Connect with us

Punjab

ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਪਰਿਵਾਰ ਪਾਸੋਂ ਮੰਗੀ 10 ਖੋਖੇ ਫਿਰੋਤੀ

Published

on

ਤਰਨਤਾਰਨ 29 ਮਾਰਚ 2024: ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੰਗਤਪੁਰਾ ਨਿਵਾਸੀ ਇੱਕ ਪਰਿਵਾਰ ਪਾਸੋਂ ਵਿਦੇਸ਼ ਵਿੱਚ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਵੱਲੋਂ ਵਾਰ-ਵਾਰ ਫੋਨ ਕਰਕੇ 10 ਖੋਖੇ ਦੀ ਫਿਰੋਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਸਬੰਧੀ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਲਖਬੀਰ ਸਿੰਘ ਉਰਫ ਲੰਡਾ ਖਿਲਾਫ ਮਾਮਲਾ ਦਰਜ ਕਰਦੇ ਹੋਏ ਪੀੜਤ ਪਰਿਵਾਰ ਨੂੰ ਸੁਰੱਖਿਆ ਦੇਣ ਸਬੰਧੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਕਯੋਗ ਹੈ ਕੀ ਜ਼ਿਲ੍ਹੇ ਅੰਦਰ ਫਿਰੌਤੀ ਮੰਗਣ ਦੇ ਮਾਮਲੇ ਦਿਨ ਬਾਅਦ ਦਿਨ ਵੱਧ ਰਹੇ ਹਨ। ਜਿਸ ਨੂੰ ਹੱਲ ਕਰਨ ਵਿੱਚ ਪੁਲਿਸ ਨਾਕਾਮ ਸਾਬਤ ਹੋ ਰਹੀ ਹੈ ਜਿਸ ਦੇ ਚਲਦਿਆਂ ਪਰਿਵਾਰਾਂ ਵਿੱਚ ਸਹਿਮ ਭਰਿਆ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਅਤੇ ਹੁਣ ਫਿਰੌਤੀ ਦੀ ਰਕਮ ਲੱਖਾਂ ਤੋਂ ਕਰੋੜਾਂ ਵਿੱਚ ਮੰਗਣੀ ਸ਼ੁਰੂ ਕਰ ਦਿੱਤੀ ਗਈ ਹੈ।

ਗੁਰਦੇਵ ਸਿੰਘ ਉਰਫ ਮਿੱਠੂ ਪੁੱਤਰ ਅਜੀਤ ਸਿੰਘ ਵਾਸੀ ਸੰਗਤਪੁਰ ਨੇ ਜ਼ਿਲ੍ਹੇ ਦੇ ਐਸਐਸਪੀ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਇਸ ਦੇ ਨਾਲ ਕਸਬਾ ਚੋਲਾ ਸਾਹਿਬ ਵਿਖੇ ਰੋਹਬ ਕਲੈਕਸ਼ਨ ਨਾਮ ਦੀ ਦੁਕਾਨ ਚਲਾਉਂਦਾ ਹੈ ਅਤੇ ਉਹਨਾਂ ਦੇ ਗੁਜਰਾਤ ਵਿੱਚ ਰੈਸਟੋਰੈਂਟ ਵੀ ਹਨ ਜਿਸ ਦੀ ਦੇਖਭਾਲ ਉਸਦਾ ਭਰਾ ਲਖਵਿੰਦਰ ਸਿੰਘ ਉਰਫ ਲੱਖਾ ਕਰਦਾ ਹੈ। ਗੁਰਦੇਵ ਸਿੰਘ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਬੀਤੀ 9 ਮਾਰਚ ਦੀ ਦੁਪਹਿਰ ਕਰੀਬ 3:30 ਵਜੇ ਜਦੋਂ ਉਹ ਆਪਣੇ ਪਿੰਡ ਮੋਟਰ ਉੱਪਰ ਮੌਜੂਦ ਸੀ ਤਾਂ ਉਸਦੇ ਮੋਬਾਈਲ ਨੰਬਰ ਉੱਪਰ ਵਿਦੇਸ਼ੀ ਨੰਬਰ ਤੋਂ ਵਟਸਐਪ ਰਾਹੀਂ ਇੱਕ ਕਾਲ ਆਈ ਜਿਸ ਨੂੰ ਚੁੱਕਣ ਤੇ ਸੰਬੰਧਿਤ ਵਿਅਕਤੀ ਨੇ ਆਪਣਾ ਨਾਮ ਲਖਬੀਰ ਸਿੰਘ ਉਰਫ ਲੰਡਾ ਦੱਸਦੇ ਹੋਏ 10 ਲੱਖ ਰੁਪਏ ਦੀ ਫਿਰੌਤੀ ਮੰਗਣੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਉਸ ਨੇ ਫੋਨ ਬੰਦ ਕਰ ਦਿੱਤਾ।

