News
ਕਾਂਗਰਸ ਦੇ ਵਿਧਾਇਕ ‘ਪਰਮਿੰਦਰ ਪਿੰਕੀ’ ਨੇ ਨਸ਼ਾ ਤਸਕਰਾਂ ਨੂੰ ਛੁਡਾਉਣ ਦੀ ਕੀਤੀ ਕੋਸ਼ਿਸ – ਚਰਨਜੀਤ ਸਿੰਘ ਬਰਾੜ

ਤਰਨਤਾਰਨ, 12 ਮਾਰਚ: ਬੁੱਧਵਾਰ ਤਰਨਤਾਰਨ ਵਿੱਚ ਸੀ. ਆਈ. ਏ. ਸਟਾਫ ਵੱਲੋਂ ਨਾਕਾਬੰਦੀ ਦੌਰਾਨ ਇਕ ਐਕਟਿਵਾ ਸਵਾਰ ਨੌਜਵਾਨ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਤਲਾਸ਼ੀ ਲੈਣ ‘ਤੇ ਉਸ ਕੋਲੋਂ 320 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਪੁੱਛ-ਗਿੱਛ ਦੌਰਾਨ ਉਕਤ ਨੌਜਵਾਨ ਦੀ ਪਛਾਣ ਰਾਹੁਲ ਉਰਫ ਸਾਬ ਉਰਫ ਬਿੱਲਾ ਪੁੱਤਰ ਰਾਕੇਸ਼ ਕੁਮਾਰ ਵਾਸੀ ਬਸਤੀ ਭੱਟੀਆਂ ਵਾਲੀ ਫਿਰੋਜ਼ਪੁਰ ਵਜੋਂ ਹੋਈ ਸੀ। ਜਿਸ ਦੇ ਖ਼ਿਲਾਫ਼ ਥਾਣਾ ਸਦਰ ਪੱਟੀ ‘ਚ ਮੁਕੱਦਮਾ ਨੰਬਰ 34 ਧਾਰਾ 21/61/85 ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਿਸ ਦੀ ਮਦਦ ਕਰਨ ਅਤੇ ਅਕਾਲੀ ਵਰਕਰਾਂ ਤੇ ਝੂਠਾ ਪਰਚਾ ਦਰਜ ਕਰਾਉਣ ਦੇ ਲਈ ਫਿਰੋਜ਼ਪੁਰ ਤੋਂ ਕਾਂਗਰਸ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦਾ ਨਾਮ ਸਾਹਮਣੇ ਆ ਰਿਹਾ ਹੈ।

ਇਸ ਗੱਲ ਦਾ ਖ਼ੁਲਾਸਾ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਬੀਤੇ ਦਿਨ ਜਦੋਂ ਤਰਨਤਾਰਨ ਦੀ ਪੁਲਿਸ ਰਾਹੁਲ ਉਰਫ ਸਾਬ ਨੂੰ ਫੜਨ ਲਈ ਆਈ ਤਾਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਉਸਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਉਹ ਵਿਅਕਤੀ ਪਰਮਿੰਦਰ ਸਿੰਘ ਪਿੰਕੀ ਦਾ ਨਜਦੀਕੀ ਸੀ। ਪਰ ਪੁਲਿਸ ਨੇ ਦੋਸ਼ੀ ਨੂੰ ਨਹੀਂ ਛੱਡਿਆ ਅਤੇ ਜਦ ਪੁਲਿਸ ਉਸਨੂੰ ਫੜ ਕੇ ਲਿਜਾ ਰਹੀ ਸੀ ਤਾਂ ਉਸਨੇ ਪੁਲਿਸ ਨੂੰ ਚਕਮਾ ਦੇਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਥੇ ਮੌਜੂਦ ਕੁੱਝ ਅਕਾਲੀ ਦਲ ਦੇ ਵਰਕਰਾਂ ਨੇ ਪੁਲਿਸ ਦੀ ਮਦਦ ਕਰਦਿਆਂ ਰਾਹੁਲ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਅਤੇ ਇਸ ਗੱਲ ਤੋਂ ਖਫਾ ਹੋਏ ਵਿਧਾਇਕ ਪਰਮਿੰਦਰ ਪਿੰਕੀ ਨੇ ਉਲਟਾ ਉਨ੍ਹਾਂ ਵਰਕਰਾਂ ਤੇ ਹੀ ਝੂਠੇ ਪਰਚੇ ਦਰਜ ਕਰਵਾ ਦਿੱਤੇ। ਜਿਸ ਨੂੰ ਲੇਕੇ ਕੱਲ ਅਕਾਲੀ ਦਲ ਵੱਲੋਂ ਡੀ ਸੀ ਫਿਰੋਜ਼ਪੁਰ ਦੇ ਦਫਤਰ ਅੱਗੇ ਧਰਨਾ ਦੇਕੇ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਇਹ ਮੰਗ ਕੀਤੀ ਜਾਵੇਗੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ।