Punjab
ਪੰਜਾਬ ਉੱਤੇ ਵੀ ਹੁਣ ਛਾਏ ਸੰਕਟ ਦੇ ਕਾਲੇ ਬੱਦਲ

ਗੁਰੂਆਂ ਪੀਰਾਂ ਦੀ ਧਰਤੀ ਕਹੇ ਜਾਣ ਵਾਲੇ ਪੰਜਾਬ ਤੇ ਵੀ ਹੁਣ ਸੰਕਟ ਦੇ ਕਾਲੇ ਬੱਦਲ ਮੰਡਰਾ ਰਹੇ ਨੇ..ਕੋਰੋਨਾ ਵਾਇਰਸ ਨੇ ਪੰਜਾਬ ਦੀ ਖੁਸ਼ਹਾਲੀ ਤੇ ਲੋਕਾਂ ਦੇ ਹੱਸਦੇ ਚੇਹਰਿਆ ਨੂੰ ਮੁਰਝਾ ਕੇ ਰੱਖ ਦਿੱਤਾ ਹੈ ।ਜਿੱਥੇ ਪਿੰਡਾਂ ਚ ਬਾਬੇ ਬੋਹੜਾਂ ਥੱਲੇ ਬੈਠ ਕੇ ਮਹਿਫਲਾਂ ਲਗਾਉਂਦੇ ਸੀ ਉਹ ਵੀ ਹੁਣ ਕੋਰੋਨਾ ਨੇ ਘਰਾਂ ਚ ਕੈਦ ਕਰ ਦਿੱਤੇ। ਚੀਨ ਤੋਂ ਸ਼ੁਰੂ ਹੋਏ ਇਸ ਵਾਇਰਸ ਨੇ ਹਰ ਜ਼ਿਲ੍ਹੇ ਹਰ ਪਿੰਡ ,ਹਰ ਸ਼ਹਿਰ ਤੇ ਹਰ ਵਰਗ ਦੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸਦਾ ਪ੍ਰਕੋਪ ਲਗਾਤਾਰ ਵਧ ਦਾ ਹੀ ਜਾ ਰਿਹਾ ਹੈ। ਇਸਦੇ ਪ੍ਰਕੋਪ ਤੋਂ ਬਚਣ ਲਈ ਬੀਤੇ 2 ਦਿਨਾਂ ਤੋਂ ਲੋਕ ਘਰਾਂ ਚ ਬੰਦ ਨੇ। ਬਾਹਰ ਨਿਕਲਣ ਉੱਤੇ ਮਨਾਹੀ ਹੈ ਅਤੇ ਸਰਕਾਰ ਵਲੋਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।ਹਾਲਾਂਕਿ ਕੁੱਝ ਜਿਲ੍ਹਿਆਂ ਦੇ ਪ੍ਰਸ਼ਾਸਨ ਦੁਆਰਾ ਕਰਫਿਊ ਵਿਚ ਢਿੱਲ ਵੀ ਦਿੱਤੀ ਗਈ ਹੈ। ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿਚ ਵੀ ਦੇਰ ਰਾਤ ਕਰਫਿਊ ਲਗਾ ਦਿੱਤਾ ਗਿਆ ਹੈ।
ਦਰਅਸਲ 22 ਮਾਰਚ ਨੂੰ ਜਨਤਾ ਕਰਫ਼ਿਊ ਸੀ, ਜਿਸਦਾ ਮਤਲਬ ਇਹ ਸੀ ਕਿ ਲੋਕ ਆਪਣੀ ਸੁਰੱਖਿਆ ਆਪ ਕਰਨ , ਜਿਸਦਾ ਅਸਰ ਸਾਫ ਦੇਖਣ ਨੂੰ ਮਿਲਿਆ। ਲੋਕਾਂ ਨੇ ਇਸ ਜਨਤਾ ਕਰਫ਼ਿਊ ਦਾ ਪੂਰਾ ਸਹਿਯੋਗ ਦਿੱਤਾ ,ਪਰ ਜਿਵੇਂ ਹੀ ਜਨਤਾ ਕਰਫ਼ਿਊ ਦਾ ਸਮਾਂ ਖਤਮ ਹੋਇਆ, ਲੋਕ ਸੜਕਾਂ ਤੇ ਉਤਰ ਗਏ ਤੇ ਜਸ਼ਨ ਮਨਾਉਣ ਲੱਗ ਗਏ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੂਰਨ ਤੌਰ ਤੇ ਕਰਫ਼ਿਊ ਲੱਗਾ ਦਿੱਤਾ।
