Uncategorized
ਵਿਆਹੁਤਾ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਮਾਪਿਆਂ ਨੇ ਸਹੁਰਿਆਂ ‘ਤੇ ਲਾਏ ਦੋਸ਼

ਸੇਖਾ ਰੋਡ ਗਲੀ ਵਿੱਚ 5 ਨੰਬਰ ਵਿੱਚ ਇੱਕ ਵਿਆਹੁਤਾ ਦੀ ਭੇਤਭਰੀ ਹਾਲਤ ਵਿੱਚ ਮੌਤ ਹੋਣ ਦੀ ਸੂਚਨਾ ਹੈ। ਕੁੜੀ ਦੇ ਪੇਕੇ ਪਰਿਵਾਰ ਨੇ ਸਹੁਰਾ ਪਰਿਵਾਰ ‘ਤੇ ਚੰਚਲ ਗਰਗ ਨੂੰ ਕਤਲ ਕਰਨ ਦੇ ਦੋਸ਼ ਲਾਏ ਹਨ। ਮੌਕੇ ‘ਤੇ ਪੁੱਜੀ ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ। 30 ਸਾਲਾ ਚੰਚਲ ਗਰਗ ਆਪਣੇ ਪਿੱਛੇ ਦੋ ਮਾਸੂਮ ਬੱਚਿਆਂ ਨੂੰ ਛੱਡ ਗਈ ਹੈ। ਮਾਮਲੇ ਬਾਰੇ ਮ੍ਰਿਤਕ ਦੇ ਪੇਕੇ ਪਰਿਵਾਰ ਮਾਤਾ ਵੀਰਾ ਗੁਪਤਾ ਅਤੇ ਭਰਾ ਕ੍ਰਿਸ਼ਨ ਗੁਪਤਾ ਨੇ ਕਿਹਾ ਕਿ 6 ਸਾਲ ਪਹਿਲਾਂ ਚੰਚਲ ਦਾ ਵਿਆਹ ਬਰਨਾਲਾ ਦੀ ਸੇਖਾ ਰੋਡ ਗਲੀ ਨੰਬਰ 5 ਵਿੱਚ ਰਹਿ ਰਹੇ ਪਰਿਵਾਰ ਵਿੱਚ ਕੀਤਾ ਗਿਆ ਸੀ।
ਪਰਿਵਾਰਕ ਮੈਂਬਰਾਂ ਨੇ ਚੰਚਲ ਦੀ ਮੌਤ ਨੂੰ ਲੈ ਕੇ ਇਨਸਾਫ਼ ਦੀ ਮੰਗ ਕਰਦਿਆਂ ਮੁੰਡੇ ਪਰਿਵਾਰ ‘ਤੇ ਦੋਸ਼ ਲਾਇਆ ਕਿ ਸਹੁਰਾ ਪਰਿਵਾਰ ਰੋਜ਼ ਉਨ੍ਹਾਂ ਦੀ ਧੀ ਦੀ ਕੁੱਟਮਾਰ ਕਰਦਾ ਸੀ ਅਤੇ ਅੱਜ ਉਸ ਨੂੰ ਮਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੰਚਲ ਨੇ ਕੁੱਟਮਾਰ ਬਾਰੇ ਫੋਨ ‘ਤੇ ਵੀ ਉਨ੍ਹਾਂ ਨੂੰ ਦੱਸਿਆ ਸੀ। ਉਨ੍ਹਾਂ ਕਿਹਾ ਕਿ ਚੰਚਲ ਦੀ ਮੌਤ ਬਾਰੇ ਵੀ ਉਨ੍ਹਾਂ ਨੂੰ ਕਿਸੇ ਨੇ ਨਹੀਂ ਦੱਸਿਆ, ਗੁਆਂਢੀ ਤੋਂ ਪਤਾ ਲੱਗਿਆ ਤਾਂ ਉਹ ਬਰਨਾਲਾ ਇਥੇ ਪੁੱਜੇ ਹਨ। ਉਧਰ, ਮੌਕੇ ‘ਤੇ ਪੁੱਜੀ ਪੁਲਿਸ ਨੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੋਸਟ ਮਾਰਟਮ ਲਈ ਬਰਨਾਲਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਮਾਮਲੇ ਬਾਰੇ ਗੱਲਬਾਤ ਕਰਦਿਆਂ ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਕਿਹਾ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ, ਬਾਕੀ ਪੋਸਟਮਾਰਟਮ ਰਿਪੋਰਟ ਆਉਣ ‘ਤੇ ਹੀ ਕੁੱਝ ਕਿਹਾ ਜਾ ਸਕਦਾ ਹੈ।