Connect with us

India

ਐਮਰਜੰਸੀ ਵਾਰਡ ‘ਚ ਜ਼ਿਆਦਾ ਲੋਕਾਂ ਨੂੰ ਜਾਣ ਤੋਂ ਰੋਕਣਾ ਪਿਆ ਮਹਿੰਗਾ, ਸਿਕਿਓਰਿਟੀ ਗਾਰਡ ਦੀ ਮੌਤ

Published

on

ਚੰਡੀਗੜ੍ਹ, 13 ਜੁਲਾਈ : ਕੋਰੋਨਾ ਦੀ ਮਾਰ ਜਿਥੇ ਦੇਸ਼ ਦੁਨੀਆ ਉਤੇ ਮੰਡਰਾ ਰਿਹਾ ਹੈ ਅਜਿਹੇ ਗੰਭੀਰ ਹਾਲਾਤਾਂ ਦੇ ਵਿਚ ਵੀ ਕੋਰੋਨਾ ਵਾਰੀਅਰ ਦੇਸ਼ ਦੀ ਸੁਰਖਿਆ ਲਈ ਕੰਮ ਕਰ ਰਹੇ ਹਨ। ਅਜਿਹੇ ‘ਚ ਹੁਣ ਤੱਕ ਕਈ ਐਸੇ ਮਾਮਲੇ ਵੀ ਸਾਹਮਣੇ ਆਏ ਜਿਥੇ ਲੋਕਾਂ ਵਲੋਂ ਕੋਰੋਨਾ ਵਾਰੀਅਰ ਨੂੰ ਜ਼ਖਮੀ ਕੀਤਾ ਗਿਆ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜੀਐੱਮਸੀਐੱਚ-32 ਦੀ ਐਮਰਜੈਂਸੀ ਵਾਰਡ ਤੋਂ ਜਿਥੇ ਜ਼ਿਆਦਾ ਲੋਕਾਂ ਨੂੰ ਅੰਦਰ ਜਾਣ ਤੋਂ ਰੋਕਣਾ ਸਕਿਓਰਟੀ ਗਾਰਡ ਨੂੰ ਭਾਰੀ ਪੈ ਗਿਆ। ਕੁਝ ਨੌਜਵਾਨਾਂ ਨੇ ਸਕਿਓਰਿਟੀ ਗਾਰਡ ਦੀ ਏਨੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਕਿ ਉਸ ਨੂੰ ਵੈਂਟੀਲੇਟਰ ‘ਤੇ ਰੱਖਣਾ ਪਿਆ। ਇਲਾਜ ਦੌਰਾਨ ਉਸ ਨੇ ਸੋਮਵਾਰ ਸਵੇਰੇ ਹੀ ਦਮ ਤੋੜ ਦਿੱਤਾ।

