Punjab
ਡਿਪਟੀ ਕਮਿਸ਼ਨਰ ਵੱਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ
ਪਟਿਆਲਾ, :
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਟਿਆਲਾ ਜ਼ਿਲ੍ਹੇ ਦੇ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਦਿਆਂ ਜ਼ਮੀਨਾਂ ਦੇ ਇੰਤਕਾਲ ਤੇ ਤਕਸੀਮਾਂ ਦੇ ਬਕਾਇਆ ਪਏ ਮਾਮਲਿਆਂ ਦਾ ਨਿਪਟਾਰਾ ਤੈਅ ਸਮੇਂ ਵਿੱਚ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਮਾਲ ਅਧਿਕਾਰੀਆਂ ਕੋਲ ਲੰਬਿਤ ਪਏ ਇੰਤਕਾਲ ਦੇ ਕੇਸਾਂ, ਜਮ੍ਹਾਂਬੰਦੀਆਂ ਦੀ ਵੈਲੀਡੇਸ਼ਨ, ਪੜਤਾਲਾਂ, ਸੀਨੀਅਰ ਸਿਟੀਜ਼ਨਜ਼ ਦੀਆਂ ਸ਼ਿਕਾਇਤਾਂ, ਪੈਮਾਇਸ਼ਾਂ, ਤਕਸੀਮਾਂ, ਭਾਰ-ਮੁਕਤ ਅਰਜ਼ੀਆਂ ਤੇ ਮਾਲੀਆ ਵਸੂਲੀਆਂ ਵੱਲ ਵਿਸ਼ੇਸ਼ ਧਿਆਨ ਦੇਣ ਲਈ ਆਖਿਆ। ਉਨ੍ਹਾਂ ਚੌਕੀਦਾਰ ਟੈਕਸ ਵਿੱਚ ਘਨੌਰ ਤੇ ਭਾਦਸੋਂ ਵੱਲੋਂ ਦਿਖਾਈ ਚੰਗੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਜਦਕਿ ਰਿਕਵਰੀ ਵਿਚ ਪਟਿਆਲਾ, ਰਾਜਪੁਰਾ, ਪਾਤੜਾਂ ਤੇ ਨਾਭਾ ਵੱਲੋਂ ਮਿੱਥੇ ਟੀਚੇ ਪੂਰੇ ਕਰਨ ‘ਤੇ ਸਰਾਹਨਾ ਕਰਦਿਆਂ ਹੋਰਨਾਂ ਅਧਿਕਾਰੀਆਂ ਨੂੰ ਵੀ ਕਾਰਗੁਜ਼ਾਰੀ ਵਿੱਚ ਸੁਧਾਰ ਲਿਆਉਣ ਲਈ ਕਿਹਾ। ਇਸ ਮੌਕੇ ਸਬ ਰਜਿਸਟਰਾਰ ਪਟਿਆਲਾ ਕਰੁਣ ਗੁਪਤਾ ਵੱਲੋਂ ਸਤੰਬਰ ਮਹੀਨੇ ਰਿਕਵਰੀ ਕੇਸਾਂ ਵਿੱਚ ਦਿਖਾਈ ਬਿਹਤਰ ਕਾਰਗੁਜ਼ਾਰੀ ਲਈ ਡਿਪਟੀ ਕਮਿਸ਼ਨਰ ਵੱਲੋਂ ਪ੍ਰਸ਼ੰਸਾ ਪੱਤਰ ਸੌਪਿਆ ਗਿਆ।
ਡਿਪਟੀ ਕਮਿਸ਼ਨਰ ਨੇ ਜਮਾਂਬੰਦੀ ਦੇ ਕੰਮ ਵਿਚ ਹੋਰ ਤੇਜ਼ੀ ਲਿਆਉਣ ਤੇ ਪੰਚਾਇਤੀ ਜ਼ਮੀਨਾਂ ਉਤੇ ਨਜਾਇਜ਼ ਕਬਜ਼ਿਆਂ ਨੂੰ ਛੁਡਾਉਣ ਲਈ ਕਰਵਾਈ ਹੋਰ ਤੇਜ਼ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਅਧਿਕਾਰੀ ਤੈਅ ਸਮੇਂ ਵਿੱਚ ਕੰਮਾਂ ਨੂੰ ਨੇਪਰੇ ਚਾੜ੍ਹਨ, ਤਾਂ ਜੋ ਬਕਾਇਆ ਪਏ ਮਾਮਲਿਆਂ ਨੂੰ ਘੱਟ ਕੀਤਾ ਜਾ ਸਕੇ। ਮੀਟਿੰਗ ਵਿੱਚ ਐਸ.ਡੀ.ਐਮ ਪਟਿਆਲਾ ਡਾ. ਇਸਮਿਤ ਵਿਜੈ ਸਿੰਘ, ਐਸ.ਡੀ.ਐਮ ਸਮਾਣਾ ਚਰਨਜੀਤ ਸਿੰਘ, ਐਸ.ਡੀ.ਐਮ ਰਾਜਪੁਰਾ ਸੰਜੀਵ ਕੁਮਾਰ, ਐਸ.ਡੀ.ਐਮ ਨਾਭਾ ਕੰਨੂ ਗਰਗ, ਐਸ.ਡੀ.ਐਮ. ਪਾਤੜਾਂ ਨਵਦੀਪ ਕੁਮਾਰ, ਐਸ.ਡੀ.ਐਮ. ਦੁਧਨਸਾਧਾਂ ਕਿਰਪਾਲਵੀਰ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ ਤੋਂ ਇਲਾਵਾ ਜ਼ਿਲ੍ਹੇ ਦੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਵੀ ਮੌਜੂਦ ਸਨ।