India
ਕਾਂਗਰਸੀ ਸਰਪੰਚ ਨੇ ਪੱਤਰਕਾਰ ਨੂੰ ਅਗਵਾ ਕਰਕੇ ਕੀਤੀ ਮਾਰ-ਕੁੱਟ

ਜਲੰਧਰ, 23 ਮਈ(ਪਰਮਜੀਤ ਰੰਗਪੁਰੀ):
ਜਲੰਧਰ ਦੇ ਭੋਗਪੁਰ ਦੇ ਪਿੰਡ ਭਟਨੌਰਾ ਵਿਚ ਕਾਂਗਰਸੀ ਸਰਪੰਚ ਦੇ ਸਾਥੀਆਂ ਦੀ ਗੁੰਡਾਗਰਦੀ ਵੇਖਣ ਨੂੰ ਮਿਲੀ ਹੈ। ਸੱਤਾ ਧਾਰੀ ਕਾਂਗਰਸੀ ਸਰਪੰਚ ਸਰਬਜੀਤ ਸਿੰਘ ਦੇ ਸਾਥੀਆਂ ਨੇ ਪੱਤਰਕਾਰ ਨੂੰ ਅਗਵਾ ਕਰਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਪੱਤਰਕਾਰ ਕਿਸੇ ਤਰ੍ਹਾਂ ਆਪਣੀ ਜਾਨ ਬਚਾਉਣ ਕੇ ਉਨ੍ਹਾਂ ਦੇ ਚੁੰਗਲ ਤੋਂ ਬਚ ਗਿਆ।
ਹਸਪਤਾਲ ਵਿਚ ਜੇਰੇ ਇਲਾਜ ਪੱਤਰਕਾਰ ਹੁਸਨ ਲਾਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਹੀ ਪਿੰਡ ਦੀਆਂ ਕੁਝ ਔਰਤਾਂ ਉੱਤੇ ਕਾਂਗਰਸੀ ਸਰਪੰਚ ਸਰਬਜੀਤ ਸਿੰਘ ਨੇ ਅਤਿਆਚਾਰ ਕੀਤੇ ਸਨ ਜਿਸ ਸਬੰਧੀ ਉਹ ਆਪਣੇ ਕੈਮਰਾਮੈਨ ਨਾਲ ਪਿੰਡ ਭਟਨੌਰਾ ਪਹੁੰਚੇ ਸਨ। ਉਥੇ ਕਾਂਗਰਸੀ ਸਰਪੰਚ ਸਰਬਜੀਤ ਸਿੰਘ ਦੇ ਗੁੰਡੇ ਆ ਗਏ ਅਤੇ ਉਨ੍ਹਾਂ ਨਾਲ ਗਾਲੀ ਗਲੋਚ ਕਰਨ ਲੱਗੇ। ਇਸ ਦੌਰਾਨ ਪੱਤਰਕਾਰ ਦੇ ਸਾਥੀ ਕੈਮਰਾਮੈਨ ਪਰਮਜੀਤ ਸਿੰਘ ਨੇ ਕਿਸੇ ਦੇ ਘਰ ਵਿਚ ਲੁਕ ਕੇ ਆਪਣੀ ਜਾਨ ਬਚਾਈ ਪਰ ਪੱਤਰਕਾਰ ਗੁੰਡਿਆਂ ਦੇ ਹੱਥ ਆ ਗਿਆ।
ਹੁਸਨ ਲਾਲ ਨੇ ਦੱਸਿਆ ਕਿ ਉਸ ਨੂੰ ਕੁੱਟਦੇ ਸਮੇਂ ਉਨ੍ਹਾਂ ਨੇ ਉਸ ਨੂੰ ਅਗਵਾ ਕਰ ਲਿਆ ਅਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਉਸ ਨੂੰ ਦੁਬਾਰਾ ਕੁੱਟਿਆ। ਉਸ ਦਾ ਇਕ ਮੋਬਾਈਲ ਵੀ ਖੋਹ ਲਿਆ ਗਿਆ। ਸਰਪੰਚ ਨੇ ਉਸਨੂੰ ਧਮਕੀ ਵੀ ਦਿੱਤੀ ਕਿ ਜੇ ਉਹ ਇਸ ਇਲਾਕੇ ਵਿਚ ਮੁੜ ਨਜ਼ਰ ਆਇਆ ਤਾਂ ਉਸਨੂੰ ਮਾਰ ਦਿੱਤਾ ਜਾਵਾਂਗੇ। ਸਰਪੰਚ ਨੇ ਪਤਰਕਾਰ ਨੂੰ ਕਿਹਾ ਸਾਡੀ ਸਰਕਾਰ ਹੈ ਇਸ ਲਈ ਉਹ ਉਨ੍ਹਾਂ ਦਾ ਕੁੱਝ ਨਹੀਂ ਵਿਗਾੜ ਸਕਦਾ।
ਪੱਤਰਕਾਰ ਹੁਸਨ ਲਾਲ ਨੇ ਕਿਹਾ ਕਿ ਉਹ ਅਤੇ ਉਸ ਦੇ ਪਰਿਵਾਰ ਨੂੰ ਸਰਪੰਚ ਅਤੇ ਉਸ ਦੇ ਗੁੰਡਿਆਂ ਤੋਂ ਜਾਨ ਦਾ ਖਤਰਾ ਹੈ। ਪੀੜਤ ਨੇ ਸਰਕਾਰ ਕੋਲੋਂ ਇਨਸਾਫ਼ ਦੀ ਮੰਗ ਕਰਦੇ ਹੋਏ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਸਬੰਧੀ ਆਦਮਪੁਰ ਥਾਣੇ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਅਸੀਂ ਪੱਤਰਕਾਰ ‘ਤੇ ਹੋਏ ਹਮਲੇ ਦੇ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।