Connect with us

Punjab

ਸਹਿਕਾਰੀ ਖੰਡ ਮਿੱਲਾਂ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ 62 ਕਰੋੜ ਰੁਪਏ ਜਾਰੀ

Published

on

  • ਸਾਲ 2018-19 ਦਾ ਕੋਈ ਬਕਾਇਆ ਨਹੀਂ ਬਚਿਆ, ਸਾਲ 2019-20 ਦੇ ਬਕਾਇਆ ਦੀ ਅਦਾਇਗੀ ਲਈ ਜਲਦ ਹੀ ਜਾਰੀ ਹੋਣਗੇ 100 ਕਰੋੜ ਰੁਪਏ
  • ਕੇਂਦਰ ਸਰਕਾਰ ਕੋਲੋਂ ਸਬਸਿਡੀ ਅਤੇ ਬਫਰ ਸਟਾਕ ਕਲੇਮ ਦੀ ਬਣਦੀ 60 ਕਰੋੜ ਰੁਪਏ ਦੀ ਰਾਸ਼ੀ ਲੈਣ ਲਈ ਚਾਰਾਜੋਈ ਜਾਰੀ

ਚੰਡੀਗੜ੍ਹ, 18 ਜੂਨ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਸਹਿਕਾਰੀ ਖੰਡ ਮਿੱਲਾਂ ਵੱਲੋੋਂ ਗੰਨਾ ਕਾਸ਼ਤਕਾਰਾਂ ਦੀ ਬਕਾਇਆ ਰਹਿੰਦੀ ਰਾਸ਼ੀ ਦੀ ਅਦਾਇਗੀ ਦੀ ਸ਼ੁਰੂਆਤ ਕਰਦਿਆਂ 62 ਕਰੋੋੜ ਰੁਪਏ ਦੀ ਰਾਸ਼ੀ ਗੰਨਾ ਕਾਸ਼ਤਕਾਰਾਂ ਨੂੰ ਜਾਰੀ ਕੀਤੀ ਗਈ। ਇਹ ਖੁਲਾਸਾ ਵੀਰਵਾਰ ਨੂੰ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ।

ਰੰਧਾਵਾ ਨੇ ਦੱਸਿਆ ਕਿ ਗੰਨਾ ਕਾਸ਼ਤਕਾਰਾਂ ਦੀ ਬਕਾਇਆ ਅਦਾਇਗੀ ਲਈ ਸਰਕਾਰ ਵੱਲੋੋਂ 50 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਅਤੇ ਲੱਗਭੱਗ 12 ਕਰੋੜ ਰੁਪਏ ਦੀ ਅਦਾਇਗੀ ਮਿੱਲਾਂ ਵੱਲੋੋਂ ਆਪਣੇ ਪੱਧਰ ’ਤੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਗੰਨਾ ਕਾਸ਼ਤਕਾਰਾਂ ਦੇ 2018-19 ਦੇ ਸਾਰੇ ਬਕਾਏ ਅਦਾ ਹੋੋ ਚੁੱਕੇ ਹਨ ਅਤੇ ਸਾਲ 2019-20 ਲਈ ਬਾਕੀ ਰਹਿੰਦੇ ਬਕਾਏ ਦੀ ਅਦਾਇਗੀ ਲਈ ਮੁੱਖ ਮੰਤਰੀ ਦੀਆਂ ਹਦਾਇਤਾਂ ਅਨੁਸਾਰ ਜਲਦੀ ਹੀ ਸਰਕਾਰ ਵੱਲੋਂ 100 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ।

ਸਹਿਕਾਰਤਾ ਮੰਤਰੀ ਨੇ ਦੱਸਿਆ ਕਿ ਸਹਿਕਾਰੀ ਖੰਡ ਮਿੱਲਾਂ ਦੀ ਸ਼ੂਗਰ ਐਕਸਪੋਰਟ ਸਬਸਿਡੀ ਅਤੇ ਬਫਰ ਸਟਾਕ ਕਲੇਮ ਵਜੋੋਂ ਬਣਦੀ ਲੱਗਭੱਗ 60 ਕਰੋੜ ਰੁਪਏ ਦੀ ਜਲਦੀ ਅਦਾਇਗੀ ਲਈ ਭਾਰਤ ਸਰਕਾਰ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਜੋ ਗੰਨੇ ਦੀ ਬਕਾਇਆ ਅਦਾਇਗੀ ਛੇਤੀ ਤੋਂ ਛੇਤੀ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਕੋਰੋਨਾ ਵਾਇਰਸ ਤੇ ਲੌਕਡਾਊਨ ਦੇ ਚੱਲਦਿਆਂ ਸਰਕਾਰੀ ਮਾਲੀਆ ਪ੍ਰਾਪਤੀ ਵਿੱਚ ਆਈ ਗਿਰਾਵਟ ਦੇ ਬਾਵਜੂਦ ਗੰਨਾ ਕਾਸ਼ਤਕਾਰਾਂ ਦੀ ਬਕਾਇਆ ਰਾਸ਼ੀ ਦੀ ਮੁਕੰਮਲ ਅਦਾਇਗੀ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।