Connect with us

Corona Virus

ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਹਸਪਤਾਲਾਂ ਦਾ ਨਾਂ ‘ਮਾਈ ਦੌਲਤਾਂ ਹਸਪਤਾਲ’ ਰੱਖਣ ਦਾ ਫੈਸਲਾ

Published

on

ਚੰਡੀਗੜ, 6 ਜੁਲਾਈ : ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ 37 ਜੱਚਾ-ਬੱਚਾ ਹਸਪਤਾਲਾਂ ਦਾ ਨਾਮ ਪਹਿਲੀ ਪਾਤਸ਼ਾਹੀ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਸਾਂਭ ਸੰਭਾਲ ਕਰਨ ਵਾਲੇ ਦਾਈ ਮਾਈ ਦੌਲਤਾਂ ਦੇ ਨਾਮ ਉੱਤੇ ‘ਮਾਈ ਦੌਲਤਾਂ ਜੱਚਾ-ਬੱਚਾ ਹਸਪਤਾਲ’ ਰੱਖਣ ਦਾ ਫੈਸਲਾ ਕੀਤਾ ਹੈ।
ਸੂਬੇ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਦਾ ਇਹ ਵਿਲੱਖਣ ਕਦਮ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਵਰੇ ਵਿਚ ਦਾਈ ਮਾਈ ਦੌਲਤਾਂ ਨੂੰ ਢੁੱਕਵੀਂ ਸ਼ਰਧਾਂਜਲੀ ਹੋਵੇਗਾ। ਉਹਨਾਂ ਕਿਹਾ ਕਿ ਮਾਈ ਦੌਲਤਾਂ ਉਹ ਭਾਗਸ਼ਾਲੀ ਇਨਸਾਨ ਸਨ ਜਿਨਾਂ ਨੂੰ ਜਗਤ ਗੁਰੂ ਨਾਨਕ ਦੇਵ ਜੀ ਦੇ ਸੱਭ ਤੋਂ ਪਹਿਲਾਂ ਦਰਸ਼ਨ ਕਰਨੇ ਨਸੀਬ ਹੋਏ ਸਨ। ਸਿਹਤ ਮੰਤਰੀ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਾਕ ਦੇਵ ਜੀ ਦੀ ਆਯੂ ਦੇ ਮੁੱਢਲੇ ਕੁਝ ਮਹੀਨਿਆਂ ਵਿਚ ਮਾਈ ਦੌਲਤਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਸ ਨੂੰ ਪਛਾਣਦਿਆਂ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਵਿਭਾਗ ਦੇ ਸਿਖ਼ਲਾਈ ਯਾਫ਼ਤਾ ਸਟਾਫ ਨਰਸਾਂ, ਏ.ਐਨ.ਐਮ. ਹੋਰ ਸਟਾਫ ਵਲੋਂ ਨਿਭਾਏ ਜਾ ਰਹੇ ਬਹੁਤ ਹੀ ਮਹੱਤਵਪੂਰਨ ਕਾਰਜ ਨੂੰ ਵੀ ਢੁੱਕਵੀਂ ਮਾਨਤਾ ਮਿਲੇਗੀ ਅਤੇ ਉਹ ਹੋਰ ਵੀ ਹੌਸਲੇ, ਉਤਸ਼ਾਹ ਅਤੇ ਤਨਦੇਹੀ ਨਾਲ ਕੰਮ ਕਰਨਗੇ।


