Punjab
ਡੇਰਾ ਸਿਰਸਾ ਮੁਖੀ ਦੇ ਕੁੜਮ ਹਰਮੰਦਿਰ ਸਿੰਘ ਜੱਸੀ ਨੇ ਕਾਂਗਰਸ ਤੋਂ ਬਾਗੀ ਹੋ ਕੇ ਆਜ਼ਾਦ ਭਰੇ ਕਾਗਜ਼

ਤਲਵੰਡੀ ਸਾਬੋ: ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਵੱਲੋਂ ਖੁਸ਼ਬਾਜ ਸਿੰਘ ਜਟਾਣਾ ਨੂੰ ਉਮੀਦਵਾਰ ਬਣਾਏ ਜਾਣ ਉਪਰੰਤ ਕਾਂਗਰਸੀ ਟਿਕਟ ਦੇ ਹੀ ਪ੍ਰਮੁੱਖ ਦਾਅਵੇਦਾਰ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਕੁੜਮ ਹਰਮੰਦਿਰ ਸਿੰਘ ਜੱਸੀ ਸਾਬਕਾ ਮੰਤਰੀ ਪੰਜਾਬ ਨੇ ਅੱਜ ਪਾਰਟੀ ਤੋਂ ਬਾਗੀ ਹੁੰਦਿਆਂ ਆਜ਼ਾਦ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਕਾਗਜ਼ ਚੋਣ ਅਧਿਕਾਰੀ ਕੋਲ ਦਾਖਲ ਕਰ ਦਿੱਤੇ ਹਲਕਾ ਤਲਵੰਡੀ ਸਾਬੋ ਤੋਂ ਦੋ ਵਾਰ ਵਿਧਾਇਕ ਰਹੇ ਹਰਮੰਦਿਰ ਸਿੰਘ ਜੱਸੀ ਨੇ ਅੱਜ ਸਥਾਨਕ ਨਗਰ ਕੌਂਸਲ ਦਫਤਰ ਵਿਚ ਐੱਸ.ਡੀ.ਐੱਮ ਕਮ ਚੋਣ ਅਧਿਕਾਰੀ ਅਕਾਸ਼ ਬਾਂਸਲ ਕੋਲ ਆਜ਼ਾਦ ਉੇਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ।
ਜੱਸੀ ਨੇ ਕਿਹਾ ਕਿ ਉਨ੍ਹਾਂ ਨੇ 1985-86 ਵਿਚ ਉਦੋਂ ਕਾਂਗਰਸ ਪਾਰਟੀ ਦਾ ਝੰਡਾ ਫੜਿਆ ਜਦੋਂ ਪਾਰਟੀ ਦਾ ਕੋਈ ਨਾ ਲੈਣ ਲਈ ਤਿਆਰ ਨਹੀਂ ਸੀ ਪਰ ਅੱਜ ਬੜੇ ਦੁਖੀ ਮਨ ਨਾਲ ਮੈਂ ਸਮੱਰਥਕਾਂ ਦੇ ਦਬਾਅ ਕਾਰਨ ਆਜ਼ਾਦ ਤੌਰ ਉਤੇ ਚੋਣ ਮੈਦਾਨ ਵਿੱਚ ਉਤਰ ਰਿਹਾ ਹਾਂ ਕਿਉਂਕਿ ਪਿਛਲੇ ਸਮੇਂ ਵਿੱਚ ਹਲਕੇ ਵਿਚ ਵਿਚਰਦਿਆਂ ਮੈਂ ਗੁੰਡਾਗਰਦੀ ਦੀ ਸਿਖਰ ਦੇਖੀ ਹੈ ਅਤੇ ਇਸ ਗੁੰਡਾਗਰਦੀ ਤੋਂ ਮੈਂ ਹਲਕੇ ਨੂੰ ਨਿਜਾਤ ਦਵਾਉਣ ਲਈ ਲੜਾਈ ਲੜਾਂਗਾ।
ਉਨ੍ਹਾਂ ਨੇ ਪਾਰਟੀ ਲੀਡਰਸ਼ਿਪ ਖਿਲਾਫ ਕੁਝ ਵੀ ਬੋਲਣ ਤੋਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਕਿ ਜਿਸ ਪਾਰਟੀ ਵਿਚ 35-40 ਸਾਲ ਰਿਹਾ ਹਾਂ, ਉਸ ਨੂੰ ਮਾੜੀ ਨਹੀਂ ਕਹਿ ਸਕਦਾ। ਵਾਰ ਵਾਰ ਹਲਕਾ ਬਦਲਣ ਦੇ ਸਵਾਲ ਉਤੇ ਜੱਸੀ ਨੇ ਕਿਹਾ ਕਿ 1992 ਵਿੱਚ ਪਾਰਟੀ ਨੇ ਉਨ੍ਹਾਂ ਨੂੰ ਤਲਵੰਡੀ ਸਾਬੋ ਵਿਚ ਉਮੀਦਵਾਰ ਬਣਾ ਕੇ ਭੇਜਿਆ ਸੀ ਅਤੇ 2007 ਵਿੱਚ ਵੀ ਪਾਰਟੀ ਹਾਈਕਮਾਨ ਨੇ ਉਨ੍ਹਾਂ ਨੂੰ ਬਠਿੰਡਾ ਸ਼ਹਿਰੀ ਤੋਂ ਅਤੇ ਫਿਰ 2014 ਜ਼ਿਮਨੀ ਚੋਣ ਲਈ ਤਲਵੰਡੀ ਸਾਬੋ ਭੇਜਿਆ ਜਦੋਂ ਜ਼ਿਮਨੀ ਚੋਣ ਉਪਰੰਤ ਉਨ੍ਹਾਂ ਨੇ ਹਲਕਾ ਤਲਵੰਡੀ ਸਾਬੋ ਵਿਚ ਰਹਿਣ ਦਾ ਮਨ ਬਣਾਇਆ ਤਾਂ ਪਾਰਟੀ ਨੇ ਫਿਰ 2017 ਦੀ ਚੋਣ ਮੌੜ ਹਲਕੇ ਤੋਂ ਲੜਨ ਦਾ ਹੁਕਮ ਦਿੱਤਾ ਅਤੇ ਉਨ੍ਹਾਂ ਨੇ ਪਾਰਟੀ ਦੇ ਵਫਾਦਾਰ ਸਿਪਾਹੀ ਵਾਂਗ ਹਰ ਹੁਕਮ ਮੰਨਿਆ ਪਰ ਹੁਣ ਟਿਕਟ ਨਾ ਮਿਲਣ ਦੇ ਬਾਵਜ਼ੂਦ ਹਲਕੇ ਦੇ ਹਾਲਾਤ ਦੇਖਣ ਤੋਂ ਬਾਅਦ ਉਨ੍ਹਾਂ ਤਲਵੰਡੀ ਸਾਬੋ ਤੋਂ ਹੀ ਚੋਣ ਲੜਨ ਦਾ ਮਨ ਬਣਾ ਲਿਆ ਹੈ।