Connect with us

Punjab

DIG ਭੁੱਲਰ -ਦੌਲਤ ਤੇ ਸ਼ੋਹਰਤ ਤੋਂ ਬਦਨਾਮੀ ਤੱਕ :ਲਾਲਚ ਨੇ ਇਮਾਨ ਤੇ ਇੱਜ਼ਤ ਦੋਵੇਂ ਨਿਗਲ ਲਏ ! 

Published

on

ਇਕ ਸਮਾਂ ਸੀ ਜਦੋਂ ਹਰਚਰਨ ਸਿੰਘ ਭੁੱਲਰ ਦਾ ਨਾਮ ਪੰਜਾਬ ਪੁਲਿਸ ਵਿੱਚ ਇੱਕ ਉੱਚੇ ਤੇ ਮਾਣਯੋਗ ਅਧਿਕਾਰੀ ਵਜੋਂ ਜਾਣਿਆ ਜਾਂਦਾ ਸੀ। ਸਾਬਕਾ ਪੁਲਿਸ ਮੁਖੀ ਮਹਿਲ ਸਿੰਘ ਭੁੱਲਰ ਦਾ ਪੁੱਤਰ ਹੋਣ ਕਾਰਨ ਉਸਨੂੰ ਬਚਪਨ ਤੋਂ ਹੀ ਸ਼ਾਨਦਾਰ ਪਰਿਵਾਰਕ ਮਾਹੌਲ, ਪੜ੍ਹਾਈ ਤੇ ਪ੍ਰਭਾਵਸ਼ਾਲੀ ਸੰਪਰਕ ਮਿਲੇ। 2007 ਵਿੱਚ ਗ੍ਰਹਿ ਮੰਤਰਾਲੇ ਨੇ ਉਸਨੂੰ ਪੀ.ਪੀ.ਐਸ ਤੋਂ ਸਿੱਧਾ ਆਈ.ਪੀ.ਐਸ ਬਣਾ ਦਿੱਤਾ — ਇਹ ਆਪਣੇ ਆਪ ਵਿੱਚ ਇੱਕ ਮਾਣ ਵਾਲੀ ਗੱਲ ਸੀ।

ਪਰ ਜੋ ਵਿਅਕਤੀ ਕਦੇ ਇਜ਼ਤ ਦਾ ਪ੍ਰਤੀਕ ਮੰਨਿਆ ਜਾਂਦਾ ਸੀ, ਉਹ ਅੱਜ ਭ੍ਰਿਸ਼ਟਾਚਾਰ ਦਾ ਚਿਹਰਾ ਬਣ ਗਿਆ ਹੈ। ਸੀ.ਬੀ.ਆਈ. ਨੇ 16 ਅਕਤੂਬਰ ਨੂੰ ਰੋਪੜ ਰੇਂਜ ਦੇ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ।ਇਹ ਰਿਸ਼ਵਤ ਕਿਸੇ ਛੋਟੇ ਜਿਹੇ ਮਾਮਲੇ ਲਈ ਨਹੀਂ ਸੀ — ਸਗੋਂ ਮੰਡੀ ਗੋਬਿੰਦਗੜ੍ਹ ਦੇ ਸਕ੍ਰੈਪ ਵਪਾਰੀ ਆਕਾਸ਼ ਬੱਤਾ ਨਾਲ ਇੱਕ ਪੂਰਾ “ਮਹੀਨਾਵਾਰ ਡੀਲ” ਤਹਿ ਕੀਤੀ ਗਈ ਸੀ।

ਸੀ.ਬੀ.ਆਈ. ਦੇ ਅਨੁਸਾਰ, ਭੁੱਲਰ ਨੇ ਆਕਾਸ਼ ਬੱਤਾ ਨਾਲ 8 ਲੱਖ ਰੁਪਏ ਪ੍ਰਤੀ ਮਹੀਨਾ ਰਿਸ਼ਵਤ ਦੀ ਗੱਲ ਕੀਤੀ ਸੀ ਤਾਂ ਜੋ ਉਸ ਖ਼ਿਲਾਫ਼ ਦਰਜ ਐੱਫ.ਆਈ.ਆਰ. “ਸੈਟਲ” ਕੀਤੀ ਜਾ ਸਕੇ ਅਤੇ ਗੈਰਕਾਨੂੰਨੀ ਕਾਰੋਬਾਰ ਨਿਡਰ ਹੋ ਕੇ ਚੱਲਦਾ ਰਹੇ।

