਰੈਲ: ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਲਈ ਹਮੇਸ਼ਾਂ ਯਤਨਸ਼ੀਲ ਰਹੀ ਹੈ। ਆਪਣੇ ਅਰੰਭ ਤੋਂ ਲੈ ਕੇ ਹੁਣ ਤੱਕ ਇਹ ਯੂਨੀਵਰਸਿਟੀ ਆਪਣੇ ਉਦੇਸ਼ ਦੀ ਪੂਰਤੀ ਲਈ ਨਿਰੰਤਰ ਯਤਨਸ਼ੀਲ ਹੈ। ਲੱਖਾਂ ਹੀ ਵਿਦਿਆਰਥੀਆਂ ਨੂੰ ਵਿੱਦਿਆ ਪ੍ਰਦਾਨ ਕਰ ਚੱਕੀ ਇਹ ਯੂਨੀਵਰਸਿਟੀ ਪੰਜਾਬ ਦੇ ਪਿੰਡਾਂ ਅਤੇ ਕਸਬਿਆਂ ਤੱਕ ਪਹੁੰਚ ਚੁੱਕੀ ਹੈ। ਇਥੋਂ ਵਿੱਦਿਆ ਪ੍ਰਾਪਤ ਕਰ ਕੇ ਵਿਦਿਆਰਥੀ ਦੇਸ਼-ਵਿਦੇਸ਼ ਵਿਚ ਸੇਵਾਵਾਂ ਨਿਭਾ ਰਹੇ ਹਨ। 1961 ਵਿਚ ਇਹ ਯੂਨੀਵਰਸਿਟੀ ਹੋਂਦ ਵਿਚ ਆਈ ਹੈ ਪਰ ਇਸ ਦੀ ਸਥਾਪਨਾ ਪਿੱਛੇ ਬਹੁਤ ਹੀ ਰੌਚਿਕ ਅਤੇ ਮਹੱਤਵਪੂਰਨ ਤੱਥ ਛੁਪੇ ਹੋਏ ਹਨ।
ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਲਈ ਯਤਨ ਵੀਹਵੀਂ ਸਦੀ ਦੇ ਪੰਜਵੇਂ ਦਹਾਕੇ ਦੌਰਾਨ ਅਰੰਭ ਹੋ ਗਏ ਸਨ। ਅਪ੍ਰੈਲ 1952 ਵਿਚ ਗਿਆਨ ਸਿੰਘ ਰਾੜੇਵਾਲਾ ਪੈਪਸੂ ਦਾ ਮੁੱਖ ਮੰਤਰੀ ਬਣਿਆ। ਇਸ ਦੇ ਸਮੇਂ ਪੈਪਸੂ ਯੂਨੀਵਰਸਿਟੀ ਦੀ ਮੰਗ ਉੱਠੀ ਜਿਸ ਰਾਹੀਂ ਪੰਜਾਬੀ ਨੂੰ ਖੇਤਰੀ ਭਾਸ਼ਾ ਵੱਜੋਂ ਵਿਕਸਿਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਗਿਆ। 1953-54 ਦੇ ਬਜਟ ਦੀ ਤਿਆਰੀ ਵਿਚ ਪੈਪਸੂ ਯੂਨੀਵਰਸਿਟੀ ਖੋਲਣ ਦਾ ਪ੍ਰਬੰਧ ਕੀਤਾ ਗਿਆ ਸੀ ਪਰ ਹਾਊਸ ਤੱਕ ਪਹੁੰਚਣ ਉਪਰੰਤ ਇਸ ਦਾ ਜ਼ਿਕਰ ਵੀ ਨਾ ਹੋ ਸਕਿਆ। ਸਮਕਾਲੀ ਅਖ਼ਬਾਰਾਂ ਦੀਆਂ ਟਿੱਪਣੀਆਂ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਨੂੰ ਭਾਰੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ।
ਪੰਜਾਬੀ ਯੂਨੀਵਰਸਿਟੀ ਰਾਹੀਂ ਪੰਜਾਬੀ ਦੇ ਵਿਕਾਸ ਦੀ ਗੱਲ ਪੰਜਾਬੀਆਂ ਦੇ ਮਨ ਵਿਚ ਵੱਸ ਗਈ ਸੀ ਅਤੇ ਉਹ ਇਸ ਦੀ ਖੁੱਲ੍ਹ ਕੇ ਮੰਗ ਕਰਨ ਲੱਗੇ ਸਨ। ਸੰਗਠਾਨਤਮਿਕ ਤੌਰ ‘ਤੇ ਪੰਜਾਬੀ ਸਾਹਿਤ ਅਕਾਦਮੀ, ਦਿੱਲੀ ਨੇ ਇਸ ਸੰਬੰਧੀ ਮਹੱਤਵਪੂਰਨ ਯਤਨ ਕੀਤੇ ਸਨ। 1956 ਵਿਚ ਇਹਨਾਂ ਨੇ ਦੂਜੀ ਪੰਜਾਬੀ ਕਾਨਫ਼ਰੰਸ ਦਿੱਲੀ ਵਿਖੇ ਕੀਤੀ ਜਿਸ ਵਿਚ ਭਾਰਤ ਦੇ ਗ੍ਰਹਿ ਮੰਤਰੀ ਗੋਵਿੰਦ ਵਲਭ ਪੰਤ, ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ, ਸ. ਉੱਜਲ ਸਿੰਘ, ਡਿਪਟੀ ਸਪੀਕਰ ਹੁਕਮ ਸਿੰਘ, ਸ. ਸਵਰਨ ਸਿੰਘ, ਦੀਵਾਨ ਅਨੰਦ ਕੁਮਾਰ ਆਦਿ ਵਿਦਵਾਨ, ਸੂਝਵਾਨ, ਰਾਜਨੀਤੀਵਾਨ ਸ਼ਾਮਲ ਹੋਏ ਸਨ। ਇਸ ਕਾਨਫ਼ਰੰਸ ਦੇ ਵਿਚ ਜਿਹੜੇ ਮਤੇ ਪਾਸ ਕੀਤੇ ਗਏ ਸਨ ਉਹਨਾਂ ਵਿਚੋਂ ਯੂਨੀਵਰਸਿਟੀ ਪੱਧਰ ਦੀ ਇਕ ਸੰਸਥਾ ਸਥਾਪਤ ਕਰਨ ਦੀ ਮੰਗ ਕਰਦੇ ਹੋਏ ਕਿਹਾ ਗਿਆ:
“ਇਸ ਗੱਲ ਨੂੰ ਮੁੱਖ ਰੱਖਦੇ ਹੋਏ ਕਿ ਕਿਸੇ ਭਾਸ਼ਾ ਦੀ ਸਰਵਪੱਖੀ ਉੱਨਤੀ ਲਈ ਤੇ ਇਸ ਦੇਸ਼ ਦੇ ਕਾਰ-ਵਿਹਾਰ ਦਾ ਯੋਗ ਮਾਧਿਅਮ ਬਣਾਉਣ ਲਈ ਉਸ ਨੂੰ ਯੂਨੀਵਰਸਿਟੀ ਪੱਧਰ ਤੀਕ ਲੈ ਜਾਣਾ ਅਧਿਕ ਜਰੂਰੀ ਹੈ। ਇਹ ਕਾਨਫ਼ਰੰਸ ਭਾਰਤ ਸਰਕਾਰ ਪਾਸੋਂ ਮੰਗ ਕਰਦੀ ਹੈ ਕਿ ਪੰਜਾਬ ਰਾਜ ਦੇ ਪੰਜਾਬੀ ਬੋਲਦੇ ਭਾਗ ਲਈ ਇਕ ਯੂਨੀਵਰਸਿਟੀ ਕਾਇਮ ਕੀਤੀ ਜਾਵੇ ਜਿਸ ਦਾ ਮਾਧਿਅਮ ਪੰਜਾਬੀ ਹੋਵੇ।”
