Punjab
ਉਪ ਮੁੱਖ ਮੰਤਰੀ ਸੋਨੀ ਨੇ ਸਿਵਲ ਹਸਪਤਾਲ, ਰੂਪਨਗਰ ਵਿਖੇ ਰੇਡਿਓ ਡਾਇਗਨੋਸਟਿਕ ਲੈਬਾਰੋਟਰੀ ਦਾ ਉਦਘਾਟਨ ਕੀਤਾ

ਚੰਡੀਗੜ/ਰੂਪਨਗਰ, :
ਉਪ ਮੁੱਖ ਮੰਤਰੀ ਸ਼੍ਰੀ ਓਮ ਪ੍ਰਕਾਸ਼ ਸੋਨੀ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਦੀ ਹਾਜ਼ਰੀ ਵਿਚ ਸਿਵਲ ਹਸਪਤਾਲ, ਰੂਪਨਗਰ ਵਿਖੇ ਰੇਡਿਓ ਡਾਇਗਨੋਸਟਿਕ ਫੈਸਿਲਟੀ ਦਾ ਉਦਘਾਟਨ ਕੀਤਾ।ਇਸ ਮੌਕੇ ਸ਼੍ਰੀ ਓ.ਪੀ. ਸੋਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਕਿ੍ਰਸਨਾ ਡਾਇਗਨੋਸਟਿਕ ਨਾਲ ਪਬਲਿਕ ਪ੍ਰਾਇਵੇਟ ਪਾਟਨਰਸ਼ਿਪ ਅਧੀਨ ਸਿਵਲ ਹਸਪਤਾਲ, ਰੂਪਨਗਰ ਵਿਖੇ 2.25 ਕਰੋੜ ਰੁਪਏ ਦੀ ਲਾਗਤ ਨਾਲ ਸੀ.ਟੀ. ਸਕੈਨ ਦੀ ਮਸ਼ੀਨ ਸਥਾਪਿਤ ਕੀਤੀ ਗਈ ਹੈ।ਜਿਸ ਨਾਲ ਮਰੀਜਾਂ ਨੂੰ ਬਜ਼ਾਰ ਨਾਲੋਂ ਕਈ ਗੁਣਾਂ ਸਸਤੇ ਰੇਟਾਂ ਤੇ ਆਪਣੇ ਹੀ ਸ਼ਹਿਰ ਵਿੱਚ ਲੋੜੀਂਦਾ ਟੈਸਟ ਸਹੂਲਤਾਂ ਮੁਹੱਈਆ ਹੋਣਗੀਆਂ।
ਉਨਾਂ ਕਿਹਾ ਕਿ ਮਰੀਜ਼ਾਂ ਨੂੰ ਤਕਰੀਬਨ 60 ਤੋਂ 70 ਫੀਸਦ ਤੱਕ ਸਸਤੇ ਰੇਟਾਂ ਉਤੇ ਮਰੀਜਾਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਜਦਕਿ ਹਸਪਤਾਲ ਵਿਚ ਪਹਿਲਾਂ ਤੋਂ ਚੱਲ ਰਹੀ ਸਰਕਾਰੀ ਲੈਬ ਵਿਚ ਵੀ ਟੈਸਟਿੰਗ ਸਹੂਲਤਾਂ ਚਲਦੀਆਂ ਰਹਿਣਗੀਆਂ।ਉਨਾਂ ਕਿਹਾ ਕਿ ਐਸ.ਏ.ਐਸ.ਨਗਰ ਮੋਹਾਲੀ ਵਿਖੇ ਸਟੇਟ ਰੈਫਰੈਂਸ ਲੈਬੋੋਰਟਰੀ ਵੀ ਸਥਾਪਿਤ ਕੀਤੀ ਗਈ ਹੈ।
ਉਪ ਮੁੱਖ ਮੰਤਰੀ ਨੇ ਰੇਡਿਓ ਡਾਇਗਨੋਸਟਿਕ ਫੈਸਿਲਟੀ ਸਬੰਧੀ ਹੋਰ ਵੇਰਵੇ ਦਿੰਦਿਆਂ ਦੱਸਿਆ ਕਿ ਪੰਜਾਬ ਰੇਡਿਓ ਡਾਇਗਨੋਸਟਿਕ ਪ੍ਰੋਜੈਕਟ ਅਧੀਨ ਤਕਰੀਬਨ 100 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ।ਜਿਸ ਦੇ ਅਧੀਨ ਪੰਜਾਬ ਦੇ 25 ਸ਼ਹਿਰਾਂ ਵਿੱਚ 06 ਐਮ ਆਰ ਆਈ ਮਸ਼ੀਨਾਂ ਅਤੇ 25 ਸੀ ਟੀ ਸਕੈਨ ਲਗਾਈਆਂ ਜਾ ਰਹੀਆਂ ਹਨ। ਰਾਜਪੁਰਾ, ਸ਼੍ਰੀ ਫਤਿਹਗੜ ਸਾਹਿਬ, ਰੋਪੜ ਵਿਖੇ ਇਸ ਰੇਡਿਓ ਡਾਇਗਨੋਸਟਿਕ ਪ੍ਰੋਜੈਕਟ ਦਾ ਉਦਘਾਟਨ ਕੀਤਾ ਜਾ ਰਿਹਾ ਹੈ।
