Amritsar
ਅੰਮ੍ਰਿਤਸਰ ਵਿਚ ਕਰਫਿਊ ਹਟਾਇਆ, ਲਾਕ-ਡਾਊਨ ਰਹੇਗਾ ਜਾਰੀ
ਸਿੱਖਿਆ ਸੰਸਥਾਵਾਂ, ਹੋਟਲ, ਜਿੰਮ, ਸਪਾ ਰਹਿਣਗੇ ਬੰਦ
ਸ਼ਾਮ 7 ਵਜੇ ਤੋਂ ਸਵੇਰ 7 ਵਜੇ ਤੱਕ ਕਰਫਿਊ ਰਹੇਗਾ ਲਾਗੂ
ਅੰਮ੍ਰਿਤਸਰ, 18 ਮਈ: ਜਿਲਾ ਮੈਜਿਸਟਰੇਟ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਅਤੇ ਪੰਜਾਬ ਦੇ ਗ੍ਰਹਿ ਅਤੇ ਨਿਆਂ ਵਿਭਾਗ ਤੋਂ ਪ੍ਰਾਪਤ ਹੋਈਆਂ ਹਦਾਇਤਾਂ ਉਤੇ ਅਮਲ ਕਰਦੇ ਹੋਏ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਜਿਲੇ ਵਿਚ 23 ਮਾਰਚ ਤੋਂ ਲੱਗਿਆ ਹੋਇਆ ਰਾਤ-ਦਿਨ ਦਾ ਕਰਫਿਊ ਹਟਾਉਣ ਦਾ ਐਲਾਨ ਕਰਦੇ ਹੋਏ ਅਗਲੇ ਹੁਕਮਾਂ ਤੱਕ ਲਾਕ-ਡਾਊਨ ਦਾ ਐਲਾਨ ਕੀਤਾ ਹੈ। ਅੱਜ ਤੋਂ ਰਾਤ ਦਾ ਕਰਫਿਊ ਭਾਵ ਸ਼ਾਮ 7 ਵਜੇ ਤੋਂ ਸਵੇਰ 7 ਵਜੇ ਤੱਕ ਦਾ ਕਰਫਿਊ ਲਾਗੂ ਰਹੇਗਾ ਅਤੇ ਕੋਈ ਵੀ ਵਿਅਕਤੀ ਬਿਨਾਂ ਜ਼ਰੂਰੀ ਕੰਮ ਤੋਂ ਘਰੋਂ ਬਾਹਰ ਨਹੀਂ ਜਾ ਸਕੇਗਾ। ਹੁਣ ਦਿਨ ਦੇ ਸਮੇਂ ਲੋਕ ਆਪਣੇ ਕੰਮ-ਕਾਰ, ਦਫਤਰਾਂ ਨੂੰ ਬਿਨਾਂ ਕਿਸੇ ਕਰਫਿਊ ਪਾਸ ਦੇ ਆ-ਜਾ ਸਕਦੇ ਹਨ। 65 ਸਾਲ ਤੋਂ ਉਪਰ ਦੇ ਵਡੇਰੀ ਉਮਰ ਦੇ ਲੋਕ, ਗਰਭਵਤੀ ਮਹਿਲਾਵਾਂ, 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਬਿਨਾਂ ਕਿਸੇ ਅਤੀ ਜ਼ਰੂਰੀ ਕੰਮ ਦੇ ਘਰੋਂ ਬਾਹਰ ਆਉਣ ਦੇ ਰੋਕ ਰਹੇਗੀ। ਕਿਸੇ ਮੰਦਭਾਗੀ ਘਟਨਾ ਭਾਵ ਮੌਤ ਦੀ ਸੂਰਤ ਵਿਚ ਅੰਤਿਮ ਸੰਸਕਾਰ ਲਈ ਵੱਧ ਤੋਂ ਵੱਧ 20 ਅਤੇ ਵਿਆਹ ਸਮਾਗਮ ਲਈ ਲਾੜੇ-ਲਾੜੀ ਸਮੇਤ 50 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਦੀ ਮਨਾਹੀ ਰਹੇਗੀ।