ਪਰ ਕਿਸਮਤ ਦਾ ਖੇਡ ਦੇਖੋ — ਜਿਸ ਵਿਅਕਤੀ ਨੇ ਸਾਲਾਂ ਤੱਕ ਹੋਰਨਾਂ ਨੂੰ ਕਾਨੂੰਨ ਦੇ ਲੈਕਚਰ ਦਿੱਤੇ, ਉਹ ਆਪ ਕਾਨੂੰਨ ਦੇ ਜਾਲ ਵਿਚ ਫਸ ਗਿਆ।
ਸੀ.ਬੀ.ਆਈ. ਨੇ ਉਸਨੂੰ ਟ੍ਰੈਪ ਲਗਾ ਕੇ ਰੰਗੇ ਹੱਥੀਂ ਫੜ ਲਿਆ।

ਉਸਦੇ ਖਾਸ ਬੰਦੇ ਕ੍ਰਿਸ਼ਨ ਰਾਹੀਂ ਰਿਸ਼ਵਤ ਦੀ ਡੀਲ ਤਹਿ ਕੀਤੀ ਗਈ ਸੀ — ਅਤੇ ਜਦੋਂ ਪੈਸੇ ਹੱਥ ਆਏ, ਕਾਨੂੰਨ ਨੇ ਉਸਦਾ ਗਲਾ ਫੜ ਲਿਆ।
ਸੀ.ਬੀ.ਆਈ. ਦੀ ਛਾਪੇਮਾਰੀ ਨੇ ਸਭ ਕੁਝ ਬੇਨਕਾਬ ਕਰ ਦਿੱਤਾ।

ਭੁੱਲਰ ਦੇ ਵੱਖ-ਵੱਖ ਠਿਕਾਣਿਆਂ ਤੋਂ ਸੱਤ ਕਰੋੜ ਰੁਪਏ ਨਕਦ, ਦੋ ਕਿਲੋ ਸੋਨਾ, ਚਾਲੀ ਲਿਟਰ ਮਹਿੰਗੀ ਸ਼ਰਾਬ, ਲਗਜ਼ਰੀ ਕਾਰਾਂ, ਕੀਮਤੀ ਘੜੀਆਂ, ਪਿਸਤੌਲ ਤੇ ਬੰਦੂਕਾਂ ਅਤੇ ਬੇਹਿਸਾਬ ਕੀਮਤੀ ਸਮਾਨ ਬਰਾਮਦ ਕੀਤਾ ਗਿਆ।

