Connect with us

Politics

ਕਾਂਗਰਸੀ ਵਿਧਾਇਕਾਂ ਨੇ ਮਨਰੇਗਾ ਵਿੱਚੋਂ ਕੀਤਾ 1000 ਕਰੋੜ ਦਾ ਘੁਟਾਲਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਆਰੋਪ ਕਾਂਗਰਸੀ ਵਿਧਾਇਕਾਂ ਨੇ 1000 ਕਰੋੜ ਰੁਪਏ ਦੇ ਮਨਰੇਗਾ ਫੰਡਾਂ ਦਾ ਕੀਤਾ ਘੁਟਾਲਾ

Published

on

ਸ਼੍ਰੋਮਣੀ ਅਕਾਲੀ ਦਲ  ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਆਰੋਪ 
‘ਕਾਂਗਰਸੀ ਵਿਧਾਇਕਾਂ ਨੇ ਕੀਤਾ ਘੁਟਾਲਾ’
1000 ਕਰੋੜ ਰੁਪਏ ਦੇ ਮਨਰੇਗਾ ਫੰਡਾਂ ਦਾ ਕੀਤਾ ਘੁਟਾਲਾ
ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ

21 ਅਗਸਤ : ਸ਼੍ਰੋਮਣੀ ਅਕਾਲੀ ਦਲ  ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ  ਕਿਹਾ ਕਿ ਕਾਂਗਰਸ ਦੇ ਵਿਧਾਇਕਾਂ ਨੇ ਰਾਜ ਸਰਕਾਰ ਦੇ ਅਧਿਕਾਰੀਆਂ ਨਾਲ ਰਲ ਕੇ 1000 ਕਰੋੜ ਰੁਪਏ ਦੇ ਮਨਰੇਗਾ ਫੰਡਾਂ ਦਾ ਘੁਟਾਲਾ ਕੀਤਾ ਹੈ ਤੇ ਉਹਨਾਂ ਨੇ ਇਸ ਘੁਟਾਲੇ ਵਿਚ ਸ਼ਾਮਲ ਦੋਸ਼ੀਆਂ ਨੂੰ ਫੜਨ ਲਈ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਗਰੀਬਾਂ ਦੀ ਦਸ਼ਾ ਸੁਧਾਰਨ ਲਈ ਰੱਖੇ ਕੇਂਦਰੀ ਫੰਡਾਂ ਦਾ ਕਾਂਗਰਸੀ ਵਿਧਾਇਕਾਂ ਨੇ ਘੁਟਾਲਾ ਕਰ ਲਿਆ ਹੈ। ਉਹਨਾਂ ਕਿਹਾ ਕਿ ਕੇਂਦਰੀ ਟੀਮ ਵੱਲੋਂ ਕੀਤੀ ਜਾਂਚ ਨੇ ਪਹਿਲਾਂ ਹੀ ਸੂਬੇ ਦੇ ਦੋ ਜ਼ਿਲਿਆਂ ਵਿਚ ਘੋਰ ਬੇਨਿਯਮੀਆਂ ਫੜੀਆਂ ਹਨ ਅਤੇ ਉਹਨਾਂ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੂੰ ਅਪੀਲ ਕੀਤੀ ਕਿ ਇਹ ਕੇਸ ਸੀ ਬੀ ਆਈ ਹਵਾਲੇ ਕੀਤੇ ਜਾਵੇ ਤਾਂ ਜੋ ਸੂਬੇ ਭਰੇ ਵਿਚ ਮਨਰੇਗਾ ਫੰਡਾਂ ਦੇ ਘੁਟਾਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ।ਵੇਰਵੇ ਸਾਂਝੇ ਕਰਦਿਆਂ  ਸ੍ਰੀ ਸੁਖਬੀਰ ਬਾਦਲ ਨੇ ਦੱਸਿਆ ਕਿ ਕਿਸ ਤਰੀਕੇ ਘੁਟਾਲਾ ਕੀਤਾ ਜਾ ਰਿਹਾ ਹੈ, ਕਾਂਗਰਸ ਦੇ ਵਿਧਾਇਕਾਂ ਦੇ ਨੇੜਲਿਆਂ ਦੀ ਮਲਕੀਅਤ ਵਾਲੀਆਂ ਕੰਪਨੀਆਂ ਦੇ ਨਾਂ ਸਮੱਗਰੀ ਦੀ ਖਰੀਦ ਦੇ ਬਿੱਲ ਭੇਜੇ ਜਾ ਰਹੇ ਹਨ। ਹਰ ਕੇਸ ਵਿਚ ਕਰੋੜਾਂ ਰੁਪਏ ਦੀ ਸਮੱਗਰੀ ਉਸ ਫਰਮ ਤੋਂ ਖਰੀਦੀ ਵਿਖਾਈ ਗਈ ਹੈ ਜੋ ਸਿਰਫ ਕਾਗਜ਼ਾਂ ਵਿਚ ਹੀ ਹੈ।  
ਉਹਨਾਂ ਕਿਹਾ ਕਿ ਜ਼ਮੀਨੀ ਪੱਧਰ ‘ਤੇ ਕੰਮ ਸ਼ੁਰੂ ਵੀ ਨਹੀਂ ਹੋਇਆ ਜਦਕਿ ਉਸਨੂੰ ਮੁਕੰਮਲ ਹੋਇਆ ਵਿਖਾ ਕੇ  ਅਨੁਮਾਨਤ ਲਾਗਤਾਂ ਦੇ ਆਧਾਰ ‘ਤੇ ਅਦਾਇਗੀਆਂ ਕੀਤੀਆਂ  ਗਈਆਂ ਹਨ। ਬਾਦਲ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਇੰਨੇ ਨੰਗੇ ਚਿੱਟੇ ਹੋ ਕੇ ਇਸ ਵਿਚ ਲੱਗੇ ਹਨ ਕਿ ਉਹਨਾਂ ਨੇ  ਕੇਂਦਰੀ ਫੰਡਾਂ ਦਾ ਘੁਟਾਲਾ ਕਰਨ ਵਾਸਤੇ ਟਾਈਲਾਂ ਤੇ ਬੈਂਚ ਬਣਾਉਣ ਦੀਆਂ ਫੈਕਟਰੀਆਂ ਖੋਲ ਲਈਆਂ ਹਨ।  ਉਹਨਾਂ ਕਿਹਾ ਕਿ ਨਿੱਜੀ ਥਾਵਾਂ ‘ਤੇ ਪੁਲੀਆਂ, ਫੁੱਟਪਾਥ ਤੇ ਸ਼ੈਡ ਬਣਾਏ ਗਏ ਵਿਖਾਏ ਗਏ ਹਨ ਜਦਕਿ ਫੰਡਾਂ ਦੀ ਵਰਤੋਂ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਸਿਆਸੀ ਫਾਇਦਿਆਂ ਲਈ ਕੀਤੀ ਗਈ ਹੈ ਤੇ ਇਸ ਵਾਸਤੇ ਕੱਚੇ ਮਾਲ ਦੀ ਸਪਲਾਈ ਕਰਨ ਵਾਲਿਆਂ ਤੇ ਗ੍ਰਾਮ ਪੰਚਾਇਤਾਂ ਨਾਲ ਵੀ ਗੰਢਤੁਪ ਕੀਤੀ ਗਈ ਹੈ।  ਉਹਨਾਂ ਕਿਹਾ ਕਿ ਇਸੇ ਤਰੀਕੇ ਅਯੋਗ ਲੋਕਾਂ  ਨੂੰ ਜੌਬ ਕਾਰਡ ਜਾਰੀ ਕੀਤੇ ਗਏ ਹਨ ਤੇ ਹੈਰਾਨੀਜਨਕ ਇਹ ਹੈ ਕਿ ਮਰੇ ਹੋਏ ਲੋਕਾਂ ਨੂੰ ਵੀ ਮਨਰੇਗਾ ਦੇ ਕੰਮ ਕਰਨ ਵਾਲਿਆਂ ਦੀ ਸੂਚੀ ਵਿਚ ਪਾਇਆ ਹੋਇਆ ਹੈ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸ ਘੁਟਾਲੇ ਨੂੰ ਰਾਜ ਸਰਕਾਰ ਦਾ ਆਸ਼ੀਰਵਾਦ ਪ੍ਰਾਪਤ ਹੈ ਇਸ ਦੌਰਾਨ ਸ੍ਰੀ ਬਾਦਲ ਨੇ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੂੰ ਇਹ ਵੀ ਅਪੀਲ ਕੀਤੀ ਕਿ ਪੰਜਾਬ ਵਿਚ ਮਨਰੇਗਾ ਦੇ ਕੰਮਾਂ ਦੀ ਨਿਗਰਾਨੀ ਵਾਸਤੇ ਟੀਮ ਤਾਇਨਾਤ ਕੀਤੀ ਜਾਵੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਕੀਮ ਦਾ ਲਾਭ ਸਮਾਜ ਦੇ ਅਣਗੌਲੇ ਵਰਗਾਂ ਨੂੰ ਮਿਲੇ ਅਤੇ ਇਹ ਭ੍ਰਿਸ਼ਟਾਚਾਰ ਦਾ ਅੱਡਾ ਨਾ ਬਣ ਕੇ ਰਹਿ ਜਾਵੇ।