Connect with us

Punjab

ਮਨਪ੍ਰੀਤ ਬਾਦਲ ਦਾ ਘੇਰਾਓ ਕਰਨ ਗਏ ਠੇਕਾ ਮੁਲਾਜ਼ਮਾਂ ‘ਤੇ ਬਠਿੰਡਾ ਪੁਲਿਸ ਨੇ ਢਾਹਿਆ ਤਸ਼ਦੱਦ

Published

on

bathinda

ਬਠਿੰਡਾ: ਬਠਿੰਡਾ ਪੁਲਿਸ ਨੇ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਵਿਰੋਧ ਕਰ ਰਹੇ ਠੇਕਾ ਅਧਾਰਿਤ ਸੇਵਾਵਾਂ ਨਿਭਾ ਰਹੇ ਮੁਲਾਜਮਾਂ ਅਤੇ ਉਨ੍ਹਾਂ ਦੇ ਪ੍ਰੀਵਾਰਕ ਮੈਂਬਰਾਂ ਨੂੰ ਅੱਗ ਵਰ੍ਹਾਉਂਦੀ ਗਰਮੀ ਦੌਰਾਨ ਤੱਤੀ ਸੜਕ ਤੇ ਰੱਜ ਕੇ ਘੜੀਸਿਆ ਅਤੇ ਕਹਿਰ ਢਾਹੁਣ ਉਪਰੰਤ ਥਾਣੇ ਲੈ ਗਈ। ਅੱਜ ਪੰਜਾਬ ਪੁਲਿਸ ਅਤੇ ਦੰਗਾ ਵਿਰੋਧੀ ਦਲ ਦੇ ਮੁਲਾਜਮ ਮੁਜਾਹਰਾਕਾਰੀਆਂ ਨੂੰ ਟੁੱਟ ਕੇ ਪੈ ਗਏ ।

ਲੇਡੀ ਕਾਂਸਟੇਬਲਾਂ ਨੇ ਤਾਂ ਠੇਕਾ ਮੁਲਾਜਮਾਂ ਦੇ ਪਰਿਵਾਰ ਦੀ ਇੱਕ ਔਰਤ ਅਤੇ ਉਸ ਦੇ ਨਾਲ ਆਈ ਸਕੂਲੀ ਬੱਚੀ ਨੂੰ ਵੀ ਨਾਂ ਬਖਸ਼ਿਆ। ਹਾਲਾਂਕਿ ਇਸ ਮੌਕੇ ਕਾਂਗਰਸ ਦੇ ਇੱਕ ਕੌਂਸਲਰ ਨੇ ਲੇਡੀ ਪੁਲਿਸ ਨੂੰ ਵਰਜਿਆ ਪਰ ਉਸ ਦੇ ਜਾਂਦਿਆਂ ਹੀ ਲੇਡੀ ਪੁਲਿਸ ਮਾਵਾਂ ਧੀਆਂ ਨੂੰ ਖਿੱਚ੍ਹ ਕੇ ਲੈ ਗਈ ਅਤੇ ਹਿਰਾਸਤ ’ਚ ਲੈ ਲਿਆ। ਠੇਕਾ ਕਾਮਿਆਂ ਨੇ ਖਰੀਆਂ ਖਰੀਆਂ ਸੁਣਾਈਆਂ ਕਿ ਪੁਲਿਸ ਮੁਲਾਜਮ ਉਨ੍ਹਾਂ ਨਾਲ ਦੁਸ਼ਮਣਾ ਵਾਲਾ ਵਿਹਾਰ ਕਰ ਰਹੇ ਹਨ ਜਦੋਂਕਿ ਉਹ ਮੁਢਲੀਆਂ ਤਨਖਾਹਾਂ ਤੇ ਭਰਤੀ ਪੁਲਿਸ ਮੁਲਾਜਮਾਂ ਦੀ ਲੜਾਈ ਵੀ ਲੜ ਰਹੇ ਹਨ।

ਜਾਣਕਾਰੀ ਅਨੁਸਾਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੁਪਹਿਰ 12 ਵਜੇ ਬਰਨਾਲਾ-ਬਠਿੰਡਾ ਬਾਈਪਾਸ ’ਤੇ ਟਰੈਫਿਕ ਲਾਈਟਾਂ ਵਾਲੇ ਕੱਟ ਦੇ ਲਾਗੇ ਕਰੀਬ ਇੱਕ ਕਿਲੋਮੀਟਰ ਲੰਮੇ ਫਲਾਈਓਵਰ ਦਾ ਨੀਂਹ ਪੱਥਰ ਰੱਖਣਾ ਸੀ ਜੋਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਤਰਫੋਂ ਉਸਾਰਿਆ ਜਾਣਾ ਹੈ। ਖ਼ਜ਼ਾਨਾ ਮੰਤਰੀ ਦੇ ਆਉਣ ਦੀ ਭਿਣਕ ਪੈਂਦਿਆਂ ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਲਾਲ ਅਤੇ ਪੀਲੇ ਝੰਡਿਆਂ ਨਾਲ ਵੱਡੀ ਗਿਣਤੀ ਵਿਚ ਠੇਕਾ ਮੁਲਾਜਮ ਪਰਿਵਾਰਾਂ ਸਮੇਤ ਮੌਕੇ ਤੇ ਪੁੱਜ ਗਏ ਅਤੇ ਕਾਫ਼ਲੇ ਦੇ ਰੂਪ ’ਚ ਪ੍ਰੋਗਰਾਮ ਵਾਲੀ ਥਾਂ ਵੱਲ ਵਧਣਾ ਸ਼ੁਰੂ ਕਰ ਦਿੱਤਾ।

ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਠੇਕਾ ਮੁਲਾਜਮਾਂ ਨੂੰ ਰੋਕ ਲਿਆ ਤਾਂ ਉਨ੍ਹਾਂ ਵਿੱਤ ਮੰਤਰੀ ਖਿਲਾਫ ਨਾਅਰਿਆਂ ਦਾ ਦੌਰ ਚਲਾ ਦਿੱਤਾ। ਰੋਹ ’ਚ ਭਰੇ ਪੀਤੇ ਠੇਕਾ ਮੁਲਾਜਮਾਂ ਨੇ ਪੁਲਿਸ ਰੋਕਾਂ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਪ੍ਰਦਰਸ਼ਨਕਾਰੀਆਂ ਅਤੇ ਪੁਲੀਸ ਵਿਚਕਾਰ ਜਬਰਦਸਤ ਝੜਪਾਂ ਹੋਈਆਂ। ਠੇਕਾ ਮੁਲਾਜਮਾਂ ਨੂੰ ਕਾਬੂ ਕਰਨ ਦੇ ਯਤਨਾਂ ਦੌਰਾਨ ਇੱਕ ਠੇਕਾ ਕਾਮਾ ਬੇਹੋਸ਼ ਹੋ ਗਿਆ ਜਿਸ ਨੂੰ ਉਸ ਦੇ ਸਾਥੀਆਂ ਨੇ ਸੰਭਾਲਿਆ।