ਮ੍ਰਿਤਕ ਦੀ ਪਛਾਣ 51 ਸਾਲਾ ਸ਼ਾਮ ਸੁੰਦਰ ਵਜੋਂ ਹੋਈ ਹੈ। ਸੈਕਟਰ-34 ਥਾਣਾ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਪੁਲਿਸ ਨੇ ਸਾਰਿਆਂ ਖ਼ਿਲਾਫ਼ ਹੱਤਿਆ ਦੀ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਹੈ। ਸਕਿਓਰਿਟੀ ਗਾਰਡ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਹਸਪਤਾਲ ‘ਚ ਇਕ ਐਕਸੀਡੈਂਟ ਕੇਸ ਆਇਆ ਸੀ। ਹਾਦਸੇ ‘ਚ ਜ਼ਖ਼ਮੀ ਨੌਜਵਾਨ ਨੂੰ ਕਰੀਬ 8 ਤੋਂ 10 ਲੋਕ ਲਿਆਏ ਸਨ। ਉਸ ਦੀ ਗੰਭੀਰ ਹਾਲਤ ਦੇਖਦਿਆਂ ਹੀ ਡਾਕਟਰ ਨੇ ਉਸ ਨੂੰ ਐਮਰਜੈਂਸੀ ‘ਚ ਸ਼ਿਫਟ ਕਰਨ ਦੀ ਸਲਾਹ ਦਿੱਤੀ।
ਜ਼ਖ਼ਮੀ ਦੇ ਨਾਲ ਆਏ ਸਾਰੇ ਨੌਜਵਾਨ ਐਮਰਜੈਂਸੀ ‘ਚ ਵੜਨ ਲੱਗੇ ਤਾਂ ਬਾਹਰ ਤਾਇਨਾਤ ਸਕਿਓਰਿਟੀ ਗਾਰਡ ਨੇ ਉਨ੍ਹਾਂ ਨੂੰ ਕਿਹਾ ਕਿ ਐਮਰਜੈਂਸੀ ‘ਚ ਭੀੜ ਲਾਉਣੀ ਮਨ੍ਹਾ ਹੈ। ਇਸ ਤੋਂ ਇਲਾਵਾ ਕੋਰੋਨਾ ਦੀ ਵਜ੍ਹਾ ਨਾਲ ਹਸਪਤਾਲ ਪ੍ਰਸ਼ਾਸਨ ਨੇ ਵੀ ਕਾਫ਼ੀ ਸਖ਼ਤੀ ਦੇ ਹੁਕਮ ਦਿੱਤੇ ਹਨ। ਇਸ ਲਈ ਦੋ ਤੋਂ ਤਿੰਨ ਲੋਕ ਜ਼ਖ਼ਮੀ ਨਾਲ ਅੰਦਰ ਚਲੇ ਜਾਣ। ਜ਼ਰੂਰਤ ਪੈਣ ‘ਤੇ ਮਦਦ ਕਰ ਦਿੱਤੀ ਜਾਵੇਗੀ। ਇਸੇ ਗੱਲ ‘ਤੇ ਭੜਕੇ ਨੌਜਵਾਨਾਂ ਸਕਿਓਰਿਟੀ ਗਾਰਡ ਦੀ ਕੁੱਟਮਾਰ ਕਰ ਦੇ ਹੋਏ ਉਸ ਨੂੰ ਘਸੀਟਦੇ ਹੋਏ ਬਾਹਰ ਲੈ ਕੇ ਚਲੇ ਗਏ।
ਇਸ ਦੌਰਾਨ ਐਮਰਜੈਂਸੀ ਦੇ ਬਾਹਰ ਡਿਊਟੀ ‘ਤੇ ਤਾਇਨਾਤ ਸ਼ਾਮ ਸੁੰਦਰ ਨੇ ਕੁੱਟਮਾਰ ਕਰ ਰਹੇ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਨੌਜਵਾਨ ਐਮਰਜੈਂਸੀ ਦੇ ਅੰਦਰ ਡਿਊਟੀ ਕਰਨ ਵਾਲੇ ਗਾਰਡ ਨੂੰ ਜ਼ਖ਼ਮੀ ਛੱਡ ਕੇ ਬਚਾਅ ਕਰਨ ਆਏ ਸ਼ਾਮ ਸੁੰਦਰ ‘ਤੇ ਟੁੱਟ ਪਏ। ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਸਾਰੇ ਮੁਲਜ਼ਮ ਉੱਥੋਂ ਨਿਕਲ ਗਏ। ਸੂਚਨਾ ਮਿਲਣ ‘ਤੇ ਪੁੱਜੇ ਹਸਪਤਾਲ ਦੇ ਦੂਸਰੇ ਸਕਿਓਰਿਟੀ ਗਾਰਡਾਂ ਨੇ ਉਸ ਨੂੰ ਤੁਰੰਤ ਐਮਰਜੈਂਸੀ ‘ਚ ਦਾਖ਼ਲ ਕਰਵਾਇਆ ਜਿੱਥੇ ਉਸ ਨੂੰ ਵੈਂਟੀਲੇਟਰ ‘ਤੇ ਸ਼ਿਫਟ ਕਰ ਦਿੱਤਾ ਗਿਆ। ਹਾਲਾਂਕਿ ਇਲਾਜ ਦੌਰਾਨ ਜ਼ਿਆਦਾ ਸੱਟਾਂ ਲੱਗਣ ਨਾਲ ਉਸ ਨੇ ਦਮ ਤੋੜ ਦਿੱਤਾ।