Amritsar
ਪ੍ਰਸ਼ਾਸ਼ਨ ਨੇ ਦਵਾਈਆਂ, ਕਰਿਆਨਾ ਅਤੇ ਸਬਜੀਆਂ ਘਰ-ਘਰ ਪਹੁੰਚਾਉਣ ਦਾ ਕੀਤਾ ਪ੍ਰਬੰਧ

ਵੇਰਕਾ ਤੇ ਅਮੁਲ ਸਵੇਰੇ 5 ਵਜੇ ਤੋਂ ਦੁਪਿਹਰ 2 ਵਜੇ ਤੱਕ ਵੰਡ ਸਕਣਗੇ ਦੁੱਧ
ਅੰਮ੍ਰਿਤਸਰ, 25 ਮਾਰਚ: ਕਰਫਿਊ ਕਾਰਨ ਘਰਾਂ ਵਿਚ ਰਹਿਣ ਲਈ ਮਜ਼ਬੂਰ ਹੋਏ ਲੋਕਾਂ ਨੂੰ ਨਿੱਤ ਵਰਤੋਂ ਦੀਆਂ ਵਸਤਾਂ, ਜਿੰਨਾ ਵਿਚ ਦੁੱਧ, ਦਵਾਈਆਂ, ਕਰਿਆਨਾ, ਸਬਜੀਆਂ ਤੇ ਫਲ ਆਦਿ ਸ਼ਾਮਿਲ ਹਨ, ਨੂੰ ਘਰਾਂ ਵਿਚ ਪਹੁੰਚਾਉਣ ਦੇ ਪ੍ਰਬੰਧ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰ ਦਿੱਤੇ ਗਏ ਹਨ, ਤਾਂ ਜੋ ਲੋਕ ਇਹ ਸਾਮਾਨ ਲੈਣ ਲਈ ਦੁਕਾਨਾਂ ਉਤੇ ਇਕੱਠੇ ਹੋ ਕੇ ਬਿਮਾਰੀ ਨੂੰ ਘਰ ਨਾ ਲੈ ਜਾਣ। ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਵੱਲੋਂ ਕੀਤੇ ਗਏ ਪ੍ਰਬੰਧਾਂ ਤਹਿਤ ਬੁੱਧਵਾਰ ਇਹ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ। ਲੰਮੀ ਯੋਜਨਾਬੰਦੀ ਤੋਂ ਬਾਅਦ ਵੱਖ-ਵੱਖ ਐਸੋਸੀਏਸ਼ਨਾਂ ਨਾਲ ਮੀਟਿੰਗਾਂ ਕਰਕੇ ਇਹ ਪ੍ਰਬੰਧ ਉਲੀਕੇ ਗਏ ਹਨ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਢਿਲੋਂ ਨੇ ਇਸ ਬਾਬਤ ਦੱਸਿਆ ਕਿ ਦੋਧੀ, ਜੋ ਕਿ ਘਰਾਂ ਵਿਚ ਦੁੱਧ ਸਪਲਾਈ ਕਰਦੇ ਹਨ, ਨੂੰ ਪਹਿਲਾਂ ਦੀ ਤਰਾਂ ਹੀ ਘਰਾਂ ਵਿਚ ਦੁੱਧ ਪਹੁੰਚਾਉਣ ਦੀ ਆਗਿਆ ਦੇ ਦਿੱਤੀ ਗਈ ਹੈ, ਪਰ ਇਸ ਲਈ ਸਮਾਂ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਦਾ ਹੀ ਮਿਲੇਗਾ। ਇਸ ਮਗਰੋਂ ਜਾਂ ਇਸ ਤੋਂ ਪਹਿਲਾਂ ਦੋਧੀਆਂ ਨੂੰ ਦੁੱਧ ਦੀ ਸਪਲਾਈ ਦੀ ਆਗਿਆ ਨਹੀਂ ਹੋਵੇਗੀ। ਸਹਿਕਾਰੀ ਸੰਸਥਾਵਾਂ ਵੇਰਕਾ ਤੇ ਅਮੁੱਲ, ਜੋ ਕਿ ਵੱਧ ਸਮਰੱਥਾ ਵਿਚ ਦੁੱਧ ਦੀ ਸਪਲਾਈ ਕਰਦੀਆਂ ਹਨ, ਸਵੇਰੇ 5 ਵਜੇ ਤੋਂ 2 ਵਜੇ ਤੱਕ ਦਾ ਸਮਾਂ ਸਪਲਾਈ ਲਈ ਦਿੱਤਾ ਗਿਆ ਹੈ, ਪਰ ਉਹ ਵੀ ਦੁੱਧ ਮੁਹੱਲਿਆਂ ਵਿਚ ਜਾ ਕੇ ਸਪਲਾਈ ਕਰਨਗੀਆਂ, ਨਾ ਕਿ ਦੁਕਾਨਾਂ ਉਤੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦਵਾਈਆਂ ਦੀ ਸਪਲਾਈ ਯਕੀਨੀ ਬਨਾਉਣ ਲਈ ਅੰਮ੍ਰਿਤਸਰ ਦੀ ਕੈਮਸਿਟ ਐਸੋਸੀਏਸ਼ਨ ਤੋਂ ਸਹਿਯੋਗ ਲਿਆ ਗਿਆ ਹੈ। ਉਨਾਂ ਦੱਸਿਆ ਕਿ ਉਨਾਂ ਵੱਲੋਂ ਦਿੱਤੇ ਫੋਨ ਨੰਬਰ 98144-57140, 98143-36406, 98149-24590 ਅਤੇ 98158-11899 ਉਤੇ ਵੈਟਸ ਐਪ ਕਰਕੇ ਜਾਂ ਫੋਨ ਕਰਕੇ ਸਹਾਇਤਾ ਲਈ ਜਾ ਸਕਦੀ ਹੈ। ਉਕਤ ਨੰਬਰ ਤੋਂ ਤਹਾਨੂੰ ਤੁਹਾਡੇ ਇਲਾਕੇ ਦੀਆਂ ਦਵਾਈਆਂ ਦੀਆਂ ਦੁਕਾਨਾਂ ਦੀ ਸੂਚੀ ਮਿਲੇਗੀ, ਜਿਸ ਉਤੇ ਫੋਨ ਕਰਕੇ ਤੁਸੀਂ ਦਵਾਈਆਂ ਘਰ ਮੰਗਵਾ ਸਕਦੇ ਹੋ। ਦੁਕਾਨਦਾਰਾਂ ਨੂੰ ਦਵਾਈ ਦੁਕਾਨਾਂ ਉਤੇ ਵੇਚਣ ਦੀ ਛੋਟ ਨਹੀਂ ਦਿੱਤੀ ਗਈ।
ਇਸੇ ਤਰਾਂ ਘਰੇਲੂ ਗੈਸ ਐਲ ਪੀ ਜੀ ਦੀ ਸਪਲਾਈ ਪਹਿਲਾਂ ਦੀ ਤਰਾਂ ਲੋਕ ਆਪਣੇ ਘਰ ਤੋਂ ਬੁੱਕ ਕਰਵਾਉਣ ਅਤੇ ਏਜੰਸੀ ਸਿਲੰਡਰ ਘਰ-ਘਰ ਸਵੇਰੇ 10 ਤੋਂ 4 ਵਜੇ ਤੱਕ ਪੁੱਜਦੀ ਕਰਨਗੇ। ਢਿਲੋਂ ਨੇ ਦੱਸਿਆ ਕਿ ਸਬਜੀਆਂ, ਜੋ ਕਿ ਸਾਡੀ ਖੁਰਾਕ ਦਾ ਹਿੱਸਾ ਹਨ, ਦੀ ਸਪਲਾਈ ਲਈ ਐਸ ਡੀ ਐਮ ਆਪਣੇ ਪੱਧਰ ਉਤੇ ਰੇਹੜੀ-ਫੜ ਵਾਲਿਆਂ ਨੂੰ ਗਲੀ-ਮੁਹੱਲਿਆਂ ਵਿਚ ਭੇਜਣਾ ਯਕੀਨੀ ਬਨਾਉਣਗੇ। ਉਨਾਂ ਕਿਹਾ ਕਿ ਇਸ ਲਈ ਵੀ ਜ਼ਰੂਰੀ ਹੈ ਕਿ ਲੋਕ ਰੇਹੜੀ ਦੁਆਲੇ ਇਕੱਠੇ ਨਾ ਹੋਣ ਬਲਕਿ ਆਪਣੇ ਘਰ ਦੇ ਦਰਵਾਜੇ ਵਿਚੋਂ ਹੀ ਇਸ ਦੀ ਖਰੀਦਦਾਰੀ ਕਰਨ।
ਢਿਲੋਂ ਨੇ ਦੱਸਿਆ ਕਿ ਪਸ਼ੂਆਂ ਦੇ ਚਾਰੇ ਦੀ ਸਪਲਾਈ ਲਈ ਸੋਮਵਾਰ ਅਤੇ ਵੀਰਵਾਰ ਦੇ ਦਿਨ ਤੈਅ ਕੀਤੇ ਗਏ ਹਨ ਅਤੇ ਇਸ ਦਿਨ ਹੀ ਚਾਰ ਅਤੇ ਤੂੜੀ ਆਦਿ ਦੇ ਟਾਲ ਖੁੱਲਣਗੇ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਮਾਂ ਅਸਾਨ ਨਹੀਂ ਹੈ, ਪਰ ਇਹ ਵੀ ਯਾਦ ਰੱਖੋ ਕਿ ਜਾਨ ਨਾਲ ਹੀ ਜਹਾਨ ਹੈ। ਇਸ ਵੇਲੇ ਖ਼ਤਰਾ ਸਮੁੱਚੀ ਮਾਨਵਤਾ ਨੂੰ ਹੈ ਅਤੇ ਇਹ ਲੜਾਈ ਜਿੱਤਣ ਲਈ ਘਰਾਂ ਵਿਚ ਰਹਿਣਾ ਜ਼ਰੂਰੀ ਹੈ। ਢਿਲੋਂ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਹਾਂ ਅਤੇ ਸਾਰੇ ਪ੍ਰਬੰਧ ਕਰ ਰਹੇ ਹਾਂ, ਪਰ ਕਿਉਂਕਿ ਇਕ-ਦੋ ਦਿਨ ਇੰਨਾਂ ਵਿਚ ਕਮੀਆਂ ਵੀ ਰਹਿ ਸਕਦੀਆਂ ਹਨ, ਜਿੰਨਾ ਨੂੰ ਦੂਰ ਕਰ ਲਿਆ ਜਾਵੇਗਾ।