Punjab
CRIME :ਤਰਨਤਾਰਨ ‘ਚ ਇਕਲੌਤੇ ਪੁੱਤਰ ਦਾ ਤੇਜ਼ਧਾਰ ਹਥਿਆਰਾਂ ਨਾਲ ਹੋਇਆ ਕਤਲ, ਸਿਰ ‘ਚ ਲੱਗੀਆਂ ਸਨ ਗੰਭੀਰ ਸੱਟਾਂ

ਤਰਨਤਾਰਨ 1ਜੁਲਾਈ 2023: ਜ਼ਿਲ੍ਹਾ ਤਰਨਤਾਰਨ ਦੇ ਨੇੜੇ ਪੈਂਦੇ ਪਿੰਡ ਰਸਿਆਣਾ ਵਿੱਚ ਬੀਤੀ ਰਾਤ ਇੱਕ ਨੌਜਵਾਨ ’ਤੇ ਕੁਝ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ । ਜਿਸ ਕਾਰਨ ਉਸਦੇ ਸਿਰ ਵਿੱਚ ਗੰਭੀਰ ਸੱਟਾਂ ਲੱਗ ਜਾਂਦੀਆਂ ਹਨ ਤੇ ਅੱਜ ਸਵੇਰੇ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਲਵਪ੍ਰੀਤ ਸਿੰਘ (21) ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਰਸਿਆਣਾ ਜੋ ਕਿ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਬੀਤੀ ਰਾਤ ਜਦੋਂ ਉਹ ਆਪਣੇ ਦੋਸਤ ਨਾਲ ਪਿੰਡ ਦੀ ਫਿਰਨੀ ‘ਚ ਮੌਜੂਦ ਸੀ ਤਾਂ ਕਿਸੇ ਰੰਜਿਸ਼ ਕਾਰਨ ਲਵਪ੍ਰੀਤ ਸਿੰਘ ‘ਤੇ ਕੁਝ ਵਿਅਕਤੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਦੌਰਾਨ ਲਵਪ੍ਰੀਤ ਸਿੰਘ ਦੇ ਸਿਰ ‘ਤੇ ਡੂੰਘੀ ਸੱਟ ਲੱਗ ਗਈ, ਜਿਸ ਕਾਰਨ ਉਹ ਮੌਕੇ ‘ਤੇ ਹੀ ਬੇਹੋਸ਼ ਹੋ ਗਿਆ।
ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ, ਜਿਸ ਦੀ ਅੱਜ ਮੌਤ ਹੋ ਗਈ। ਸੂਤਰਾਂ ਮੁਤਾਬਕ ਇਹ ਝਗੜਾ ਇਕ ਲੜਕੀ ਨੂੰ ਲੈ ਕੇ ਹੋਇਆ ਸੀ। ਮ੍ਰਿਤਕ ਗਰੀਬ ਪਰਿਵਾਰ ਨਾਲ ਸਬੰਧਤ ਹੈ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।