Punjab
ਪੈਟਰੋਲ ਡੀਜ਼ਲ ਦੀਆਂ ਕੀਮਤਾਂ ਕਾਰਨ ਕਾਂਗਰਸੀ ਸਰਕਾਰ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

ਟਾਂਡਾ ਉੜਮੁੜ, 29 ਜੂਨ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਹੋਏ ਵਾਧੇ ਦੇ ਵਿਰੋਧ ‘ਚ ਹਲਕਾ ਟਾਂਡਾ ਉੜਮੁੜ ਦੇ ਕਾਂਗਰਸੀ ਵਰਕਰਾਂ ਨੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਪੁਤਲਾ ਫੂਕਿਆ। ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੀ ਅਗਵਾਈ ‘ਚ ਹੋਏ ਇਸ ਰੋਸ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ‘ਚ ਸ਼ਾਮਲ ਕਾਂਗਰਸੀ ਵਰਕਰਾਂ ਨੇ ਬਲਾਕ ਕਾਂਗਰਸ ਦਫ਼ਤਰ ਟਾਂਡਾ ਤੋਂ ਰੋਸ ਮਾਰਚ ਕੱਢਦੇ ਹੋਏ ਸਰਕਾਰੀ ਹਸਪਤਾਲ ਚੌਕ ਜਾ ਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਪੁਤਲਾ ਫੂਕਿਆ। ਇਸ ਮੌਕੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਕਿਹਾ ਕਿ ਪਹਿਲਾਂ ਤੋਂ ਕੋਰੋਨਾ ਕਾਰਨ ਆਰਥਿਕ ਤੰਗੀ ਸਹਿ ਰਹੀ ਦੇਸ਼ ਦੀ ਜਨਤਾ ਦਾ ਲੱਕ ਤੋੜਨ ਲਈ ਮੋਦੀ ਸਰਕਾਰ ਨੇ ਆਪਣੀਆਂ ਨਕਾਰਾ ਆਰਥਿਕ ਨੀਤੀਆਂ ਦੇ ਚੱਲਦਿਆਂ ਪਿਛਲੇ 22 ਦਿਨਾਂ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਾਧਾ ਕੀਤਾ ਹੈ, ਜਿਸ ਨਾਲ ਦੇਸ਼ ਦੀ ਜਨਤਾ ‘ਚ ਕੇਂਦਰ ਦੀ ਜੁਮਲੇਬਾਜ਼ੀ ਵਾਲੀ ਮੋਦੀ ਸਰਕਾਰ ਦੇ ਖ਼ਿਲਾਫ਼ ਜ਼ਬਰਦਸਤ ਰੋਹ ਹੈ।