Punjab
ਡੀਜੀਪੀ ਪੰਜਾਬ ਵੱਲੋਂ ਵੱਖ ਵੱਖ ਸੂਬਿਆਂ ਦੀ ਪੁਲਿਸ ਅਤੇ ਖੁਫ਼ੀਆ ਏਜੰਸੀਆਂ ਸਰਹੱਦ ਪਾਰੋਂ ਹੋਣ ਵਾਲੀ ਨਸ਼ਾ ਤਸਕਰੀ ਨੂੰ ਠੱਲ੍ਹਣ ਲਈ ਹੋਰ ਤਾਲਮੇਲ ਬਣਾ ਕੇ ਕੰਮ ਕਰਨ ਦਾ ਸੱਦਾ

ਚੰਡੀਗੜ੍ਹ,
ਪੰਜਾਬ ਵਿਧਾਨ ਸਭਾ ਚੋਣਾਂ 2022 ਐਲਾਨੇ ਜਾਣ ਦੇ ਮੱਦੇਨਜ਼ਰ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਵੀ.ਕੇ. ਭਾਵਰਾ ਨੇ ਸੂਬੇ ਵਿੱਚ ਨਸਿ਼ਆਂ ਦੀ ਆਮਦ ਨੂੰ ਠੱਲ੍ਹ ਪਾਉਣ ਲਈ ਵੱਖ ਵੱਖ ਰਾਜਾਂ ਦੀ ਪੁਲਿਸ ਅਤੇ ਖੁਫੀਆ ਏਜੰਸੀਆਂ ਦਰਮਿਆਨ ਵਧੇਰੇ ਤਾਲਮੇਲ ਬਣਾਉਣ ਦੀ ਲੋੜ `ਤੇ ਜ਼ੋਰ ਦਿੱਤਾ। ਜਿ਼ਕਰਯੋਗ ਹੈ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ ਅਤੇ ਵਿਧਾਨ ਸਭਾ ਚੋਣਾਂ 14 ਫਰਵਰੀ, 2022 ਨੂੰ ਹੋਣੀਆਂ ਹਨ, ਜਦ ਕਿ ਨਤੀਜੇ 10 ਮਾਰਚ, 2022 ਨੂੰ ਐਲਾਨੇ ਜਾਣਗੇ।
ਜਿ਼ਕਰਯੋਗ ਹੈ ਡੀਜੀਪੀ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨਸਿ਼ਆਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਕੀਤੀ ਉੱਚ ਪੱਧਰੀ ਤਾਲਮੇਲ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਇਹ ਮੀਟਿੰਗ ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ-ਕਮ-ਰਾਜ ਪੁਲਿਸ ਨੋਡਲ ਅਫਸਰ ਫਾਰ ਇਲੈਕਸ਼ਨਜ਼, ਪੰਜਾਬ ਵੱਲੋਂ ਕਰਵਾਈ ਗਈ ਸੀ। ਏ.ਡੀ.ਜੀ.ਪੀ. ਆਰ.ਐਨ.ਢੋਕੇ ਅਤੇ ਏ.ਡੀ.ਜੀ.ਪੀ ਨਰੇਸ਼ ਅਰੋੜਾ ਵੀ ਮੀਟਿੰਗ ਵਿੱਚ ਮੌਜੂਦ ਸਨ।