ਕਰਫਿਊ ਲਗਾਉਣ ਤੋਂ ਬਾਅਦ ਹੀ ਬੀਤੇ ਕੱਲ੍ਹ ਵੱਖ-ਵੱਖ ਜਿਲ੍ਹਿਆ ਵਿਚ ਪੁਲਿਸ ਅਤੇ ਜਿਲ੍ਹਾ ਪ੍ਰਸ਼ਾਸਨ ਸਖਤ ਹੋ ਗਿਆ ਸੀ। ਬਜਾਰਾਂ ਨੂੰ ਬੰਦ ਕਰਵਾ ਦਿੱਤਾ ਗਿਆ ਸੀ ਅਤੇ ਸਪੀਕਰਾਂ ਰਾਹੀਂ ਅਨਾਊਸਮੈਂਟ ਕਰਕੇ ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਜਾ ਰਹੀ ਸੀ। ਪੰਜਾਬ ਨਾਲ ਲੱਗਦੇ ਬਾਕੀ ਸੂਬਿਆਂ ਦੇ ਬਾਰਡਰਾਂ ਨੂੰ ਸੀਲ ਕਰ ਦਿੱਤਾ ਗਿਆ ਸੀ ਹਾਲਾਂਕਿ ਅੱਜ ਕੁੱਝ ਜਿਲ੍ਹਿਆਂ ਦੇ ਪ੍ਰਸ਼ਾਸਨ ਦੁਆਰਾ ਢਿੱਲ ਵੀ ਦਿੱਤੀ ਗਈ ਹੈ। ਦਰਅਸਲ ਬਰਨਾਲਾ ਅਤੇ ਸੰਗਰੂਰ ਜਿਲ੍ਹੇ ਵਿਚ ਪ੍ਰਸ਼ਾਸਨ ਨੇ ਕਰਫਿਊ ਵਿਚ ਅੱਜ ਸਵੇਰੇ 5 ਤੋਂ 7 ਵਜੇ ਤੱਕ ਕੁੱਝ ਕੁ ਕਰਿਆਨਾ, ਮੈਡੀਕਲ ਸਟੋਰ ਖੋਲਣ ਅਤੇ ਦੁੱਧ ਦੀ ਸਪਲਾਈ ਕਰਨ ਦੀ ਛੁੱਟ ਦਿੱਤੀ ਹੈ ਤਾਂ ਜੋ ਲੋਕ ਸਵੇਰੇ ਹੀ ਆਪਣੀ ਜਰੂਰਤ ਦਾ ਸਮਾਨ ਘਰਾਂ ਵਿਚ ਲੈ ਆਉਣ।
ਦੱਸ ਦਈਏ ਕਿ ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਕੇਸਾਂ ਅਤੇ ਇਸ ਮਹਾਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਕਰਫਿਊ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਪੂਰੇ ਸੂਬੇ ਨੂੰ ਲਾਕਡਾਊਨ ਕਰਨ ਦੇ ਹੁਕਮ ਦਿੱਤੇ ਸਨ ਪਰ ਲੋਕਾਂ ਦੁਆਰਾ ਉਸ ਲੋਕਡਾਊਨ ਨੂੰ ਜਿਆਦਾ ਸਹਿਯੋਗ ਨਹੀਂ ਮਿਲਿਆ ਅਤੇ ਆਮ ਲੋਕਾਂ ਦੀ ਆਵਾਜਾਈ ਪਹਿਲਾਂ ਦੀ ਤਰ੍ਹਾ ਹੀ ਜਾਰੀ ਸੀ।ਜ਼ਿਕਰਯੋਗ ਹੈ ਕਿ ਪੰਜਾਬ ਤੋਂ ਇਲਾਵਾ ਦੇਰ ਰਾਤ ਚੰਡੀਗੜ੍ਹ ਵਿਚ ਵੀ ਕਰਫਿਊ ਲਗਾ ਦਿੱਤਾ ਗਿਆ ਹੈ ਜਿਸ ਦੌਰਾਨ ਕੇਵਲ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਸੱਭ ਕੁੱਝ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਹੀ ਅਪੀਲ ਕੀਤੀ ਗਈ ਹੈ।