13 ਫਰਵਰੀ 1961 ਨੂੰ ਕਮਿਸ਼ਨ ਨੇ ਆਪਣੀ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਜਿਸ ਵਿਚ ਦੋ ਗੱਲਾਂ ਪ੍ਰਮੁਖਤਾ ਨਾਲ ਉਜਾਗਰ ਕੀਤੀਆਂ ਗਈਆਂ ਕਿ ਇਕ ਤਾਂ ਇਹ ਯੂਨੀਵਰਸਿਟੀ ਪਟਿਆਲਾ ਵਿਖੇ ਸਥਾਪਤ ਕੀਤੀ ਜਾਵੇਗੀ ਕਿਉਂਕਿ ਇਹ ਇਕ ਅਜਿਹੀ ਥਾਂ ਹੈ ਜਿੱਥੇ ਬਹੁਤ ਸਾਰੀਆਂ ਵਿੱਦਿਅਕ ਸਹੂਲਤਾਂ ਪਹਿਲਾਂ ਹੀ ਮੌਜੂਦ ਹਨ ਅਤੇ ਦੂਜਾ ਇਹ ਕਿ ਇਸ ਵਿਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਹਿਉਮੈਨਿਟੀਜ਼ ਅਤੇ ਸਾਇੰਸ ਦੇ ਵਿਸ਼ੇ ਵੀ ਪੜ੍ਹਾਏ ਜਾਣਗੇ। ਸਰਕਾਰ ਨੇ ਕਮਿਸ਼ਨ ਦਾ ਸੁਝਾਅ ਪ੍ਰਵਾਨ ਕਰਦੇ ਹੋਏ 1961 ਵਿਚ ਪੰਜਾਬੀ ਯੂਨੀਵਰਸਿਟੀ ਦੀ ਪਟਿਆਲਾ ਵਿਖੇ ਸਥਾਪਨਾ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਅਤੇ ਇਸੇ ਸਾਲ 1 ਨਵੰਬਰ 1961 ਨੂੰ ਪੰਜਾਬ ਦੇ ਗਵਰਨਰ ਨੇ ਇਸ ਯੂਨੀਵਰਸਿਟੀ ਦੇ ਐਕਟ ‘ਤੇ ਆਪਣੀ ਮੋਹਰ ਲਗਾ ਦਿੱਤੀ।
30 ਅਪ੍ਰੈਲ 1962 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਾਰਾਂਦਰੀ ਪੈਲੇਸ ਵਿਖੇ ਅਰੰਭ ਕਰ ਦਿੱਤੀ ਗਈ। 24 ਜੂਨ 1962 ਨੂੰ ਭਾਰਤ ਦੇ ਰਾਸ਼ਟਰਪਤੀ ਡਾ. ਰਾਧਾਕ੍ਰਿਸ਼ਨਨ ਨੇ ਇਸ ਦਾ ਵਿਧੀਵਤ ਉਦਘਾਟਨ ਕਰਦੇ ਹੋਏ ਕਿਹਾ ਕਿ, “ਇਹ ਯੂਨੀਵਰਸਿਟੀ ਭਾਸ਼ਾ ਦੇ ਆਧਾਰ ‘ਤੇ ਬਣੀ ਹੈ।… ਇਸ ਯੂਨੀਵਰਸਿਟੀ ਦਾ ਉਦੇਸ਼ ਕੇਵਲ ਪੰਜਾਬੀ ਦਾ ਵਿਕਾਸ ਹੀ ਨਹੀਂ ਹੈ ਬਲਕਿ ਇਥੇ ਸਾਇੰਸ ਅਤੇ ਹਿਉਮੈਨਿਟੀਜ਼ ਦੇ ਨਾਲ-ਨਾਲ ਉਚੇਰੀ ਸਿੱਖਿਆ ਅਤੇ ਖੋਜ ਨੂੰ ਅੱਗੇ ਲਿਜਾਣ ਲਈ ਵੀ ਯਤਨ ਕੀਤੇ ਜਾਣੇ ਹਨ।” ਰਾਸ਼ਟਰਪਤੀ ਤੋਂ ਇਲਾਵਾ ਪੰਜਾਬ ਦੇ ਗਵਰਨਰ ਸ੍ਰੀ ਐਨ.