Punjab
ਡਿਪਟੀ ਕਮਿਸ਼ਨਰ ਵੱਲੋਂ ਘਰੇਲੂ ਬਗੀਚੀ ਲਈ ਸਰਦ ਰੁੱਤ ਦੀਆਂ ਸਬਜ਼ੀਆਂ ਦੀਆਂ ਮਿੰਨੀ ਕਿੱਟਾਂ ਜਾਰੀ
ਪਟਿਆਲਾ (ਬਲਜੀਤ ਮਰਵਾਹਾ) : ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਲੋਕਾਂ ਨੂੰ ਵਧੀਆ ਕਿਸਮ ਦੇ ਫ਼ਲ ਅਤੇ ਸਬਜ਼ੀਆਂ ਮੁਹੱਈਆ ਕਰਵਾਉਣ ਲਈ ਬਾਗਬਾਨੀ ਵਿਭਾਗ ਅਹਿਮ ਰੋਲ ਅਦਾ ਕਰ ਰਿਹਾ ਹੈ। ਇਸੇ ਲੜੀ ਤਹਿਤ ਅੱਜ ਸਰਦ ਰੁੱਤ ਦੀਆ ਸਬਜ਼ੀਆਂ ਦੀਆਂ ਮਿੰਨੀ ਕਿੱਟਾਂ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਕੁਮਾਰ ਅਮਿਤ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਜਾਰੀ ਕੀਤੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਅਤੇ ਆਮ ਲੋਕਾਂ ਨੂੰ ਸਬਜ਼ੀਆਂ ਦੇ ਵਧੀਆ ਗੁਣਵੱਤਾ ਦੇ ਬੀਜ ਮੁਹੱਈਆ ਕਰਵਾਉਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਇਸ ਤਹਿਤ ਸਰਦ ਰੁੱਤ ਦੀਆਂ ਸਬਜ਼ੀਆਂ ਦੇ ਬੀਜ ਵਾਜਬ ਕੀਮਤ ਉਪਰ ਮੁਹੱਈਆਂ ਕਰਵਾਏ ਜਾ ਰਹੇ ਹਨ।
ਇਸ ਮੌਕੇ ਸ਼੍ਰੀ ਕੁਮਾਰ ਅਮਿਤ, ਡਿਪਟੀ ਕਮਿਸ਼ਨਰ ਪਟਿਆਲਾ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਘਰੇਲੂ ਬਗੀਚੀ ਵਿਚ ਆਰਗੈਨਿਕ ਤਰੀਕੇ ਨਾਲ ਸਬਜ਼ੀਆਂ ਪੈਦਾ ਕਰ ਕੇ, ਇਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਡਾਕਟਰਾਂ ਅਨੁਸਾਰ ਤੰਦਰੁਸਤ ਰਹਿਣ ਲਈ ਹਰੇਕ ਵਿਅਕਤੀ ਨੂੰ ਰੋਜ਼ਾਨਾ ਘੱਟੋ-ਘੱਟ 300 ਗ੍ਰਾਮ ਸਬਜ਼ੀ ਦੀ ਵਰਤੋਂ ਕਰਨੀ ਚਾਹੀਦੀ ਹੈ।
ਡਿਪਟੀ ਡਾਇਰੈਕਟਰ, ਬਾਗ਼ਬਾਨੀ ਪਟਿਆਲਾ, ਡਾ. ਨਿਰਵੰਤ ਸਿੰਘ ਇਸ ਮੌਕੇ ਦੱਸਿਆ ਕਿ ਇਸ ਕਿੱਟ ਵਿਚ 9 ਕਿਸਮ ਦੇ, ਸਰਦ ਰੁੱਤ ਦੀਆਂ ਸਬਜ਼ੀਆਂ ਦੇ ਪ੍ਰਮਾਣਿਤ ਕਿਸਮ ਦੇ ਬੀਜ ਹਨ। ਬਾਗ਼ਬਾਨੀ ਵਿਭਾਗ ਵੱਲੋ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਕਿੱਟ ਵਿੱਚ ਮੇਥੀ, ਪਾਲਕ, ਧਨੀਆ, ਬਰੋਕਲੀ, ਮੂਲੀ, ਗਾਜਰ, ਸ਼ਲਗਮ, ਸਰੋਂ, ਸਾਗ ਆਦਿ ਦੇ ਵਧੀਆ ਕਿਸਮ ਦੇ ਬੀਜ ਪਾਏ ਗਏ ਹਨ, ਜੋ 6 ਮਰਲਿਆ ਵਿਚ ਬੀਜੇ ਜਾ ਸਕਦੇ ਹਨ ਅਤੇ 7-8 ਜੀਆਂ ਦਾ ਪਰਿਵਾਰ ਸਬਜੀ ਪੈਦਾ ਕਰ ਕੇ ਖਾ ਸਕਦੇ ਹੈ।
ਉਨ੍ਹਾਂ ਦੱਸਿਆ ਕਿ ਇਸ ਕਿੱਟ ਦਾ ਬਹੁਤ ਹੀ ਵਾਜਬ ਕੀਮਤ 90 ਰੁਪਏ ਰੱਖੀ ਗਈ ਹੈ। ਡਾ. ਨਿਰਵੰਤ ਸਿੰਘ ਨੇ ਦੱਸਿਆ ਕਿ ਇਹ ਕਿੱਟਾਂ ਬਾਗ਼ਬਾਨੀ ਵਿਭਾਗ ਦੇ ਬਾਰਾਂਦਰੀ ਬਾਗ਼ ਪਟਿਆਲਾ ਵਿਖੇ ਸਥਿਤ ਦਫਤਰ ਤੋਂ ਇਲਾਵਾ ਬਲਾਕ ਪੱਧਰ ਦੇ ਦਫ਼ਤਰ ਫ਼ਰੂਟ ਨਰਸਰੀ ਪਟਿਆਲਾ, ਸਮਾਣਾ, ਰਾਜਪੁਰਾ ਅਤੇ ਨਾਭਾ ਤੋਂ ਵੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਸ ਮੌਕੇ ਬਾਗ਼ਬਾਨੀ ਵਿਕਾਸ ਅਫ਼ਸਰ ਡਾ. ਕੁਲਵਿੰਦਰ ਸਿੰਘ ਅਤੇ ਸ੍ਰੀਮਤੀ ਨਵਨੀਤ ਕੌਰ ਵੀ ਹਾਜ਼ਰ ਸਨ।