ਸਿੱਧੂ ਨੇ ਦਸਿਆ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਵਲੋਂ ਇਸ ਸਬੰਧੀ ਭੇਜੀ ਗਈ ਤਜਵੀਜ਼ ਨੂੰ ਪ੍ਰਵਾਨ ਕਰਦਿਆਂ ਕਿਹਾ ਹੈ ਕਿ ਪੰਜਾਬ ਵਿਚ ਬਣਾਏ ਜਾ ਰਹੇ ‘ਮਾਈ ਦੌਲਤਾਂ ਜੱਚਾ-ਬੱਚਾ ਹਸਪਤਾਲ’ ਮਾਵਾਂ ਅਤੇ ਉਹਨਾਂ ਦੇ ਨਵਜਾਤ ਬੱਚਿਆਂ ਦੀ ਸਿਹਤ ਅਤੇ ਸਾਂਭ-ਸੰਭਾਲ ਦੇ ਖੇਤਰ ਵਿਚ ਨਵਾਂ ਮੀਲ ਪੱਥਰ ਸਿੱਧ ਹੋਣਗੇ। ਮੁੱਖ ਮੰਤਰੀ ਪੰਜਾਬ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਇਹਨਾਂ ਹਸਪਤਾਲਾਂ ਦੀ ਉਸਾਰੀ ਅਤੇ ਕਾਰਜ ਕੁਸ਼ਲਤਾ ਸਬੰਧੀ ਸਮੇਂ ਸਮੇਂ ਉੱਤੇ ਸਮੀਖਿਆ ਕੀਤੀ ਜਾਵੇ ਤਾਂ ਕਿ ਮਿੱਥੇ ਗਏ ਟੀਚੇ ਹਾਸਲ ਕੀਤੇ ਜਾ ਸਕਣ।
ਸਿਹਤ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਸ਼ੁਰੂ ਕੀਤੇ ਗਏ ਇਸ ਪ੍ਰਾਜੈਕਟ ਤਹਿਤ ਸੂਬੇ ਵਿਚ ਕੁਲ ਬਣਨ ਵਾਲੇ 37 ‘ਮਾਈ ਦੌਲਤਾਂ ਜੱਚਾ-ਬੱਚਾ ਹਸਪਤਾਲ’ ਵਿਚੋਂ 26 ਪਹਿਲਾਂ ਹੀ ਮੁਕੰਮਲ ਹੋ ਚੁੱਕੇ ਹਨ ਜਦੋਂ ਕਿ ਬਾਕੀ ਰਹਿੰਦੇ ਹਸਪਤਾਲ ਵੀ ਇਕ ਸਾਲ ਦੌਰਾਨ ਮੁਕੰਮਲ ਹੋ ਜਾਣਗੇ।
ਉਹਨਾਂ ਕਿਹਾ ਕਿ ਸਾਲ 2017 ਤੋਂ ਬਾਅਦ ਲਗਭਗ 39.50 ਕਰੋੜ ਰੁਪਏ ਦੀ ਲਾਗਤ ਨਾਲ 9 ਜੱਚਾ-ਬੱਚਾ ਹਸਪਤਾਲ ਦੀ ਉਸਾਰੀ ਮੁਕਮੰਲ ਕੀਤੀ ਗਈ ਹੈ। (ਦਸੂਹਾ, ਸਮਾਣਾ, ਮਲੇਰਕੋਟਲਾ, ਖੰਨਾ, ਤਰਨ ਤਾਰਨ, ਪਠਾਨਕੋਟ, ਫਤਿਹਗੜ ਚੂੜੀਆਂ, ਭਾਮ ਅਤੇ ਰਾਜਪੁਰਾ) ਅਤੇ ਲਗਭਗ 73 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੰਗਰੂਰ, ਨਕੋਦਰ, ਮੋਗਾ, ਫਤਿਹਗੜ ਸਾਹਿਬ, ਗੋਨਿਆਣਾ, ਮਲੋਟ, ਗਿੱਦੜਬਾਹਾ, ਫਗਵਾੜਾ, ਖਰੜ, ਬੁੱਢਲਾਡਾ ਅਤੇ ਜਗਰਾਉਂ ਵਿਖੇ 11 ਮਾਈ ਦੌਲਤਾਂ ਜੱਚਾ-ਬੱਚਾ ਹਸਪਤਾਲ ਉਸਾਰੀ ਅਧੀਨ ਹਨ।