ਲਾਕ-ਡਾਊਨ ਦੌਰਾਨ ਸਮਾਨ ਢੋਹਣ ਵਾਲੇ ਵਹੀਕਲਾਂ, ਡਾਕਟਰੀ ਪੇਸ਼ੇ ਨਾਲ ਜੁੜੇ ਲੋਕਾਂ ਜਿੰਨਾਂ ਵਿਚ ਡਾਕਟਰ, ਸਟਾਫ ਨਰਸ, ਪੈਰਾ ਮੈਡੀਕਲ ਸਟਾਫ, ਐਬੂਲੈਂਸ, ਪੁਲਿਸ, ਡਿਊਟੀ ਮੈਜਿਸਟਰੇਟ ਅਤੇ ਉਨਾਂ ਦੇ ਸਟਾਫ, ਅੱਗ ਬੁਝਾਊ ਗੱਡੀਆਂ, ਬਿਜਲੀ, ਸਫਾਈ ਤੇ ਪਾਣੀ ਆਦਿ ਜ਼ਰੂਰੀ ਸਹੂਲਤਾਂ ਲਈ ਜਾਂਦੇ ਲੋਕਾਂ ਨੂੰ ਦਿਨ-ਰਾਤ ਦੀ ਕੋਈ ਮਨਾਹੀ ਨਹੀਂ ਹੋਵੇਗੀ। ਚਾਰ ਪਹੀਆ ਵਾਹਨ, ਮੋਟਰ ਸਾਈਕਲ, ਸਕੂਟਰ, ਸਾਈਕਲ, ਟੈਕਸੀ, ਰਿਕਸ਼ਾ, ਕੈਬ, ਆਟੋ ਰਿਕਸ਼ਾ ਕੇਵਲ ਸਵੇਰ 7 ਤੋਂ ਸ਼ਾਮ 7 ਵਜੇ ਤੱਕ ਹੀ ਚੱਲ ਸਕਣਗੇ। ਚਾਰ ਪਹੀਆ ਵਾਹਨ ਤੇ ਥ੍ਰੀਵੀਲਰ ਵਿਚ ਡਰਾਈਵਰ ਤੋਂ ਇਲਾਵਾ 2 ਵਿਅਕਤੀ ਹੋਰ ਅਤੇ ਮੋਟਰ ਸਾਈਕਲ ਤੇ ਸਕੂਟਰ ਆਦਿ ਉਤੇ ਕੇਵਲ ਚਲਾਉਣ ਵਾਲਾ ਹੀ ਸਫਰ ਕਰ ਸਕੇਗਾ। ਕਾਰ ਪੂਲਿੰਗ, ਟੈਕਸੀ ਜਾਂ ਕੈਬ ਨੂੰ ਸਾਂਝੇ ਤੌਰ ਉਤੇ ਵਰਤਣ ਦੀ ਸਖਤ ਮਨਾਹੀ ਹੈ। ਇਸ ਤੋਂ ਇਲਾਵਾ ਰਾਜ ਆਵਾਜਾਈ ਵਿਭਾਗ ਵੱਲੋਂ ਸਮੇਂ-ਸਮੇਂ ਜਾਰੀ ਸਲਾਹ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ।
ਸ਼ਹਿਰ ਦੇ ਦਿਹਾਤੀ ਖੇਤਰ ਵਿਚ ਸਾਰੀਆਂ ਦੁਕਾਨਾਂ ਸਮੇਤ ਵੱਡੇ ਬਾਜ਼ਾਰਾਂ ਦੇ ਖੋਲਣ ਦੀ ਆਗਿਆ ਸਵੇਰ 7 ਵਜੇ ਤੋਂ ਸ਼ਾਮ 6 ਵਜੇ ਤੱਕ ਦਿੱਤੀ ਗਈ ਹੈ, ਪਰ ਸ਼ਾਪਿੰਗ ਮਾਲ ਨਹੀਂ ਖੁੱਲ ਸਕਣਗੇ, ਬਸ਼ਰਤੇ ਕਿ ਉਥੇ ਭੀੜ ਇਕੱਠੀ ਨਾ ਹੋਵੇ ਤੇ ਨਾ ਹੀ ਆਪਸੀ ਦੂਰੀ ਸਬੰਧੀ ਦਿੱਤੀ ਹਦਾਇਤ ਦੀ ਅਵੱਗਿਆ ਹੋਵੇ। ਸਬੰਧਤ ਐਸ ਡੀ ਐਮ ਅਤੇ ਡੀ ਸੀ ਪੀ ਆਪਣੇ ਇਲਾਕੇ ਦੇ ਹਲਾਤਾਂ ਅਨੁਸਾਰ ਇਸ ਵਿਚ ਬਦਲਾਅ ਵੀ ਕਰ ਸਕਣਗੇ। ਰੈਸਟੋਰੈਂਟ ਅਤੇ ਹੋਰ ਖਾਣ-ਪੀਣ ਵਾਲੀਆਂ ਦੁਕਾਨਾਂ ਕੇਵਲ ਹੋਮ ਡਿਲਵਰੀ ਲਈ ਖੁੱਲ ਸਕਣਗੀਆਂ, ਕਿਸੇ ਨੂੰ ਵੀ ਉਥੇ ਖਾਣਾ ਪਰੋਸਣ ਦੀ ਆਗਿਆ ਨਹੀਂ ਹੈ। ਸੈਲੂਨ ਤੇ ਨਾਈ ਦੀਆਂ ਦੁਕਾਨਾਂ ਕੇਵਲ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਖੁੱਲ ਸਕਦੀਆਂ ਹਨ। ਬਿਜਲੀ, ਪਲੰਬਰ, ਵਰਕਸ਼ਾਪ, ਸਰਵਿਸ ਸਟੇਸ਼ਨ, ਆਈ ਟੀ ਸਬੰਧੀ ਸੇਵਾਵਾਂ ਦੇਣ ਵਾਲੀਆਂ ਦੁਕਾਨਾਂ ਵੀ ਖੋਲਣ ਦੀ ਆਗਿਆ ਦੇ ਦਿੱਤੀ ਗਈ ਹੈ। ਹਰੇਕ ਤਰਾਂ ਦੀ ਡਿਲਵਰੀ ਲਈ ਈ-ਕਮਰਸ ਸੇਵਾ ਕੀਤੀ ਜਾ ਸਕੇਗੀ।
ਇਸ ਤੋਂ ਇਲਾਵਾ ਪਿੰਡਾਂ ਤੇ ਸ਼ਹਿਰਾਂ ਵਿਚ ਹਰੇਕ ਤਰਾਂ ਦੇ ਉਦਯੋਗ, ਉਸਾਰੀ ਦਾ ਕੰਮ, ਖੇਤੀਬਾੜੀ ਤੇ ਸਹਾਇਕ ਧੰਦੇ, ਖੇਡ ਸਟੇਡੀਅਮ ਆਦਿ ਨੂੰ ਵੀ ਖੋਲਣ ਦੀ ਆਗਿਆ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਾਰੇ ਸਰਕਾਰੀ ਤੇ ਨਿੱਜੀ ਦਫਤਰ 50 ਫੀਸਦੀ ਸਟਾਫ ਨਾਲ (ਐਮਰਜੈਂਸੀ, ਜਰੂਰੀ ਤੇ ਕੋਵਿਡ 19 ਨਾਲ ਸਬੰਧਤ ਡਿਊਟੀ ਨੂੰ ਛੱਡਕੇ) ਖੋਲੇ ਜਾ ਸਕਦੇ ਹਨ, ਪਰ ਉਥੇ ਭੀੜ ਇਕੱਠੀ ਕਰਨ ਦੀ ਮਨਾਹੀ ਰਹੇਗੀ। ਬੈਂਕ ਵੀ ਸਵੇਰੇ 9 ਵਜੇ ਤੋਂ ਦੁਪਿਹਰ ਇਕ ਵਜੇ ਤੱਕ ਲੋਕਾਂ ਲਈ ਖੁੱਲੇ ਰਹਿਣਗੇ। ਭੀੜ ਵਾਲੇ ਦਫਤਰਾਂ ਵਿਚ ਭੀੜ ਕੰਟਰੋਲ ਲਈ ਨਿਸ਼ਾਨੀ ਲਗਾਉਣ ਤੇ ਹੋਰ ਸਾਵਧਾਨੀ ਅਪਨਾਉਣਾ ਜਰੂਰੀ ਹੋਵੇਗਾ। ਹਰੇਕ ਸਥਾਨ ਉਤੇ 6 ਫੁੱਟ ਦੀ ਦੂਰੀ ਤੇ ਮਾਸਕ ਪਾਉਣਾ ਅਤਿ ਜਰੂਰੀ ਹੋਵੇਗਾ। ਵਾਇਰਸ ਦੇ ਕਾਰਨ ਐਲਾਨੇ ਕੰਟੋਨਮੈਂਟ ਖੇਤਰਾਂ ਵਿਚ ਇਹ ਹੁਕਮ ਲਾਗੂ ਨਹੀਂ ਹੋਣਗੇ ਅਤੇ ਉਥੇ ਕੋਈ ਛੋਟ ਨਹੀਂ ਦਿੱਤੀ ਗਈ।
ਸਕੂਲ, ਕਾਲਜ, ਸਿੱਖਿਆ ਸੰਸਥਾਵਾਂ, ਟਿਊਸ਼ਨ ਸੈਂਟਰ, ਕੋਚਿੰਗ ਕੇਂਦਰ ਨਹੀਂ ਖੋਲੇ ਜਾ ਸਕਣਗੇ ਅਤੇ ਇਹ ਕੇਵਲ 33 ਫੀਸਦੀ ਸਟਾਫ ਨਾਲ ਆਪਣੇ ਦਫਤਰੀ ਕੰਮ ਹੀ ਕਰਨਗੇ। ਹੋਟਲ, ਰੈਸਟੋਰੈਂਟ ਅਤੇ ਹੋਰ ਅਜਿਹੀਆਂ ਸੇਵਾਵਾਂ ਦੇਣ ਵਾਲੇ ਅਦਾਰੇ ਨਹੀਂ ਖੋਲੇ ਜਾ ਸਕਣਗੇ। ਕੇਵਲ ਸਰਕਾਰ ਵੱਲੋਂ ਇਕਾਂਤਵਾਸ ਤੇ ਹੋਰ ਜ਼ਰੂਰੀ ਸੇਵਾਵਾਂ ਲਈ ਲਈਆਂ ਅਜਿਹੀਆਂ ਥਾਵਾਂ ਤੇ ਉਹ ਰੈਸਟੋਰੈਂਟ, ਜਿੰਨਾ ਨੂੰ ਹੋਮ ਡਿਲਵਰੀ ਲਈ ਆਗਿਆ ਪਹਿਲਾਂ ਤੋਂ ਦਿੱਤੀ ਗਈ ਹੈ, ਉਹ ਹੀ ਖੁੱਲੇ ਰਹਿਣਗੇ। ਸਿਨੇਮਾ ਘਰ, ਜਿੰਮ, ਸ਼ਾਪਿੰਗ ਮਾਲ, ਸਵਿਮਿੰਗ ਪੂਲ, ਜਿੰਮਨੇਜ਼ੀਅਮ ਹਾਲ, ਸਪਾ, ਇੰਟਰਟੇਨਮੈਂਟ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਅਸੈਬਲੀ ਹਾਲ ਤੇ ਹੋਰ ਅਜਿਹੇ ਅਦਾਰੇ ਨਹੀਂ ਖੋਲੇ ਜਾ ਸਕਣਗੇ। ਕਿਸੇ ਵੀ ਤਰਾਂ ਦੀ ਧਾਰਮਿਕ, ਸਮਾਜਿਕ, ਰਾਜਸੀ, ਖੇਡ, ਸਭਿਆਚਾਰਕ ਗਤੀਵਿਧੀ ਜਿਸ ਵਿਚ ਭੀੜ ਇਕੱਠੀ ਹੋਣੀ ਹੋਵੇ ਉਤੇ ਸਖਤੀ ਨਾਲ ਪਾਬੰਦੀ ਰਹੇਗੀ।