ਇਸ ਦੌਰਾਨ ਲਖਬੀਰ ਸਿੰਘ ਲੰਡਾ ਵੱਲੋਂ ਗੁਰਦੇਵ ਸਿੰਘ ਅਤੇ ਉਸ ਦੇ ਭਰਾ ਲਖਵਿੰਦਰ ਸਿੰਘ ਨੂੰ ਵਟਸਐਪ ਰਾਹੀਂ ਵਾਇਸ ਮੈਸੇਜ ਭੇਜੇ ਗਏ ਜਿਸ ਵਿੱਚ ਉਸਦੀ ਆਵਾਜ਼ ਨੂੰ ਮਿਲਾਉਂਦੇ ਹੋਏ ਯਕੀਨ ਦਵਾਉਣ ਦੀ ਗੱਲ ਵੀ ਕਹੀ ਗਈ। ਇਸ ਦੌਰਾਨ ਲਖਬੀਰ ਸਿੰਘ ਨੇ ਉਸ ਦਾ ਫੋਨ ਕੱਟਣ ਦੌਰਾਨ ਕਈ ਤਰ੍ਹਾਂ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਿਹਾ ਕਿ ਜੇ ਤੁਸੀਂ ਪੁਲਿਸ ਕੋਲ ਗਏ ਤਾਂ ਤੁਹਾਡੇ ਪਰਿਵਾਰ ਨੂੰ ਜਾਨੋ ਮਾਰ ਦਿਆਂਗਾ।

ਗੁਰਦੇਵ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਲੰਡਾ ਦੇ ਕਾਫੀ ਤਰਲੇ ਮਿਨਤਾਂ ਕੀਤੇ ਗਏ। ਕਿ ਉਹਨਾਂ ਪਾਸ ਕੋਈ ਵੀ ਪੈਸੇ ਦੇਣ ਯੋਗ ਨਹੀਂ ਹਨ ਪਰੰਤੂ ਲੰਡੇ ਵੱਲੋਂ ਵਾਰ-ਵਾਰ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਲਖਬੀਰ ਸਿੰਘ ਲੰਡਾ ਵੱਲੋਂ ਧਮਕੀ ਭਰੇ ਸੰਦੇਸ਼ ਵਿੱਚ ਇਹ ਵੀ ਕਿਹਾ ਗਿਆ ਕਿ ਤੁਸੀਂ ਆਪਣਾ ਬਚਾਓ ਕਰ ਲਓ ਅਤੇ ਆਪਣੇ ਭਣੇਵੇਂ ਨੂੰ ਵੀ ਭੋਰੇ ਵਿੱਚ ਭੇਜ ਦਿਓ ਨਹੀਂ ਤਾਂ ਇਸ ਦਾ ਅੰਜਾਮ ਬੁਰਾ ਹੋਵੇਗਾ। ਅਖੀਰ ਵਿੱਚ ਆਏ ਫੋਨ ਕਾਲ ਦੌਰਾਨ ਕਿਹਾ ਕਿ ਉਸ ਨੂੰ ਦਸ ਖੋਖੇ ਚਾਹੀਦੇ ਹਨ ਅਤੇ ਮੈਂ ਆਪਣੇ ਛਿੱਤਰ ਦੇ ਜ਼ੋਰ ਤੇ ਲੈਣੇ ਹਨ ਤੁਸੀਂ ਆਪਣੇ ਜੋਰ ਲਾ ਲਵੋ ਮੈਂ ਆਪਣਾ ਜ਼ੋਰ ਲਾ ਲੈਂਦਾ ਹਾਂ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਐਸ.ਪੀ ਇਨਵੈਸਟੀਗੇਸ਼ਨ ਅਜੇ ਰਾਜ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਗੁਰਦੇਵ ਸਿੰਘ ਉਰਫ ਮਿੱਠੂ ਦੇ ਬਿਆਨਾਂ ਹੇਠ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਪੁੱਤਰ ਨਿਰੰਜਨ ਸਿੰਘ ਵਾਸੀ ਹਰੀਕੇ ਖਿਲਾਫ ਮਾਮਲਾ ਦਰਜ ਕਰਦੇ ਹੋਏ ਪਰਿਵਾਰ ਨੂੰ ਸੁਰੱਖਿਆ ਦੇਣ ਸਬੰਧੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।