ਇਸ ਮੀਟਿੰਗ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ), ਸੀਮਾ ਸੁਰੱਖਿਆ ਬਲ (ਬੀਐਸਐਫ), ਦਿੱਲੀ ਪੁਲਿਸ, ਹਰਿਆਣਾ ਪੁਲਿਸ, ਹਿਮਾਚਲ ਪ੍ਰਦੇਸ਼ ਪੁਲਿਸ, ਰਾਜਸਥਾਨ ਪੁਲਿਸ, ਚੰਡੀਗੜ੍ਹ ਪੁਲਿਸ,ਮੱਧ ਪ੍ਰਦੇਸ਼ ਪੁਲਿਸ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਨੁਮਾਇੰਦਿਆਂ ਨੇ ਭਾਗ ਲਿਆ।ਮੀਟਿੰਗ ਵਿੱਚ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ, ਉੱਤਰਾਖੰਡ ਅਤੇ ਯੂਟੀ ਚੰਡੀਗੜ੍ਹ ਆਦਿ ਰਾਜਾਂ ਦੇ ਮੁੱਖ ਡਰੱਗ ਕੰਟਰੋਲਰਾਂ ਨੇ ਵੀ ਭਾਗ ਲਿਆ।
ਮੀਟਿੰਗ ਦੌਰਾਨ, ਸਾਰੇ ਗੁਆਂਢੀ ਰਾਜਾਂ ਅਤੇ ਏਜੰਸੀਆਂ ਨੇ ਨੋਡਲ ਅਫਸਰ ਨਿਯੁਕਤ ਕਰਨ ਦਾ ਫੈਸਲਾ ਲਿਆ ਹੈ। ਇਹ ਨੋਡਲ ਅਫਸਰ ਨਸ਼ਿਆਂ ਸਬੰਧੀ ਕਿਸੇ ਵੀ ਜਾਣਕਾਰੀ/ਖੁਫੀਆ ਜਾਣਕਾਰੀ ਨੂੰ ਫੌਰੀ ਤੌਰ `ਤੇ ਸਾਂਝਾ ਕਰਨ ਲਈ ਆਪਣੇ ਮੋਬਾਈਲ ਨੰਬਰ ਆਪਸ ਵਿੱਚ ਸਾਂਝੇ ਕਰਨਗੇ ਅਤੇ ਇੱਕ ਵਟਸਐਪ ਗਰੁੱਪ ਵੀ ਬਣਾਉਣਗੇ ਤਾਂ ਜੋ ਨਸਿ਼ਆਂ ਦੇ ਕਾਰੋਬਾਰ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਿਨਾਂ ਸਮਾਂ ਗਵਾਇਆਂ ਕਾਬੂ ਕੀਤਾ ਜਾ ਸਕੇ।
ਸਾਰੇ ਨੁਮਾਇੰਦਿਆਂ ਨੇ ਐਨਡੀਪੀਐਸ ਐਕਟ ਦੇ ਕੇਸਾਂ ਦੇ ਦੋਸ਼ੀ ਭਗੌੜੇ ਅਪਰਾਧੀਆਂ (ਪੀਓ) ਅਤੇ ਪੈਰੋਲ ਜੰਪਰਾਂ ਦੀ ਸੂਚੀ ਸਾਂਝੀ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਬਿਹਤਰ ਤਾਲਮੇਲ ਵਾਲੀ ਕਾਰਵਾਈ ਨੂੰ ਅੰਜਾਮ ਦੇਣ ਲਈ ਨਸਿ਼ਆਂ ਦੀ ਤਸਕਰੀ ਵਿੱਚ ਸ਼ਾਮਲ ਲੋਕਾਂ ਦੇ ਵੇਰਵੇ ਆਪਸ ਵਿੱਚ ਸਾਂਝੇ ਕਰਨ ਦਾ ਵੀ ਫੈਸਲਾ ਕੀਤਾ।
ਐਨਸੀਬੀ ਅਥਾਰਟੀ ਵਲੋਂ ਪੰਜਾਬ ਵਿੱਚ 28 ਟੀਮਾਂ (ਹਰੇਕ ਜਿਲ੍ਹੇ ਵਿੱਚ ਇੱਕ ਟੀਮ) ਪੰਜਾਬ ਪੁਲਿਸ ਨਾਲ ਤਾਲਮੇਲ ਕਰਨ ਲਈ ਤਾਇਨਾਤ ਕੀਤੀ ਜਾਵੇਗੀ ਤਾਂ ਜੋ ਨਸ਼ਿਆਂ ਵਿਰੁੱਧ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾ ਸਕੇ।