ਓ. ਪੀ. ਸੋਨੀ ਨੇ ਦੱਸਿਆ ਕਿ ਇਸ ਤੋੋਂ ਇਲਾਵਾ ਪੰਜਾਬ ਦੇ 30 ਸ਼ਹਿਰਾਂ ਵਿੱਚ 25 ਕਰੋੜ ਰੁਪਏ ਦੀ ਲਾਗਤ ਨਾਲ ਇਕ ਹੋਰ ਲੈਬੋੋਰਟਰੀ ਡਾਇਗਨੋਸਟਿਕ ਪ੍ਰੋਜੈਕਟ ਵੀ ਚਾਲੂ ਕੀਤਾ ਜਾ ਰਿਹਾ ਹੈ। ਇਹ ਪ੍ਰੋਜੈਕਟ ਬਟਾਲਾ, ਰਾਜਪੁਰਾ ਅਤੇ ਮੋਹਾਲੀ ਵਿਖੇ ਸ਼ੁਰੂ ਕੀਤੇ ਜਾ ਚੁੱਕੇ ਹਨ। 30 ਸ਼ਹਿਰਾਂ ਵਿੱਚ 95 ਕੁਲੈਕਸ਼ਨ ਸੈਂਟਰ ਬਣਾਏ ਜਾਣਗੇ। ਉਨਾਂ ਕਿਹਾ ਕਿ ਲੈਬ ਟੈਸਟ ਬੜੀਆਂ ਕਿਫ਼ਾਇਤੀ ਦਰਾਂ ’ਤੇ ਮੁਹੱਈਆ ਕੀਤੇ ਜਾਣਗੇ ਅਤੇ ਕੁਲ ਮਰੀਜ਼ਾਂ ਵਿਚੋਂ 5 ਫੀਸਦੀ ਗਰੀਬ ਤੇ ਲੋੜਵੰਦ ਮਰੀਜ਼ਾਂ ਨੂੰ ਇਹ ਸਹੂਲਤ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਸਿਹਤ ਵਿਭਾਗ ਦੇ ਇਸ ਪ੍ਰੋਗਰਾਮ ਜ਼ਰੀਏ 750 ਨੌਜਵਾਨਾਂ ਲਈ ਨੌਕਰੀ ਦੇ ਰਾਹ ਖੁੱਲੇ ਹਨ, ਜਿਨਾਂ ਨੂੰ ਤਕਨੀਸ਼ੀਅਨ ਦੇ ਤੌਰ ’ਤੇ ਟਰੇਂਡ ਕੀਤਾ ਜਾਵੇਗਾ।
ਇਸ ਮੌਕੇ ਸਪੀਕਰ, ਪੰਜਾਬ ਵਿਧਾਨ ਸਭਾ ਰਾਣਾ ਕੇ.ਪੀ. ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਜ਼ਿਲਾ ਰੂਪਨਗਰ ਵਾਸੀਆਂ ਨੂੰ ਵਧੀਆ ਅਤੇ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਪੂਰਾ ਕਰਦੇ ਹੋਏ ਅੱਜ ਰੇਡਿਓ ਡਾਇਗਨੋਸਟਿਕ ਲੈਬਾਰੋਟਰੀ ਸੇਵਾ ਆਮ ਲੋਕਾਂ ਨੂੰ ਸਮਰਪਿਤ ਕੀਤੀ ਗਈ ਹੈ ਅਤੇ ਜਲਦ ਹੀ ਇਥੇ ਹੋਰ ਅਤਿ ਜ਼ਰੂਰੀ ਟੈਸਟ ਵੀ ਸ਼ੁਰੂ ਕੀਤੇ ਜਾਣਗੇ। ਉਨਾਂ ਕਿਹਾ ਕਿ ਆਧੁਨਿਕ ਸਿਟੀ ਸਕੈਨ ਮਸ਼ੀਨ ਦੁਆਰਾ ਲੋਕਾਂ ਨੂੰ ਸਿਵਲ ਹਸਪਤਾਲ ਵਿਚ ਹੀ ਸਹੂਲਤਾਂ ਮਿਲਣ ਨਾਲ ਵੱਡੀ ਰਾਹਤ ਮਿਲੀ ਹੈ।
ਇਸ ਮੌਕੇ ਐਮ.ਡੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਭੁਪਿੰਦਰ ਸਿੰਘ, ਡਿਪਟੀ ਕਮਿਸ਼ਨਰ ਸੋਨਾਲੀ ਗਿਰਿ, ਐਸ.ਐਸ. ਪੀ. ਵਿਵੇਕ ਐਸ ਸੋਨੀ, ਸਿਵਲ ਸਰਜਨ ਡਾ. ਪਰਮਿੰਦਰ ਸਿੰਘ, ਡਾਇਰੈਕਟਰ ਪ੍ਰੋਜੈਕਟ ਆਰ ਐਸ ਬਲ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।