Punjab
ਡੇਰਾ ਬਿਆਸ ਦੇ ਨਵੇਂ ਉਤਰਾਧਿਕਾਰੀ ਜਸਦੀਪ ਸਿੰਘ ਗਿੱਲ ਨੂੰ ਮਿਲੀ Z ਸੁਰੱਖਿਆ
ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਲੋਂ ਉਤਰਾਧਿਕਾਰੀ ਐਲਾਨੇ ਗਏ ਹਜ਼ੂਰ ਜਸਦੀਪ ਸਿੰਘ ਗਿੱਲ ਨੂੰ ਜ਼ੈੱਡ (Z) ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਗ੍ਰਹਿ ਵਿਭਾਗ ਵੱਲੋਂ ਹਜ਼ੂਰ ਸਾਹਿਬ ਜਸਦੀਪ ਸਿੰਘ ਗਿੱਲ ਨੂੰ ਜ਼ੈੱਡ ਕੈਟਾਗਰੀ ਦੀ ਸੁਰੱਖਿਆ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਖੁਫੀਆ ਏਜੰਸੀਆਂ ਵਲੋਂ ਮਿਲੀਆਂ ਰਿਪੋਰਟਾਂ ਤੋਂ ਬਾਅਦ ਡੇਰਾ ਬਿਆਸ ਦੇ ਉਤਰਾਧਿਕਾਰੀ ਜਸਦੀਪ ਸਿੰਘ ਗਿੱਲ ਨੂੰ ਸੁਰੱਖਿਆ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਕੁਝ ਸਾਲ ਪਹਿਲਾਂ ਕੈਂਸਰ ਹੋ ਗਿਆ ਸੀ, ਜਿਨ੍ਹਾਂ ਦਾ ਲੰਮਾ ਇਲਾਜ ਚੱਲਿਆ। ਗੁਰਿੰਦਰ ਢਿੱਲੋਂ ਦਿਲ ਦੀ ਬਿਮਾਰੀ ਤੋਂ ਵੀ ਪੀੜਤ ਹਨ। ਦੱਸ ਦੇਈਏ ਕਿ ਪੰਜਾਬ ਦੇ ਅੰਮ੍ਰਿਤਸਰ ਦੇ ਬਿਆਸ ਸਥਿਤ ਡੇਰਾ ਰਾਧਾ ਸੁਆਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਉਤਰਾਧਿਕਾਰੀ ਚੁਣ ਲਿਆ ਸੀ। ਉਨ੍ਹਾਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਵਾਰਿਸ ਨਿਯੁਕਤ ਕੀਤਾ ਹੈ। ਜਸਦੀਪ ਸਿੰਘ ਗਿੱਲ ਕੈਂਬਰਿਜ ਤੋਂ ਕੈਮੀਕਲ ਇੰਜੀਨੀਅਰਿੰਗ ਵਿੱਚ ਡਾਕਟਰੇਟ ਅਤੇ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (IIT) ਦਿੱਲੀ ਦੇ ਸਾਬਕਾ ਵਿਦਿਆਰਥੀ ਹਨ।