ਵੱਖ-ਵੱਖ ਨਸਿ਼ਆਂ ਦੀ ਤਸਕਰੀ ਦੇ ਸਰੋਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਡੀਜੀਪੀ ਨੇ ਪਾਕਿਸਤਾਨ ਵਾਲੇ ਪਾਸਿਓਂ ਆਉਣ ਵਾਲੇ ਕੰਟੇਨਰਾਂ ਵਿੱਚ ਨਸਿ਼ਆਂ ਦੀ ਤਸਕਰੀ ਨੂੰ ਰੋਕਣ ਲਈ ਇੰਟੀਗ੍ਰੇਟਡ ਚੈੱਕ ਪੋਸਟ, ਅਟਾਰੀ ਵਿਖੇ ਚੈਕਿੰਗ ਤੇਜ਼ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਅਤੇ ਗੁਆਂਢੀ ਰਾਜਾਂ ਵਲੋਂ ਅੰਤਰਰਾਜੀ ਸਰਹੱਦਾਂ ਨੂੰ ਸੀਲ ਕਰਨ ਲਈ ਵੀ ਕਿਹਾ। ਉਨ੍ਹਾਂ ਨੇ ਆਈਜੀਪੀ/ਸੀਮਾ ਸੁਰੱਖਿਆ ਬਲ, ਜਲੰਧਰ, ਪੰਜਾਬ ਫਰੰਟੀਅਰ ਨੂੰ ਅੰਤਰਰਾਸ਼ਟਰੀ ਸਰਹੱਦ
ਤੇ ਚੌਕਸੀ ਅਤੇ ਗਸ਼ਤ ਤੇਜ਼ ਕਰਨ ਲਈ ਵੀ ਕਿਹਾ।
ਉਨ੍ਹਾਂ ਨੇ ਗਵਾਲੀਅਰ ਸਥਿਤ ਕੇਂਦਰੀ ਨਾਰਕੋਟਿਕਸ ਬਿਊਰੋ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਖੇਤਰਾਂ ਵਿੱਚ ਭੁੱਕੀ ਅਤੇ ਅਫੀਮ ਦੀ ਗੈਰ-ਕਾਨੂੰਨੀ ਸਪਲਾਈ ਦੀ ਚੈਕਿੰਗ ਨੂੰ ਯਕੀਨੀ ਬਣਾਉਣ, ਜਿੱਥੇ ਖ਼ਸਖਸ ਦੀ ਖੇਤੀ ਕੀਤੀ ਜਾਂਦੀ ਹੈ।ਇਸਦੇ ਨਾਲ ਹੀ ਉੱਤਰੀ ਖੇਤਰ ਦੇ ਮੁੱਖ ਡਰੱਗ ਕੰਟਰੋਲਰਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਨਸ਼ੀਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਸਪਲਾਈ ਰੋਕੀ ਜਾ ਸਕੇ।
ਉਨ੍ਹਾਂ ਐਨਸੀਬੀ ਨੂੰ ਇਹ ਵੀ ਬੇਨਤੀ ਕੀਤੀ ਕਿ ਦੇਸ਼ ਦੇ ਉੱਤਰੀ ਖੇਤਰ ਵਿੱਚ ਤਸਕਰੀ ਦੀ ਜਾਂਚ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਜਾਣ ਤਾਂ ਜੋ ਹਰ ਕਿਸਮ ਦੇ ਨਸਿ਼ਆਂ ਦੀ ਸਪਲਾਈ ਦੀ ਨਿਗਰਾਨੀ ਕਰਨ ਤੋਂ ਇਲਾਵਾ ਐਫੇਡਰਾਈਨ ਅਤੇ ਸੂਡੋਫੈਡਰਾਈਨ ਦੀ ਸਪਲਾਈ ਦੀ ਤਿੱਖੀ ਨਜ਼ਰ ਰੱਖੀ ਜਾ ਸਕੇ।