ਵੀ ਗਾਡਗਿਲ, ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ, ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਭਾਈ ਜੋਧ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਜਦੋਂ ਇਹ ਯੂਨੀਵਰਸਿਟੀ ਹੋਂਦ ਵਿਚ ਆਈ ਤਾਂ ਇਸ ਦਾ ਘੇਰਾ 10 ਮੀਲ ਤੱਕ ਨਿਰਧਾਰਿਤ ਕੀਤਾ ਗਿਆ ਪਰ ਹੌਲੀ-ਹੌਲੀ ਇਹ ਵੱਧਣ ਲੱਗਾ ਅਤੇ ਮੌਜੂਦਾ ਸਮੇਂ ਵਿਚ ਪੰਜਾਬ ਦੇ ਮਾਲਵਾ ਇਲਾਕੇ ਵਿਚ ਸਿੱਖਿਆ ਪ੍ਰਦਾਨ ਕਰ ਰਹੀ ਹੈ। ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ, ਸਾਇੰਸ, ਟੈਕਨਾਲੋਜੀ ਅਤੇ ਖੇਡਾਂ ਦੇ ਖ਼ੇਤਰ ਵਿਚ ਇਸ ਯੂਨੀਵਰਸਿਟੀ ਨੇ ਆਪਣੀ ਪਛਾਣ ਕਾਇਮ ਕੀਤੀ ਹੈ। ਜਦੋਂ ਕੋਈ ਕੇਂਦਰੀ ਟੀਮ ਪੰਜਾਬੀ ਯੂਨੀਵਰਸਿਟੀ ਦੀ ਇੰਸਪੈਕਸ਼ਨ ਕਰਨ ਲਈ ਆਉਂਦੀ ਹੈ ਤਾਂ ਉਹ ਅਜਿਹੀ ਟਿੱਪਣੀ ਜ਼ਰੂਰ ਕਰ ਜਾਂਦੀ ਹੈ ਕਿ ਜਿਸ ਉਦੇਸ਼ ਲਈ ਇਸ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਸੀ, ਇਹ ਨਿਰੰਤਰ ਉਸੇ ਦਿਸ਼ਾ ਵਿਚ ਕਾਰਜ ਕਰ ਰਹੀ ਹੈ। ਯੂਨੀਵਰਸਿਟੀ ਦੀ ਕਾਰਜ ਪ੍ਰਣਾਲੀ ਸੰਬੰਧੀ ਕੀਤੀ ਗਈ ਅਜਿਹੀ ਕੋਈ ਵੀ ਟਿੱਪਣੀ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਮਾਣ ਵਾਲੀ ਗੱਲ ਹੁੰਦੀ ਹੈ।
ਪਟਿਆਲਾ ਦੇ ਬਾਰਾਂਦਰੀ ਬਾਗ਼ ਤੋਂ ਅਰੰਭ ਹੋਈ ਇਹ ਯੂਨੀਵਰਸਿਟੀ ਪੰਜਾਬ ਦੇ ਸਭ ਤੋਂ ਵੱਡੇ ਖਿੱਤੇ ਨੂੰ ਵਿੱਦਿਆ ਪ੍ਰਦਾਨ ਕਰ ਰਹੀ। ਇਸ ਯੂਨੀਵਰਸਿਟੀ ਵਿਚ ਪੜ੍ਹਨ ਵਾਲੇ ਬਹੁਤੇ ਬੱਚੇ ਪੇਂਡੂ ਪਿਛੋਕੜ ਵਾਲੇ ਹੁੰਦੇ ਹਨ ਇਸ ਤਰ੍ਹਾਂ ਦੂਰ-ਦੁਰਾਡੇ ਜਾ ਕੇ ਵਿੱਦਿਆ ਪ੍ਰਾਪਤ ਨਾ ਕਰ ਸਕਣ ਵਾਲੇ ਵਿਦਿਆਰਥੀਆਂ ਲਈ ਇਹ ਯੂਨੀਵਰਸਿਟੀ ਵਰਦਾਨ ਸਾਬਿਤ ਹੋਈ ਹੈ।