ਇਸ ਤੋਂ ਇਲਾਵਾ, ਫਾਰਮ ਹਾਊਸ, ਫਲੈਟ ਤੇ ਜ਼ਮੀਨਾਂ ਦਾ ਜਾਲ ਉਸਦੀ ਦੌਲਤ ਦੀ ਹੱਦ ਦਰਸਾਉਂਦਾ ਹੈ —
ਜਲੰਧਰ ਦੇ ਕੋਟ ਕਲਾਂ ਵਿੱਚ ਛੇ ਕਨਾਲ ਦਾ ਫਾਰਮ ਹਾਊਸ,
ਚੰਡੀਗੜ੍ਹ ਸੈਕਟਰ 39 ਵਿੱਚ ਫਲੈਟ, ਸੈਕਟਰ 40 ਬੀ ਵਿੱਚ ਕੋਠੀ,
ਮੋਹਾਲੀ ਤੇ ਲੁਧਿਆਣਾ ਵਿੱਚ ਜ਼ਮੀਨ ਤੇ ਘਰ,
ਅਤੇ ਕਪੂਰਥਲਾ ਦੇ ਖਾਜੁਰਾਲਾ ਵਿੱਚ ਜਾਇਦਾਦ —
ਇਹ ਸਭ ਕੁਝ ਦੱਸਦਾ ਹੈ ਕਿ ਕਾਨੂੰਨ ਦੇ ਰਖਵਾਲੇ ਨੇ ਕਾਨੂੰਨ ਨੂੰ ਹੀ ਚਕਮਾ ਦੇ ਕੇ ਅਮੀਰੀ ਦੀਆਂ ਮੀਨਾਰਾਂ ਖੜ੍ਹੀਆਂ ਕਰ ਲਈਆਂ।
ਪਰ ਆਖਿਰਕਾਰ ਉਹ ਮੀਨਾਰਾਂ ਢਹਿ ਗਈਆਂ —
ਅਤੇ ਪਿੱਛੇ ਰਹਿ ਗਿਆ ਕੇਵਲ ਬਦਨਾਮੀ ਦਾ ਅੰਧੇਰਾ।
ਸ਼ੋਹਰਤ ਤੋਂ ਬਦਨਾਮੀ ਤੱਕ
ਹਰਚਰਨ ਸਿੰਘ ਭੁੱਲਰ ਨੇ 2027 ਵਿੱਚ ਸੇਵਾ ਮੁਕਤ ਹੋਣਾ ਸੀ।
ਇਕ ਇੱਜ਼ਤ ਨਾਲ ਭਰਪੂਰ ਰਿਟਾਇਰਮੈਂਟ ਦੀ ਥਾਂ ਹੁਣ ਉਸਦਾ ਨਾਮ ਭ੍ਰਿਸ਼ਟਾਚਾਰ ਦੇ ਪਾਠਾਂ ਵਿੱਚ ਉਦਾਹਰਣ ਵਜੋਂ ਪੜ੍ਹਾਇਆ ਜਾਵੇਗਾ।
ਇਹ ਕੇਸ ਸਿਰਫ਼ ਇੱਕ ਵਿਅਕਤੀ ਦੀ ਗਿਰਾਵਟ ਨਹੀਂ
ਇਹ ਸਿਸਟਮ ਦੀ ਅਸਲੀ ਤਸਵੀਰ ਹੈ ਜਿੱਥੇ ਮਾਇਆ ਦਾ ਮੋਹ ਇਮਾਨ ਤੋਂ ਵੱਡਾ ਹੋ ਗਿਆ ਹੈ।
ਜਿੱਥੇ ਤਨਖ਼ਾਹ ਤੇ ਸ਼ਾਨਦਾਰ ਜੀਵਨ ਮਿਲਣ ਦੇ ਬਾਵਜੂਦ ਮਨੁੱਖ ਦਾ ਢਿੱਡ ਨਹੀਂ ਭਰਦਾ।
ਹਰਚਰਨ ਸਿੰਘ ਭੁੱਲਰ ਦਾ ਇਹ ਹਸ਼ਰ ਹਰ ਸਰਕਾਰੀ ਅਧਿਕਾਰੀ ਲਈ ਇੱਕ ਸਬਕ ਹੈ।
ਜਦੋਂ “ਲਾਲਚ” ਦਿਲ ਵਿੱਚ ਘੁੱਸ ਜਾਂਦਾ ਹੈ, ਤਾਂ “ਈਮਾਨ” ਬਾਹਰ ਨਿਕਲ ਜਾਂਦਾ ਹੈ।
ਪੈਸੇ ਦੀ ਭੁੱਖ ਅਜਿਹੀ ਬਲਾ ਹੈ ਜੋ ਇੱਜ਼ਤ, ਮਾਣ ਤੇ ਸ਼ੋਹਰਤ ਤਿੰਨੇ ਚੀਜ਼ਾਂ ਖਾ ਜਾਂਦੀ ਹੈ।
ਇੱਕ ਪਿਤਾ ਜਿਸਨੇ ਆਪਣੀ ਸਾਰੀ ਜ਼ਿੰਦਗੀ ਪੁਲਿਸ ਦੀ ਇੱਜ਼ਤ ਬਣਾਈ — ਉਸਦਾ ਪੁੱਤਰ ਅੱਜ ਉਸੇ ਇਜ਼ਤ ਨੂੰ ਮਿੱਟੀ ਵਿੱਚ ਮਿਲਾ ਗਿਆ।
ਇਹ ਕੇਵਲ ਭੁੱਲਰ ਪਰਿਵਾਰ ਦੀ ਨਹੀਂ, ਸਗੋਂ ਪੂਰੇ ਸਿਸਟਮ ਦੀ ਹਾਰ ਹੈ।

ਅਖੀਰ ਵਿੱਚ ਇਹੀ ਸੱਚ ਹੈ:

  • ਸ਼ੋਹਰਤ ਕਾਗਜ਼ ਤੇ ਲਿਖੀ ਜਾ ਸਕਦੀ ਹੈ,
  • ਪਰ ਕਿਰਦਾਰ ਦਿਲਾਂ ਵਿੱਚ ਬਣਦਾ ਹੈ।
  • ਅਤੇ ਜਦੋਂ ਕਿਰਦਾਰ ਡਿੱਗ ਜਾਏ
  • ਤਾਂ ਕੋਈ ਅਹੁਦਾ, ਕੋਈ ਦੌਲਤ, ਕੋਈ ਪਦਵੀ ਇੱਜ਼ਤ ਨਹੀਂ ਬਚਾ ਸਕਦੀ।

 

ਕੁਲਵੰਤ ਸਿੰਘ ਗੱਗੜਪੁਰੀ